ਸਿਆਸਤਖਬਰਾਂਚਲੰਤ ਮਾਮਲੇ

ਹਿੰਦੂਆਂ ਦੀ ਅਣਦੇਖੀ ਕਾਂਗਰਸ ਨੂੰ ਭਾਰੀ ਪਊ

ਸਿੱਧੂ ਨੇ ਆਪਣੀ ਸਲਾਹਕਾਰ ਟੀਮ ਬਣਾਈ

ਜਲੰਧਰ – ਚੱਲ ਰਹੇ ਚੋਣ ਵਰੇ ਵਿੱਚ ਪੰਜਾਬ ਚ ਇਸ ਵਾਰ ਜਾਤ ਤੇ ਧਰਮ ਦਾ ਮੁੱਦਾ ਉਭਰ ਰਿਹਾ ਹੈ, ਦਲਿਤ ਉਪ ਮੁਖ ਮੰਤਰੀ, ਮੁੱਖ ਮੰਤਰੀ ਤੋਂ ਬਾਅਦ ਹਿੰਦੂ ਮੁੱਖ ਮੰਤਰੀ ਦਾ ਮੁੱਦਾ ਉਭਰਿਆ, ਹੁਣ ਚਰਚਾ ਹੋ ਰਹੀ ਹੈ ਕਿ ਹਿੰਦੂ ਵੋਟ ਬੈਂਕ ਨੂੰ ਵਰਤਣ ਤੱਕ ਸੀਮਤ ਰੱਖਣ ਤੇ ਅਣਦੇਖੀ ਕਰਨ ਦੇ ਸੱਤਾ ਧਾਰੀ ਕਾਂਗਰਸ ਤੇ ਦੋਸ਼ ਲੱਗੇ ਹਨ। ਸਿਆਸੀ ਸਮੀਖਿਅਕ ਕਹਿ ਰਹੇ ਹਨ ਕਿ ਪੰਜਾਬ ’ਚ ਸਿੱਖਾਂ ਤੋਂ ਬਾਅਦ ਹਿੰਦੂ ਸਭ ਤੋਂ ਵੱਡਾ ਵੋਟ ਬੈਂਕ ਹੈ ਪਰ ਕਾਂਗਰਸ ’ਤੇ ਦੋਸ਼ ਹੈ ਕਿ ਪਾਰਟੀ ’ਚ ਹਿੰਦੂਆਂ ਨੂੰ ਲਗਾਤਾਰ ਅਣਦੇਖਿਆਂ ਕੀਤਾ ਜਾਂਦਾ ਰਿਹਾ ਹੈ। ਸੂਬੇ ਦੀ 39 ਫੀਸਦੀ ਆਬਾਦੀ ਹਿੰਦੂ ਵਰਗ ਨਾਲ ਸਬੰਧਤ ਹੈ। 117 ਵਿਧਾਨ ਸਭਾ ਹਲਕਿਆਂ ’ਚੋਂ 65 ਦੇ ਲਗਭਗ ਸ਼ਹਿਰੀ ਇਲਾਕਿਆਂ ’ਚ ਹਿੰਦੂ ਵੱਡੀ ਗਿਣਤੀ ’ਚ ਹਨ। ਸੂਬੇ ’ਚ 1 ਕਰੋੜ ਤੋਂ ਵੱਧ ਦੀ ਆਬਾਦੀ ਹੋਣ ਦੇ ਬਾਵਜੂਦ ਵੀ ਕਾਂਗਰਸ ’ਚ ਅਕਸਰ ਹਿੰਦੂਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਅਨੁਸਾਰ ਤਵੱਜੋਂ ਨਹੀਂ ਮਿਲਦੀ ਆ ਰਹੀ ਹੈ। ਕਾਂਗਰਸ ਦੇ ਸੀਨੀਅਰ ਹਿੰਦੂ ਨੇਤਾਵਾਂ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਦੇ ਪਿਛਲੇ ਸਾਢੇ 4 ਸਾਲਾਂ ਤੋਂ ਬਣੇ ਆ ਰਹੇ ਮੌਜੂਦਾ ਹਾਲਾਤਾਂ ’ਚ ਉਨ੍ਹਾਂ ਨੂੰ ਅਣਦੇਖਿਆਂ ਕਰਨਾ ਪਾਰਟੀ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਹਾਲਾਂਕਿ 10 ਸਾਲਾਂ ਤੱਕ ਸੱਤਾ ਦਾ ਬਨਵਾਸ ਕੱਟ ਕੇ ਕਾਂਗਰਸ ਨੇ ਸਾਲ 2017 ’ਚ ਮੁੜ ਸੂਬੇ ਦੀ ਕਮਾਨ ਸੰਭਾਲੀ। ਕਾਂਗਰਸ ਨੂੰ ਸ਼ਹਿਰਾਂ ਨਾਲ ਸਬੰਧਤ ਸੀਟਾਂ ਜਿਤਾਉਣ ’ਚ ਹਿੰਦੂ ਵਰਗ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੀ। ਉਂਝ ਤਾਂ ਕੈਪਟਨ-ਸਿੱਧੂ ਟਕਰਾਅ ’ਚ ਮੁੱਖ ਮੰਤਰੀ ਨੇ ਵੀ ਸਿੱਧੂ ਦੇ ਪ੍ਰਧਾਨ ਦੀ ਕੁਰਸੀ ਵੱਲ ਵਧਦੇ ਕਦਮਾਂ ਨੂੰ ਰੋਕਣ ਲਈ ਹਿੰਦੂ ਕਾਰਡ ਖੇਡਦੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਵਾਂ ਦੀ ਚਰਚਾ ਛੇੜੀ, ਉੱਧਰ ਆਪਣੇ ਮੁਕਾਬਲੇਬਾਜ਼ ਮੰਨੇ ਜਾਂਦੇ ਅਸ਼ਵਨੀ ਸੇਖੜੀ ਨੂੰ ਬਿਨਾਂ ਸ਼ਰਤ ਸਮਰਥਨ ਦਿੰਦੇ ਹੋਏ ਉਨ੍ਹਾਂ ਦਾ ਨਾਂ ਵੀ ਪ੍ਰਧਾਨ ਅਹੁਦੇ ਲਈ ਹਾਈ ਕਮਾਨ ਦੇ ਸਾਹਮਣੇ ਪੇਸ਼ ਕੀਤਾ। ਕੈਪਟਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਦੀ ਪ੍ਰਧਾਨਗੀ ’ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਹੁਣ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦੋਵੇਂ ਮਹੱਤਵਪੂਰਨ ਅਹੁਦੇ ਜੱਟ ਬਿਰਾਦਰੀ ਦੇ ਹੱਥਾਂ ’ਚ ਆ ਗਏ ਹਨ, ਜਿਸ ਤੋਂ ਬਾਅਦ ਸੂਬੇ ਦੇ ਹਿੰਦੂ ਵਰਗ ’ਚ ਅੰਦਰਖਾਤੇ ਰੋਸ ਫੈਲ ਗਿਆ ਹੈ ਅਤੇ ਕਾਂਗਰਸ ਦੇ ਹਿੰਦੂ ਵਿਰੋਧੀ ਹੋਣ ਦੀ ਭਾਵਨਾ ਨੂੰ ਬਲ ਮਿਲਿਆ ਹੈ। ਬੇਸ਼ੱਕ ਸਿੱਧੂ ਪ੍ਰਧਾਨਗੀ ਹਾਸਲ ਕਰਨ ਦੀ ਲੜਾਈ ’ਚ ਬਾਜ਼ੀ ਮਾਰਨ ’ਚ ਸਫਲ ਰਹੇ ਪਰ ਕਾਰਜਭਾਰ ਸੰਭਾਲਣ ਦੇ ਬਾਅਦ ਤੋਂ ਉਹ ਅਜੇ ਤੱਕ ਹਿੰਦੂ ਵਰਗ ਦੀ ਨਬਜ਼ ਫੜਨ ’ਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ। ਸਿੱਧੂ ਨੇ ਬੜੀ ਬੇਬਾਕੀ ਤੇ ਜਾਣੇ-ਪਛਾਣੇ ਅੰਦਾਜ਼ ਨਾਲ ਹਾਈਕਮਾਨ ਵੱਲੋਂ ਸੌਂਪੇ 18 ਸੂਤਰੀ ਏਜੰਡੇ ’ਚੋਂ ਬਰਗਾੜੀ ਕਾਂਡ, ਬਿਜਲੀ ਸਮਝੌਤਿਆਂ ਸਮੇਤ 5 ਸੂਤਰੀ ਪ੍ਰਮੁੱਖ ਕੰਮਾਂ ਦਾ ਏਜੰਡਾ ਮੁੱਖ ਮੰਤਰੀ ਦੇ ਸਾਹਮਣੇ ਪੇਸ਼ ਕੀਤਾ ਪਰ ਉਹ ਅਜੇ ਤੱਕ ਸ਼ਹਿਰੀ ਤੇ ਹਿੰਦੂ ਵਰਗ ਦੀ ਆਵਾਜ਼ ਨਹੀਂ ਬਣ ਸਕੇ ਹਨ। ਸਿੱਧੂ ਨੇ ਸੂਬੇ ਦੀ ਬੰਦ ਹੁੰਦੀ ਇੰਡਸਟਰੀ, ਟਰੇਡ ਅਤੇ ਵਪਾਰ ਦੇ ਹਾਲਾਤ ’ਤੇ ਚੁੱਪ ਧਾਰ ਰੱਖੀ ਹੈ। ਓਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਹਿੰਦੂ ਕੇਡਰ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਅਸ਼ਵਨੀ ਸੇਖੜੀ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦਾ ਚੇਅਰਮੈਨ ਬਣਾ ਕੇ ਪਾਰਟੀ ਨਾਲੋਂ ਲਗਾਤਾਰ ਦੂਰ ਕੀਤੇ ਜਾ ਰਹੇ ਹਿੰਦੂ ਨੇਤਾਵਾਂ ਵਿਚ ਇਕ ਉਮੀਦ ਜਗਾਈ ਹੈ ਕਿ ਸ਼ਾਇਦ ਹੁਣ ਕਾਂਗਰਸ ਵਿਚ ਸੇਖੜੀ ਵਾਂਗ ਉਨ੍ਹਾਂ ਨੂੰ ਵੀ ਮਾਣ-ਸਨਮਾਨ ਮਿਲੇਗਾ। ਫਿਲਹਾਲ ਇਸ ਬਾਰੇ ਵੀ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕੈਪਟਨ ਖੇਮੇ ਚ ਸਿੱਧੂ ਲਗਾਤਾਰ ਸੰਨ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਿੱਧੂ ਨੇ ਬਣਾਈ ਆਪਣੀ ਟੀਮ

ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਇਹ ਨਵੀਂ ਟੀਮ ਨਵਜੋਤ ਸਿੱਧੂ ਦੇ ਸਲਾਹਕਾਰ ਦੇ ਤੌਰ ’ਤੇ ਕੰਮ ਕਰੇਗੀ। ਇਸ ਦੀ ਜਾਣਕਾਰੀ ਖ਼ੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਸਿੱਧੂ ਨੇ ਆਖਿਆ ਹੈ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਹੁੰਦਿਆਂ ਮੈਂ ਵਿਦਵਤਾ ਭਰਪੂਰ ਸਲਾਹ-ਮਸ਼ਵਰੇ ਲਈ ਚਾਰ ਸਲਾਹਕਾਰ ਤੁਰੰਤ ਪ੍ਰਭਾਵ ਨਾਲ ਨਿਯੁਕਤ ਕਰਦਾ ਹਾਂ। ਡਾ. ਅਮਰ ਸਿੰਘ (ਮੈਂਬਰ ਲੋਕ ਸਭਾ), ਮੁਹੰਮਦ ਮੁਸਤਫ਼ਾ (ਸਾਬਕਾ ਡੀ.ਜੀ.ਪੀ.), ਮਾਲਵਿੰਦਰ ਸਿੰਘ ਮਾਲੀ ਅਤੇ ਡਾ. ਪਿਆਰੇ ਲਾਲ ਗਰਗ ਮੇਰੇ ਸਲਾਹਕਾਰ ਹੋਣਗੇ। ਸਿੱਧੂ ਨੇ ਕਿਹਾ ਕਿ ਹਰ ਪੰਜਾਬੀ ਦੇ ਸੁਨਹਿਰੀ ਭਵਿੱਖ ਦੀ ਉਸਾਰੀ ਸੰਬੰਧੀ ਇਨ੍ਹਾਂ ਦੇ ਨਜ਼ਰੀਏ ਅਤੇ ਕੰਮ ਕਰਕੇ ਮੈਂ ਨਿੱਜੀ ਤੌਰ ’ਤੇ ਇਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਹਾਂ। ਨਵਜੋਤ ਸਿੱਧੂ ਨੇ ਆਪਣੇ ਅੱਗੋਂ ਹੋਰ ਚਾਰ ਸਲਾਹਕਾਰ ਨਿਯੁਕਤ ਕਰ ਦਿੱਤੇ ਹਨ, ਤਾਂ ਇਸ ਨੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ।

Comment here