ਸਾਹਿਤਕ ਸੱਥਗੁਸਤਾਖੀਆਂਵਿਸ਼ੇਸ਼ ਲੇਖ

ਹਾਸ ਵਿਅੰਗ : ਵਿਹਲੜਾਂ ਦਾ ਸੱਭਿਆਚਾਰ

ਸੰਸਾਰ ਵਿਚ ਜੇ ਕਿਸੇ ਕੰਮ ਨੂੰ ਟਾਲਣ ਜਾਂ ਮੁਲਤਵੀ ਕਰਨ ਦਾ ਬਹਾਨਾ ਹੋ ਸਕਦਾ ਹੈ ਤਾਂ ਵਿਹਲੜ ਨਿਸਚੇ ਹੀ ਉਸ ਨੂੰ ਲੱਭ ਲੈਣਗੇ। ਵਿਹਲੜ ਇਕ ਖੜ੍ਹੀ ਹੋਈ ਘੜੀ, ਰੁੱਕੇ ਹੋਏ ਪਾਣੀ ਵਿਚਲੇ ਜਹਾਜ਼ ਵਾਂਗ ਹੁੰਦਾ ਹੈ। ਆਲੇ-ਦੁਆਲੇ ਸਭ ਕੁਝ ਬਦਲਦਾ ਰਹਿੰਦਾ ਹੈ ਪਰ ਵਿਹਲੜ ਅਡੋਲ ਟਿਕੇ ਰਹਿੰਦੇ ਹਨ।
ਧਰਮਾਂ ਨੇ ਦਾਨ , ਸਰਾਧ, ਭੰਡਾਰੇ, ਡੇਰੇ ਅਤੇ ਮੱਠਾਂ ਦੀ ਪ੍ਰਥਾ ਨਾਲ ਸਾਡੇ ਦੇਸ਼ ਵਿਚ ਵਿਹਲੜਾਂ ਦਾ ਇਕ ਵਰਗ ਪੈਦਾ ਕਰ ਦਿੱਤਾ ਹੈ। ਅਜਿਹੇ ਲੋਕਾਂ ਕੋਲ ਜੋ ਵੀ ਪਹੁੰਚਦਾ ਹੈ ਖਾਧਾ-ਪੀਤਾ ਜਾਂਦਾ ਹੈ। ਮੰਗਤਾ ਵਿਹਲੜਾਂ ਦੀ ਪ੍ਰਮੁੱਖ ਉਦਾਹਰਨ ਹੈ। ਮੰਗਤੇ ਦਾ ਸਮਾਜ ਨੂੰ ਕੋਈ ਯੋਗਦਾਨ ਹੈ? ਮੰਗਤਾ ਨਿਰੰਤਰ ਭੁੱਖ ਦਾ ਪ੍ਰਤੀਕ ਹੈ ਜੋ ਕਦੇ ਵੀ ਰੱਜਦਾ ਨਹੀਂ। ਇਨ੍ਹਾਂ ਮੰਗਤਿਆਂ ਰੂਪੀ ਵਿਹਲੜਾਂ ਨੂੰ ਪੈਦਾ ਕਰਨ ਵਾਲੇ ਅਸੀਂ ਜਾਂ ਸਾਡੇ ਧਰਮ ਹਨ। ਇਕ ਅਨੁਮਾਨ ਹੈ ਕਿ 10 ਕਾਮਿਆਂ ਪਿੱਛੇ ਇਕ ਵਿਹਲੜ ਵਿਅਕਤੀ ਧਰਤੀ ’ਤੇ ਬੋਝ ਬਣਿਆ ਹੋਇਆ ਹੈ।
ਸਾਡਾ ਸੱਭਿਆਚਾਰ ਵਿਹਲੜਾਂ ਦਾ ਸੱਭਿਆਚਾਰ ਹੈ। ਘਿਸੀ-ਪਿੱਟੀ ਪਰੰਪਰਾ ਨੂੰ ਪਾਲ ਕੇ ਅਸੀਂ ਬਹੁਤ ਖੁਸ਼ ਹਾਂ। ਬਰਸੀਆਂ ਮਨਾਉਣਾ, ਹਰ ਨਿੱਕੇ-ਮੋਟੇ ਨੇਤਾ ਦੇ ਮਰਨ ’ਤੇ ਛੁੱਟੀ ਕਰਨੀ, ਜਨਮ ਦਿਨ ਮਨਾਉਣੇ ਕੁਝ ਅਜਿਹੇ ਕਾਰਜ ਹਨ, ਜਿਨ੍ਹਾਂ ਵਿਚ ਰੁਝ ਕੇ ਅਸੀਂ ਆਪਣੇ-ਆਪ ਦੇ ਰੁੱਝੇ ਹੋਣ ਦਾ ਭਰਮ ਪਾਲਦੇ ਹਾਂ।
