ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਹਜ਼ਰਤ ਮੁਹੰਮਦ ਖਿਲਾਫ ਭਾਜਪਾ ਆਗੂਆਂ ਦੇ ਵਿਵਾਦਿਤ ਬੋਲ, ਆਇਆ ਸਿਆਸੀ ਭੂਚਾਲ

ਮਾਮਲਾ ਹਜ਼ਰਤ ਮੁਹੰਮਦ ‘ਤੇ ਕੀਤੀਆਂ ਫਿਰਕੂ ਟਿੱਪਣੀਆਂ ਦਾ                                                                                         
ਕਾਨਪੁਰ ਹਿੰਸਾ ਕਾਰਣ 39 ਹੋਰ ਗ੍ਰਿਫ਼ਤਾਰ
ਪੁਲਿਸ ਵਲੋਂ 40 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ
ਭਾਰਤ ਸਰਕਾਰ ਨੇ ਕਿਹਾ – ਇਹ ਬਦਅਮਨੀ ਫ਼ੈਲਾਉਣ ਵਾਲੇ ਅਨਸਰਾਂ ਦੀ ਰਾਇ
ਨੂਪੁਰ ਨੂੰ ਮਿਲੀਆਂ ਧਮਕੀਆਂ, ਐੱਫ.ਆਈ.ਆਰ. ਦਰਜ
ਨਵੀਂ ਦਿੱਲੀ-ਭਾਜਪਾ ਦੇ ਦੋ ਆਗੂਆਂ ਜਿਨ੍ਹਾਂ ‘ਤੇ ਪਾਰਟੀ ਨੇ ਅਨੁਸ਼ਾਸਨੀ ਕਾਰਵਾਈ ਕਰਕੇ ਆਪਣੇ ਤੋਂ ਦੂਰੀ ਬਣਾ ਲਈ ਹੈ, ਵਲੋਂ ਹਜ਼ਰਤ ਮੁਹੰਮਦ ‘ਤੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਉੱਠੇ ਵਿਵਾਦ ‘ਤੇ ਨਾਰਾਜ਼ਗੀ ਪ੍ਰਗਟਾਉਣ ਵਾਲੇ ਦੇਸ਼ਾਂ ਦੀ ਸੂਚੀ ਲੰਮੀ ਹੋ ਗਈ ਹੈ। ਇਸ ਸੂਚੀ ਵਿਚ ਪਾਕਿਸਤਾਨ, ਅਫ਼ਗਾਨਿਸਤਾਨ, ਕਤਰ, ਕੁਵੈਤ, ਈਰਾਨ, ਓਮਾਨ, ਸਾਊਦੀ ਅਰਬ, ਇੰਡੋਨੇਸ਼ੀਆ, ਜੌਰਡਨ ਅਤੇ 57 ਇਸਲਾਮਕ ਦੇਸ਼ਾਂ ਦੇ ਸੰਗਠਨ ਓ.ਆਈ.ਸੀ. ਦਾ ਨਾਮ ਸ਼ਾਮਿਲ ਹੈ। ਵਿਰੋਧ ਦਾ ਸੇਕ ਝੱਲ ਰਹੀ ਸਰਕਾਰ ਵਲੋਂ ਦਿੱਤੇ ਅਧਿਕਾਰਤ ਬਿਆਨ ਵਿਚ ਭਾਵੇਂ ਦੋਵਾਂ ਆਗੂਆਂ ਨੂੰ ਬਦਅਮਨੀ ਫ਼ੈਲਾਉਣ ਵਾਲੇ ਅਨਸਰ ਕਹਿ ਕੇ ਉਨ੍ਹਾਂ ਦੇ ਬਿਆਨ ਤੋਂ ਕਿਨਾਰਾ ਕੀਤਾ ਗਿਆ ਹੈ ਪਰ ਇਨ੍ਹਾਂ ਮੁਲਕਾਂ ਵਲੋਂ ਭਾਰਤੀ ਰਾਜਦੂਤਾਂ ਨੂੰ ਤਲਬ ਕਰਕੇ ਰੋਸ ਪ੍ਰਗਟਾਇਆ ਗਿਆ। ਕਤਰ ਵਿਚ ਇਹ ਵਿਵਾਦ ਉਸ ਵੇਲੇ ਸਾਹਮਣੇ ਆਇਆ ਜਦੋਂ ਉਪ-ਰਾਸ਼ਟਰਪਤੀ ਐੱਮ.