ਸਿਆਸਤਖਬਰਾਂ

ਹਰਜਿੰਦਰ ਸਿੰਘ ਧਾਮੀ ਨੂੰ ਮਿਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ

ਅੰਮ੍ਰਿਤਸਰ-ਅੱਜ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦਾ 44ਵਾਂ ਪ੍ਰਧਾਨ ਚੁਣਿਆ ਗਿਆ ਹੈ, ਕਮੇਟੀ ਦੇ ਸਾਲਾਨਾ ਇਜਲਾਸ ਵਿੱਚ ਸੋਮਵਾਰ ਹਰਜਿੰਦਰ ਸਿੰਘ ਧਾਮੀ ਦੀ ਨਵੇਂ ਪ੍ਰਧਾਨ ਵੱਜੋਂ ਚੋਣ ਹੋਈ। ਉਹ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਸੇਵਾ ਨਿਭਾ ਰਹੇ ਸਨ। ਪਹਿਲਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਹਰਜਿੰਦਰ ਸਿੰਘ ਧਾਮੀ ਦੇ ਨਾਂਅ ਸ਼੍ਰੋਮਣੀ ਕਮੇਟੀ ਦੇ ਨਵੇਂ ਬਣਨ ਵਾਲੇ ਪ੍ਰਧਾਨ ਲਈ ਸਭ ਤੋਂ ਵੱਧ ਚਰਚਾ ਵਿੱਚ ਸਨ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਬੈਠਕ ਵਿੱਚ ਬੀਬੀ ਜਗੀਰ ਕੌਰ ਨੂੰ ਵਿਧਾਨ ਸਭਾ ਚੋਣਾਂ ‘ਚ ਵੱਡੀ ਜ਼ਿੰਮੇਵਾਰੀ ਦੇਣ ਦੀ ਗੱਲ ਆਖ ਕੇ ਨਵੇਂ ਪ੍ਰਧਾਨ ਦੀ ਦੌੜ ਵਿਚੋਂ ਬਾਹਰ ਰੱਖਣ ਦੇ ਸੰਕੇਤ ਦਿੱਤੇ ਸਨ।

ਅੱਜ 15 ਮੈਂਬਰੀ ਕਾਰਜਕਾਰਨੀ ਕਮੇਟੀ ਦੀ ਚੋਣ ਹੋਈ। ਇਸ ਮੌਕੇ ਪ੍ਰਧਾਨ ਦੇ ਅਹੁਦੇ ਲਈ ਹਰਜਿੰਦਰ ਸਿੰਘ ਧਾਮੀ ਅਤੇ ਮਿੱਠੂ ਸਿੰਘ ਕਾਹਨੇਕੇ ਦੇ ਨਾਂਅ ਮੁਕਾਬਲੇ ਵਿੱਚ ਪੇਸ਼ ਕੀਤੇ ਗਏ। ਮਿੱਠੂ ਸਿੰਘ ਕਾਹਨੇਕੇ ਬਲਵਿੰਦਰ ਬੈਂਸ, ਸੁਖਦੇਵ ਢੀਂਡਸਾ ਅਤੇ ਹੋਰ ਦਲਾਂ ਨਾਲ ਸਬੰਧਤ ਹਨ, ਜਦਕਿ ਧਾਮੀ ਅਕਾਲੀ ਦਲ ਨਾਲ ਸਬੰਧਤ ਹਨ। ਇਸ ਪਿੱਛੋਂ ਪ੍ਰਧਾਨ ਦੇ ਅਹੁਦੇ ਲਈ ਵੋਟਿੰਗ ਹੋਈ, ਜਿਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ 122 ਵੋਟਾਂ ਪਈਆਂ, ਜਦਕਿ ਵਿਰੋਧੀ ਮਿੱਠੂ ਸਿੰਘ ਨੂੰ 19 ਵੋਟਾਂ ਹੀ ਪਈਆਂ।

 ਸਿੱਖ ਗੁਰਦੁਆਰਾ ਐਕਟ-1925 ਅਨੁਸਾਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 5 ਸਾਲ ਬਾਅਦ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ 1 ਸਾਲ ਬਾਅਦ ਹੁੰਦੀ ਹੈ। ਸਭ ਤੋਂ ਲੰਬਾ ਸਮਾਂ (25 ਸਾਲਾਂ ਤੋਂ ਜ਼ਿਆਦਾ) ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਨ।  ਸ਼੍ਰੋਮਣੀ ਕਮੇਟੀ ਸਦਨ ਵਿਚ ਬਹੁਮਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਹੈ, ਇਸ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਦੇ ਸਾਰੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਕੋਲ ਹਨ।

Comment here