ਦੇਸ਼ ਦਾ ਕੋਈ ਨੇਤਾ ਮਰ ਜਾਵੇ ਅਤੇ ਸੋਗ ਲਈ ਛੁੱਟੀ ਹੋ ਜਾਵੇ ਤਾਂ ਦਫ਼ਤਰਾਂ ਦੇ ਕਰਮਚਾਰੀਆਂ ਦੇ ਚਿਹਰੇ ਖਿੜ ਜਾਂਦੇ ਹਨ ਤੇ ਸਿਨੇਮਿਆਂ, ਪਾਰਕਾਂ ਵਿਚ ਭੀੜ ਵਧ ਜਾਂਦੀ ਹੈ ਭਾਵੇਂ ਕੋਰੋਨਾ ਕਾਲ ਕਾਰਨ ਹੁਣ ਅਜਿਹੇ ਇਕਠ ਨਹੀਂ ਹੁੰਦੇ। ਸਾਡੇ ਦੇਸ਼ ਵਿਚ ਕਿਸੇ ਵਿਅਕਤੀ ਜਾਂ ਚੀਜ਼ ਦਾ ਮਹੱਤਵ ਇਸ ਗੱਲ ਤੋਂ ਮਾਪਿਆਂ ਜਾਂਦਾ ਹੈ ਕਿ ਉਸ ਸਬੰਧੀ ਦਿਨ ਦੀ ਛੁੱਟੀ ਹੈ ਜਾਂ ਨਹੀਂ। ਜਿਸ ਦਿਨ ਅਸੀਂ ਕੰਮ ਤੋਂ ਬਚ ਜਾਈਏ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ ਅਤੇ ਆਪਣੇ ਜੀਵਨ ਨੂੰ ਸਫਲ ਹੋਣ ਵਾਂਗ ਸਮਝਦੇ ਹਾਂ। ਅਸੀਂ ਅਵੇਸਲਾਪਨ ਭਾਲਦੇ ਰਹਿੰਦੇ ਹਾਂ। ਅਸੀਂ ਕੁਝ ਵੀ ਨਾ ਕਰਨ ਵਿਚ ਏਨੇ ਮਾਹਿਰ ਹੋ ਗਏ ਹਾਂ ਕਿ ਇਸ ਦੀ ਮਿਸਾਲ ਸੰਸਾਰ ਵਿਚ ਕਿੱਧਰੇ ਵੀ ਨਹੀਂ ਮਿਲਦੀ। ਇਸ ਕਰਕੇ ਹੀ ਕੰਮ ਤੋਂ ਕੀਤੀ ਲੁੱਕਣ-ਛੁਪਾਈ ਹੀ ਸਾਡੀ ਕੌਮੀ ਖੇਡ ਹੋਣੀ ਚਾਹੀਦੀ ਹੈ।
ਕਈ ਵਿਅਕਤੀ ਬਹੁਤ ਹੀ ਮਾਣ ਨਾਲ ਕਹਿੰਦੇ ਹਨ ਕਿ ਭਾਵੇਂ ਸੱਤ ਪੁਸ਼ਤਾਂ ਬਹਿ ਕੇ ਖਾ ਲੈਣ। ਇਹ ਵਰਦਾਨ ਦਰਅਸਲ ਸਰਾਪ ਹੀ ਹੈ। ਉਹ ਲੋਕ ਕਿੰਨੇ ਅਭਾਗੇ ਅਤੇ ਮਾਨਸਿਕ ਪੱਖੋਂ ਕੰਗਾਲ ਹੋਣਗੇ ਜਿਨ੍ਹਾਂ ਨੂੰ ਬਿਨਾਂ ਕੰਮ ਤੋਂ ਖਾਣਾ ਨਸੀਬ ਹੁੰਦਾ ਹੈ। ਸਾਡੇ ਦੇਸ਼ ਵਿਚ ਵਿਹਲੇ ਬਹਿ ਕੇ ਖਾਣਾ ਉਚੱਤ-ਆਦਰਸ਼ ਪ੍ਰਤੀਤ ਹੁੰਦਾ ਹੈ। ਚਿੱਟ ਕੱਪੜੀਏ ਅਤੇ ਵਧਾਏ ਹੋਏ ਨਹੁੰ ਵੀ ਵਿਹਲੇ ਰਹਿਣ ਜਾਂ ਅਮੀਰੀ ਦਾ ਚਿੰਨ੍ਹ ਹਨ।
ਵਿਹਲੜ ਹੋਣ ਦਾ ਦੋਸ਼ ਸਮੁੱਚੀ ਕਾਇਨਾਤ ਵਿਚ ਕੇਵਲ ਮਨੁੱਖ ਸਿਰ ਹੀ ਲੱਗਦਾ ਹੈ। ਚੰਨ, ਤਾਰੇ, ਸੂਰਜ ਦਰਿਆ, ਜਾਨਵਰ-ਪੰਛੀ ਸਾਰੇ ਨਿਰੰਤਰ ਕਾਰਜ ਵਿਚ ਰੁੱਝੇ ਹੋਏ ਹਨ ਪਰ ਵਿਹਲੜ ਮਨੁੱਖੀ ਦਿਮਾਗ਼ ਕੇਵਲ ਵਿਭਚਾਰ ਫੈਲਾਉਂਦੇ ਹਨ।
