ਅਪਰਾਧਸਿਆਸਤਖਬਰਾਂ

ਹਿੰਦੂ ਆਪਣਾ ਧਰਮ ਛੱਡਣ ਜਾਂ ਪਾਕਿਸਤਾਨ ਦੇ ਲੱਗੇ ‘ਪੋਸਟਰ’

ਗੁਰਦਾਸਪੁਰ-ਸਰਹੱਦ ਪਾਰੋਂ ਆਏ ਸੂਤਰਾਂ ਅਨੁਸਾਰ ਸਿੰਧ ਸੂਬੇ ’ਚ ਹਿੰਦੂ ਨਾਬਾਲਗ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਵਿਆਹ ਕਰਵਾਉਣ ਦੀ ਰਵਾਇਤ ਖ਼ਿਲਾਫ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਅੱਜ ਸਵੇਰੇ ਜਦੋਂ ਸਿੰਧ ਸੂਬੇ ਦੇ ਲੋਕ ਸੌਂ ਕੇ ਉੱਠੇ ਤਾਂ ਉਨ੍ਹਾਂ ਨੂੰ ਜ਼ਿਆਦਾਤਰ ਕਸਬਿਆਂ ’ਚ ਪੋਸਟਰ ਲੱਗੇ ਮਿਲੇ, ਜਿਨ੍ਹਾਂ ’ਤੇ ਲਿਖਿਆ ਸੀ ਕਿ ਪਾਕਿਸਤਾਨ ਹਿੰਦੂ ਦੇਸ਼ ਨਹੀਂ ਹੈ ਅਤੇ ਜਦ ਹਿੰਦੂ ਫਿਰਕੇ ਦੇ ਲੋਕ ਪਾਕਿਸਤਾਨ ਵਿਚ ਰਹਿਣਾ ਚਾਹੁੰਦੇ ਹਨ ਤਾਂ ਆਪਣਾ ਧਰਮ ਛੱਡਣ ਜਾਂ ਪਾਕਿਸਤਾਨ ਛੱਡ ਕੇ ਚਲੇ ਜਾਣ।
ਬੀਤੇ ਦਿਨ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਮੁਸਲਿਮ ਲੋਕਾਂ ਨੇ ਵੀ ਹਿੰਦੂਆਂ ਦਾ ਧਰਮ ਪਰਿਵਰਤਨ ਕਰਨ ਦੀ ਮਸ਼ੀਨ ਵਜੋਂ ਕੰਮ ਕਰ ਰਹੇ ਮੌਲਵੀ ਮੀਆਂ ਮਿੱਠੂ ਨੂੰ ਸਿੰਧ ਸੂਬੇ ’ਚੋਂ ਕੱਢਣ ਦੀ ਮੰਗ ਕੀਤੀ ਪਰ ਅੱਜ ਜਿਸ ਤਰ੍ਹਾਂ ਹਿੰਦੂਆਂ ਨੂੰ ਧਰਮ ਬਦਲਣ ਜਾਂ ਪਾਕਿਸਤਾਨ ਛੱਡਣ ਲਈ ਕਹਿਣ ਵਾਲੇ ਪੋਸਟਰ ਨਜ਼ਰ ਆ ਰਹੇ ਹਨ, ਉਸ ਨਾਲ ਉਨ੍ਹਾਂ ਅੰਦਰ ਡਰ ਦਾ ਮਾਹੌਲ ਪੈਦਾ ਹੋਣਾ ਸੁਭਾਵਿਕ ਹੈ ਕਿਉਂਕਿ ਪੋਸਟਰਾਂ ’ਚ ਧਰਮ ਬਦਲਣ ਜਾਂ ਪਾਕਿਸਤਾਨ ਛੱਡਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।
ਭਾਵੇਂ ਹਿੰਦੂ ਭਾਈਚਾਰੇ ਦੇ ਲੋਕ ਇਹ ਨਾਅਰੇ 1947 ਤੋਂ ਸੁਣਦੇ ਆ ਰਹੇ ਹਨ ਪਰ ਪਹਿਲੀ ਵਾਰ ਪੋਸਟਰ ਲਗਾ ਕੇ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੂੰ ਜਿਵੇਂ ਹੀ ਇਨ੍ਹਾਂ ਪੋਸਟਰਾਂ ਦੇ ਲਗਾਏ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਸਵੇਰੇ ਹੀ ਇਨ੍ਹਾਂ ਪੋਸਟਰਾਂ ਨੂੰ ਹਟਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ।