ਵੈਂਕੇਈਆ ਨਾਇਡੂ ਉੱਥੋਂ ਦੇ ਦੌਰੇ ‘ਤੇ ਹਨ। ਕਤਰ ਨੇ ਭਾਰਤ ਦੇ ਰਾਜਦੂਤ ਦੀਪਕ ਮਿੱਤਲ ਨੂੰ ਤਲਬ ਕਰਕੇ ਇਸ ਮਾਮਲੇ ‘ਤੇ ਜਨਤਕ ਮੁਆਫ਼ੀ ਤੇ ਭਾਰਤ ਸਰਕਾਰ ਵਲੋਂ ਫੌਰੀ ਨਿਖੇਧੀ ਦੀ ਮੰਗ ਕੀਤੀ ਹੈ। ਕਤਰ ਵਲੋਂ  ਕਿਹਾ ਗਿਆ ਹੈ ਕਿ ਅਜਿਹੀਆਂ ਇਸਲਾਮ ਵਿਰੋਧੀ ਟਿੱਪਣੀਆਂ ਜੇਕਰ ਬਿਨਾਂ ਸਜ਼ਾ ਤੋਂ ਜਾਰੀ ਰਹਿਣ ਦਿੱਤੀਆਂ ਗਈਆਂ ਤਾਂ ਮਨੁੱਖੀ ਹੱਕਾਂ ਦੀ ਰਾਖੀ ਨੂੰ ਵੱਡੀ ਢਾਹ ਲੱਗੇਗੀ। ਦੀਪਕ ਮਿੱਤਲ ਨੇ ਕਤਰ ਸਰਕਾਰ ਨੂੰ ਦਿੱਤੇ ਜਵਾਬ ਵਿਚ ਕਿਹਾ ਕਿ ਇਹ ਵਿਚਾਰ ਕਿਸੇ ਵੀ ਪੱਖੋਂ ਭਾਰਤ ਸਰਕਾਰ ਦੇ ਵਿਚਾਰਾਂ ਦੀ ਤਸਦੀਕ ਨਹੀਂ ਕਰਦੇ।  ਕੁਵੈਤ ਵਿਚ ਵੀ ਭਾਰਤੀ ਰਾਜਦੂਤ ਨੂੰ ਤਲਬ ਕਰਕੇ ਅਜਿਹੇ ਸਰੋਕਾਰ ਪ੍ਰਗਟਾਏ ਗਏ ਹਨ। ਈਰਾਨ ਵਿਚ ਵੀ ਭਾਰਤੀ ਰਾਜਦੂਤ ਨੇ ਕੇਂਦਰ ਦਾ ਪੱਖ ਰੱਖਦਿਆਂ ਕਿਹਾ ਕਿ ਅਜਿਹੀਆਂ ਟਿੱਪਣੀਆਂ ਕਰਨ ਵਾਲਿਆਂ ਦਾ ਸਰਕਾਰ ਨਾਲ ਕੋਈ ਵਾਸਤਾ ਨਹੀਂ ਹੈ। ਪਾਕਿਸਤਾਨ ਨੇ ਪੈਗ਼ੰਬਰ ਮੁਹੰਮਦ ਖ਼ਿਲਾਫ਼  ਭਾਜਪਾ ਦੇ ਦੋ ਨੇਤਾਵਾਂ ਦੀਆਂ ਵਿਵਾਦਿਤ ਟਿੱਪਣੀਆਂ ‘ਤੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਰਤੀ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਤਲਬ ਕੀਤਾ। ਪਾਕਿ ਵਿਦੇਸ਼ ਦਫ਼ਤਰ ਵਲੋਂ  ਕਿਹਾ ਕਿ ਭਾਜਪਾ ਨੇਤਾਵਾਂ ਦੀ ਟਿੱਪਣੀ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਅਤੇ ਇਸ ਨਾਲ ਨਾ ਸਿਰਫ਼ ਪਾਕਿਸਤਾਨ ਦੇ ਲੋਕਾਂ, ਸਗੋਂ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਐਫ. ਓ. ਨੇ ਭਾਰਤ ਸਰਕਾਰ ਦੁਆਰਾ ਉਕਤ ਅਹੁਦੇਦਾਰਾਂ ਵਿਰੁੱਧ ਕਾਰਵਾਈ ਹਿਤ ਕੀਤੀ ਦੇਰੀ ਅਤੇ ਲਾਪ੍ਰਵਾਹੀ ਵਾਲੀ ਅਨੁਸ਼ਾਸਨੀ ਕਾਰਵਾਈ ਦੀ ਵੀ ਨਿੰਦਾ ਕੀਤੀ ਹੈ। ਉਕਤ ਦੇ ਇਲਾਵਾ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਭਾਜਪਾ ਬੁਲਾਰੇ ਦੀ ਟਿੱਪਣੀ ਦੀ ਨਿੰਦਾ ਕੀਤੀ।  ਵਿਰੋਧੀ ਧਿਰਾਂ ਨੇ ਭਾਜਪਾ ਵਲੋਂ ਦੋਹਾਂ ਆਗੂਆਂ ਖ਼ਿਲਾਫ਼ ਕੀਤੀ ਕਾਰਵਾਈ, ਜਿਸ ‘ਵਿਚ ਨੂਪੁਰ ਸ਼ਰਮਾ ਨੂੰ 6 ਸਾਲਾਂ ਲਈ ਮੁਅੱਤਲ ਅਤੇ ਜਿੰਦਲ ਨੂੰ ਪਾਰਟੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਨੂੰ ਢੋਂਗ ਕਰਾਰ ਦਿੰਦਿਆਂ ਕਿਹਾ ਕਿ ਇਹ ਭਾਜਪਾ ਵਲੋਂ ਕੀਤੀ ‘ਡੈਮੇਜ ਕੰਟਰੋਲ’ ਕਾਰਵਾਈ ਹੈ।

