ਸਿਹਤ-ਖਬਰਾਂਖਬਰਾਂਦੁਨੀਆ

ਹਿਰਨਾਂ ਚ ਵੀ ਓਮੀਕਰੋਨ ਦਾ ਕਹਿਰ

ਵਾਸ਼ਿੰਗਟਨ: ਕੋਵਿਡ 19 ਨੇ ਵਿਸ਼ਵ ਭਰ ਵਿੱਚ ਦੋ ਸਾਲ ਤੋਂ ਕਹਿਰ ਮਚਾਇਆ ਹੋਇਆ ਹੈ, ਮਨੁੱਖ ਹੀ ਨਹੀਂ ਜਾਨਵਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਹੁਣ ਨਿਊਯਾਰਕ ਸਿਟੀ ਵਿਚ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹਿਰਨ ਦੀ ਖੋਜ ਤੋਂ ਬਾਅਦ ਸਵਾਲ ਪੈਦਾ ਹੋ ਰਹੇ ਹਨ ਕਿ ਕੀ ਜਾਨਵਰ ਸੰਭਾਵੀ ਤੌਰ ‘ਤੇ ਕੋਵਿਡ-19 ਨੂੰ ਮਨੁੱਖਾਂ ਵਿਚ ਫੈਲਾਅ ਸਕਦੇ ਹਨ ਜਾਂ ਨਹੀਂ। ਇਕ ਨਵੇਂ ਅਧਿਐਨ ਵਿਚ ਪਾਇਆ ਗਿਆ ਕਿ ਸਟੇਟਨ ਆਈਲੈਂਡ ਦੇ ਬੋਰੋ ਵਿਚ ਲਏ ਗਏ 131 ਸਫੈਦ-ਪੂਛ ਵਾਲੇ ਹਿਰਨਾਂ ਵਿਚੋਂ 15% ਐਂਟੀਬਾਡੀਜ਼ ਲਈ ਸਕਾਰਾਤਮਕ ਟੈਸਟ ਪਾਏ ਗਏ। ਮੰਨਿਆ ਜਾ ਰਿਹਾ ਹੈ ਕਿ ਇਹਨਾਂ ਹਿਰਨਾਂ ਵਿਚ SARS-CoV-2 ਪਾਇਆ ਗਿਆ ਹੈ ਅਤੇ ਇਸ ਨਾਲ ਵਾਇਰਸ ਦੇ ਭਵਿੱਖ ਉੱਤੇ ਵੀ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਨਵੇਂ ਵੇਰੀਐਂਟ ਦੀ ਸੰਭਾਵਨਾ ਬਣ ਸਕਦੀ ਹੈ। ਕਈ ਅਧਿਐਨਾਂ ਵਿਚ ਪਾਇਆ ਗਿਆ ਹੈ ਕਿ ਹਿਰਨ ਆਸਾਨੀ ਨਾਲ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆ ਸਕਦੇ ਹਨ। ਉਦਾਹਰਨ ਵਜੋਂ  ਪਿਛਲੇ ਨਵੰਬਰ ਵਿਚ ਪੇਨ ਸਟੇਟ ਯੂਨੀਵਰਸਿਟੀ ਅਤੇ ਹੋਰ ਥਾਵਾਂ ਦੇ ਖੋਜਕਰਤਾਵਾਂ ਨੇ ਦੱਸਿਆ ਸੀ ਕਿ ਆਇਓਵਾ ਵਿਚ ਇਕ ਤਿਹਾਈ ਆਜ਼ਾਦ ਅਤੇ ਬੰਦੀ ਹਿਰਨਾਂ ਵਿਚ 2020 ਦੇ ਅਖੀਰ ਤੋਂ 2021 ਦੇ ਸ਼ੁਰੂ ਤੱਕ ਵਾਇਰਸ ਦੇ ਅੰਸ਼ ਪਾਏ ਗਏ ਸਨ। ਪੈੱਨ ਸਟੇਟ ਅਤੇ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਪਾਰਕਸ ਐਂਡ ਰੀਕ੍ਰੀਏਸ਼ਨ ਸਮੇਤ ਹੋਰ ਖੋਜਕਰਤਾਵਾਂ ਵਿਚੋਂ ਕੁਝ ਨੇ ਪ੍ਰੀਪ੍ਰਿੰਟ ਵੈੱਬਸਾਈਟ BioRxiv ‘ਤੇ ਆਪਣੇ ਨਤੀਜੇ ਜਾਰੀ ਕੀਤੇ ਹਨ। ਟੀਮ ਨੇ ਸਟੇਟਨ ਆਈਲੈਂਡ ‘ਤੇ ਰਹਿਣ ਵਾਲੇ ਜੰਗਲੀ ਹਿਰਨ ਦੇ ਖੂਨ ਅਤੇ ਨੱਕ ਦੇ ਨਮੂਨਿਆਂ ਦੀ ਜਾਂਚ ਕੀਤੀ। ਇਹ ਨਮੂਨੇ ਆਬਾਦੀ ਨੂੰ ਅਸਥਾਈ ਤੌਰ ‘ਤੇ ਕੰਟਰੋਲ ਵਿਚ ਰੱਖਣ ਲਈ ਨਸਬੰਦੀ ਪ੍ਰੋਗਰਾਮ ਲਈ ਦਸੰਬਰ 2021 ਅਤੇ ਜਨਵਰੀ 2022 ਦੇ ਵਿਚਕਾਰ ਲਏ ਗਏ ਸਨ, ਅਤੇ ਵਿਗਿਆਨੀਆਂ ਨੇ ਉਹਨਾਂ ‘ਤੇ ਐਂਟੀਬਾਡੀ ਅਤੇ ਆਰਐਨਏ ਟੈਸਟ ਕੀਤੇ। ਪੇਨ ਸਟੇਟ ਦੇ ਵਾਇਰੋਲੋਜੀ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਪ੍ਰਮੁੱਖ ਲੇਖਕ ਡਾ. ਸੁਰੇਸ਼ ਕੁਚੀਪੁੜੀ ਨੇ ਦੱਸਿਆ, “ਅਸੀਂ ਪਹਿਲੀ ਵਾਰ ਦਿਖਾਇਆ ਹੈ ਕਿ ਓਮਿਕਰੋਨ ਵੇਰੀਐਂਟ ਜੰਗਲੀ ਜਾਨਵਰਾਂ ਦੀਆਂ ਕਿਸਮਾਂ ਵਿਚ ਵੀ ਫੈਲਿਆ ਹੈ। ਇਹ ਕਾਫ਼ੀ ਚਿੰਤਾਜਨਕ ਹੈ।”

Comment here