ਪਾਕਿਸਤਾਨ ਦੇ ਇਕ ਹਿੰਦੂ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੇ ਭਰੋਸੇ ’ਤੇ ਦੱਸਿਆ ਕਿ ਅਸੀਂ ਪਾਕਿਸਤਾਨ ’ਚ ਹਿੰਦੂਆਂ ਖਿਲਾਫ਼ ਬਹੁਤ ਘਿਨਾਉਣੀਆਂ ਘਟਨਾਵਾਂ ਦੇਖੀਆਂ ਹਨ, ਜਿਸ ਤਰੀਕੇ ਨਾਲ ਹਿੰਦੂ ਕੁੜੀਆਂ ਨੂੰ ਅਗਵਾ, ਧਰਮ ਪਰਿਵਰਤਨ ਅਤੇ ਅਗਵਾਕਾਰਾਂ ਨਾਲ ਵਿਆਹ ਕੀਤਾ ਜਾ ਰਿਹਾ ਹੈ, ਇਹ ਪਾਕਿਸਤਾਨ ਦੇ ਚਿਹਰੇ ’ਤੇ ਕਲੰਕ ਹੈ ਪਰ ਇਹ ਵੀ ਸੱਚ ਹੈ ਕਿ ਪਾਕਿਸਤਾਨ ਦੇ ਕੱਟੜਪੰਥੀ ਉਦੋਂ ਤੱਕ ਚੁੱਪ ਨਹੀਂ ਬੈਠਣਗੇ, ਜਦੋਂ ਤੱਕ ਪਾਕਿਸਤਾਨ ’ਚ ਰਹਿ ਰਹੇ ਆਖ਼ਰੀ ਹਿੰਦੂ ਦਾ ਧਰਮ ਪਰਿਵਰਤਨ ਨਹੀਂ ਹੋ ਜਾਂਦਾ। ਅੱਜ ਦੇ ਪੋਸਟਰ ਵੀ ਹਿੰਦੂ ਭਾਈਚਾਰੇ ਨੂੰ ਡਰਾਉਣ ਅਤੇ ਧਰਮ ਪਰਿਵਰਤਨ ਲਈ ਮਜਬੂਰ ਕਰਨ ਤੋਂ ਵੱਧ ਕੁਝ ਨਹੀਂ ਹਨ। ਸੁਰੱਖਿਆ ਏਜੰਸੀਆਂ ਸਾਡੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹਨ।
ਇਕ ਹੋਰ ਹਿੰਦੂ ਵਪਾਰੀ ਨੇ ਕਿਹਾ ਕਿ ਅਸੀਂ ਪਾਕਿਸਤਾਨ ’ਚ ਪੂਰੀ ਤਰ੍ਹਾਂ ਅਸੁਰੱਖਿਅਤ ਹਾਂ, ਸਾਨੂੰ ਲੁੱਟਿਆ ਜਾਂਦਾ ਹੈ, ਪਾਕਿਸਤਾਨ ’ਚ ਰਹਿਣ ਲਈ ਸਾਡੇ ਤੋਂ ਜਬਰੀ ਪੈਸੇ ਲਏ ਜਾਂਦੇ ਹਨ। ਸਰਕਾਰ ’ਚ ਬੈਠੇ ਲੋਕ ਸਾਡੀ ਆਵਾਜ਼ ਸੁਣਨ ਨੂੰ ਤਿਆਰ ਨਹੀਂ ਹਨ। ਦਿਨ-ਦਿਹਾੜੇ ਸਾਡੇ ਮੰਦਰਾਂ ’ਤੇ ਹਮਲੇ ਅਤੇ ਭੰਨ-ਤੋੜ ਕੀਤੀ ਜਾ ਰਹੀ ਹੈ ਪਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਦੋਂ ਅਸੀਂ ਆਪਣੀ ਆਵਾਜ਼ ਉਠਾਉਂਦੇ ਹਾਂ, ਤਾਂ ਸਾਨੂੰ ਈਸ਼ਨਿੰਦਾ ਕਾਨੂੰਨ ਤਹਿਤ ਫਸਾਇਆ ਜਾਂਦਾ ਹੈ ਅਤੇ ਈਸ਼ਨਿੰਦਾ ਕਾਨੂੰਨ ਤਹਿਤ ਮੌਤ ਦੀ ਸਜ਼ਾ ਦੀ ਵਿਵਸਥਾ ਹੈ। ਪਿਛਲੇ 75 ਸਾਲਾਂ ’ਚ ਸਾਡੇ ਨਾਲ ਕੁਝ ਨਹੀਂ ਹੋਇਆ ਅਤੇ ਭਵਿੱਖ ’ਚ ਵੀ ਪਾਕਿਸਤਾਨ ਵਿਚ ਹਿੰਦੂਆਂ ਦਾ ਸੁਧਾਰ ਹੋਣਾ ਸੰਭਵ ਨਹੀਂ ਜਾਪਦਾ।

Comment here