ਉੱਤਰ ਪ੍ਰਦੇਸ਼ ਪੁਲਿਸ ਨੇ ਕਾਨਪੁਰ ਹਿੰਸਾ ਮਾਮਲੇ ਵਿਚ 9 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਗ੍ਰਿਫ਼ਤਾਰ ਕੀਤੇ ਲੋਕਾਂ ਦੀ ਗਿਣਤੀ 38 ਤੱਕ ਪੁੱਜ ਗਈ ਹੈ। ਪੁਲਿਸ ਵਲੋਂ ਦੋਸ਼ੀਆਂ ਤੇ ਦੰਗਾਕਾਰੀਆਂ ਦੀ ਪਛਾਣ ਲਈ 40 ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ।

 ਭਾਜਪਾ ਦੇ ਫਿਰਕੂ ਵਤੀਰੇ ਨੂੰ ਕਈ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾ ਰਿਹਾ ਹੈ। ਦੇਸ਼ ਅੰਦਰ ਹਜੂਮੀ ਹਿੰਸਾ, ਲਵ ਜਹਾਦ, ਨਮਾਜ਼ ਪੜ੍ਹਨ ਦੇ ਮਾਮਲੇ ਉੱਤੇ ਵਿਵਾਦ ਅਤੇ ਮਸਜਿਦਾਂ ਤੇ ਮੰਦਿਰਾਂ ਦੇ ਝਗੜਿਆਂ ਸਮੇਤ ਟਕਰਾਅ ਵਾਲੇ ਮਾਹੌਲ ਸਮੇਂ ਸੱਤਾਧਾਰੀ ਧਿਰ ਵੱਲੋਂ ਕਦੇ ਭਾਈਚਾਰਕ ਸਾਂਝ ਵੱਲ ਪ੍ਰੇਰਿਤ ਕਰਨ ਵਾਲਾ ਬਿਆਨ ਜਾਂ ਆਪਣੇ ਆਗੂਆਂ ਨੂੰ ਇਕ ਹੱਦ ਤੋਂ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਦਿਖਾਈ ਨਹੀਂ ਦਿੱਤੀ। ਕਾਂਗਰਸ ਨੇ ਦੋਸ਼ ਲਾਇਆ ਕਿ ਭਗਵਾ ਪਾਰਟੀ ਕੌਮਾਂਤਰੀ ਪੱਧਰ ’ਤੇ ਦੇਸ਼ ਨੂੰ ਬਦਨਾਮ ਕਰ ਰਹੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ  ਪੈਗੰਬਰ ਖਿਲਾਫ਼ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਦੋਵੇਂ ਭਾਜਪਾ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ। ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਦੇ ਸਮਾਜ ਵਿਰੋਧੀ ਅਨਸਰ ਦੇਸ਼ ਨੂੰ ਨਫ਼ਰਤ ਦੀ ਅੱਗ ਵਿੱਚ ਧੱਕ ਰਹੇ ਹਨ ਤੇ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਬਦਨਾਮੀ ਹੋ ਰਹੀ ਹੈ। ਏਆਈਐੱਮਆਈਐੱਮ ਦੇ ਪ੍ਰਧਾਨ ਅਸਦੂਦੀਨ ਓਵਾਇਸੀ ਨੇ ਕਿਹਾ ਕਿ ਮੁਅੱਤਲ ਕੀਤੀ ਭਾਜਪਾ ਤਰਜਮਾਨ ਨੂਪੁਰ ਸ਼ਰਮਾ ਖਿਲਾਫ਼ ਕਾਰਵਾਈ ਦਸ ਦਿਨ ਪਹਿਲਾਂ ਹੋ ਜਾਣੀ ਚਾਹੀਦੀ ਸੀ।