ਕੋਈ ਵੀ ਵਿਅਕਤੀ ਵਿਹਲਾ ਰਹਿ ਕੇ ਅਮਰ ਨਹੀਂ ਹੋਇਆ। ਉਦਾਸੀ ਦਾ ਸਭ ਤੋਂ ਵੱਡਾ ਕਾਰਨ ਵੀ ਵਿਹਲੇ ਰਹਿਣਾ ਹੀ ਹੈ। ਅਸੀਂ ਬਿਮਾਰ ਵੀ ਤਾਂ ਹੁੰਦੇ ਹਾਂ ਕਿ ਅਸੀਂ ਵਿਹਲੇ ਹਾਂ। ਕੰਮ ਕਰਦੇ ਵਿਅਕਤੀ ਬਿਮਾਰ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਕੋਲ ਬਿਮਾਰ ਹੋਣ ਦਾ ਕੋਈ ਸਮਾਂ ਹੀ ਨਹੀਂ ਹੁੰਦਾ। ਜਿਵੇਂ ਬਿਮਾਰ ਵਿਅਕਤੀ ਦੀ ਕਲਪਨਾ ਉਸਾਰੂ ਨਹੀਂ ਹੁੰਦੀ ਉਵੇਂ ਹੀ ਵਿਹਲੜਾਂ ਦੀ ਬੋਲਚਾਲ ਵਿਚ ਕਿਸੇ ਨਾ ਕਿਸੇ ਦੀ ਚੁਗਲੀ ਹੀ ਹੋ ਰਹੀ ਹੁੰਦੀ ਹੈ। ਚੁਗਲੀਆਂ ਕਰਨਾ ਹੀ ਉਨ੍ਹਾਂ ਦਾ ਸ਼ੌਕ ਬਣ ਜਾਂਦਾ ਹੈ। ਜਿਸ ਘਰ ਇਕ ਵੀ ਵਿਹਲੜ ਹੋਵੇਗਾ ਉੱਥੇ ਕਦੀ ਵੀ ਖੁਸ਼ਹਾਲੀ ਨਹੀਂ ਆਵੇਗੀ। ਜਿਹੜੇ ਕੁਝ ਕਰਦੇ ਵੀ ਨਹੀਂ, ਉਹ ਕੁਝ ਬਣਦੇ ਵੀ ਨਹੀਂ। ਇਮਾਨਦਾਰੀ, ਸਚਾਈ ਅਤੇ ਵਫ਼ਾਦਾਰੀ ਆਦਿ ਦੇ ਵਿਸ਼ੇਸ਼ਣ ਕੰਮ ਕਰਨ ਵਾਲੇ ਵਿਅਕਤੀਆਂ ਨਾਲ ਜੁੜੇ ਹੋਏ ਹਨ। ਕੰਮ ਦਾ ਕੋਈ ਬਦਲ ਨਹੀਂ , ਕੰਮ ਕੀਤਿਆਂ ਹੀ ਹੋਣਗੇ।
ਅੰਤਲੇ ਤੌਰ ’ਤੇ ਸਾਡੀ ਸ਼ਖ਼ਸੀਅਤ ਦਾ ਨਿਬੇੜਾ ਸਾਡੇ ਕੰਮਾਂ ਦੇ ਆਧਾਰ ’ਤੇ ਹੀ ਹੋਵੇਗਾ। ਕੰਮ ਵਿਚ ਰੁੱਝ ਕੇ ਥੱਕੇ ਹੋਏ ਵਿਅਕਤੀ ਵੱਲ ਦੇਖੋ ਉਹ ਬਹੁਤ ਸਾਊ, ਭੋਲਾ, ਪਿਆਰਾ ਅਤੇ ਸੁੰਦਰ ਪ੍ਰਤੀਤ ਹੋਵੇਗਾ। ਵਿਹਲੜ ਵਿਅਕਤੀ ਦੇ ਚਿਹਰੇ ਉਤੇ ਮੱਕਾਰੀ ਦੇ ਭਾਵ ਹੋਣਗੇ। ਕੰਮ ਕਰਨ ਵਾਲੇ ਵਿਅਕਤੀ ਹੀ ਕਿਸੇ ਦੇ ਕੰਮ ਆ ਸਕਣਗੇ। ਕੇਵਲ ਰੁੱਝੇ ਹੋਏ ਵਿਅਕਤੀ ਹੀ ਮਦਦਗਾਰ ਸਾਬਤ ਹੋ ਸਕਦੇ ਹਨ। ਜਿਥੇ ਮਨੁੱਖ ਦੀਆਂ ਸਾਰੀਆਂ ਸ਼ਕਤੀਆਂ ਕੰਮ ’ਤੇ ਕੇਂਦਰਿਤ ਹੋ ਜਾਣ, ਉੱਥੇ ਕੰਮ ਕਲਾ ਬਣ ਜਾਂਦੀ ਹੈ। ਇਸ ਸਥਿਤੀ ਸਬੰਧੀ ਹੀ ਕਿਹਾ ਗਿਆ ਹੈ ਕਿ ਕੰਮ ਹੀ ਪੂਜਾ ਹੈ।

Comment here