ਖੱਬੀਆਂ ਪਾਰਟੀਆਂ ਨੇ ਕਿਹਾ ਕਿ ਭਾਜਪਾ ਨੂੰ ਹੋਰਨਾਂ ਮੁਲਕਾਂ ਦੇ ਦਬਾਅ ਕਰਕੇ ਆਪਣੇ ਕਾਰਕੁਨਾਂ ਖਿਲਾਫ਼ ਕਾਰਵਾਈ ਕਰਨੀ ਪਈ ਹੈ। ਸੀਪੀਐੱਮ ਨੇ ਟਵੀਟ ਕੀਤਾ, ‘‘ਨੂਪੁਰ ਸ਼ਰਮਾ ਨੇ ਜਨਤਕ ਤੌਰ ’ਤੇ ਪਾਰਟੀ ਆਗੂਆਂ ਅਮਿਤ ਸ਼ਾਹ, ਪੀਐੱਮਓ ਤੇ ਹੋਰਨਾਂ ਵੱਲੋਂ ਮਿਲੀ ਹਮਾਇਤ ਲਈ ਧੰਨਵਾਦ ਕੀਤਾ ਸੀ। ਹੁਣ ਹੋਰਨਾਂ ਮੁਲਕਾਂ ਦੇ ਦਬਾਅ ਕਰਕੇ ਉਨ੍ਹਾਂ ਨੂੰ ਮੁਅੱਤਲੀ ਦੀ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ। ਇਹ ਨਫ਼ਰਤੀ ਤਕਰੀਰ ਦੇ ਸਰਪ੍ਰਸਤ ਹਨ।’’ ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ ਨੇ ਕਤਰ ਵਿੱਚ ਭਾਰਤੀ ਰਾਜਦੂਤ ਦੇ ਇਸ ਬਿਆਨ ਕਿ ਵਿਵਾਦਿਤ ਟਿੱਪਣੀਆਂ ਕਿਸੇ ਵੀ ਤਰੀਕੇ ਨਾਲ ਭਾਰਤ ਸਰਕਾਰ ਦੇ ਨਜ਼ਰੀਏ ਦੀ ਤਰਜਮਾਨੀ ਨਹੀਂ ਕਰਦੀਆਂ ਤੇ ਇਹ ‘ਸ਼ਰਾਰਤੀ ਤੱਤਾਂ ਦੇ ਵਿਚਾਰ ਹਨ’, ਦੇ ਹਵਾਲੇ ਨਾਲ ਕਿਹਾ ਕਿ ਕੀ ਸਰਕਾਰ ਆਰਐੱਸਐੱਸ ਨੂੰ ਇਲਤੀ ਜਥੇਬੰਦੀ ਐਲਾਨ ਰਹੀ ਹੈ। ਰਾਜਾ ਨੇ ਟਵੀਟ ਕੀਤਾ, ‘‘ਅਖੌਤੀ ‘ਸ਼ਰਾਰਤੀ ਅਨਸਰ’ ਭਾਰਤ ਵਿੱਚ ਸੱਤਾਧਾਰੀ ਪਾਰਟੀ ਦੇ ਅਧਿਕਾਰਤ ਤਰਜਮਾਨ ਸਨ। ਉਹ ਜੋ ਕੁਝ ਕਹਿੰਦੇ ਸਨ, ਉਹ ਘੱਟਗਿਣਤੀਆਂ ਨੂੰ ਦਬਾਉਣ ਦੀ ਆਰਐੱਸਐੱਸ ਦੀ ਵਿਚਾਰਧਾਰਾ ਤੋਂ ਵੱਖ ਨਹੀਂ ਸੀ।’’
‘ਆਪ’ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਨੇ ਅੱਜ ਦੇਸ਼ ਨੂੰ ਅਜਿਹੇ ਮੋੜ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਜਿੱਥੇ ‘ਛੋਟੇ ਮੁਲਕ ਭਾਰਤ ਜਿਹੇ ਵੱਡੇ ਦੇਸ਼ ਨੂੰ ਚੁਣੌਤੀ ਦੇਣ ਲੱਗੇ ਹਨ।’

ਨੂਪੁਰ ਮਿਲ ਰਹੀਆਂ ਧਮਕੀਆਂ

ਭਾਜਪਾ ਵਲੋਂ ਨੂਪੁਰ ਸ਼ਰਮਾ ਨੂੰ 6 ਸਾਲ ਲਈ ਮੁਅੱਤਲ ਅਤੇ ਨਵੀਨ ਜਿੰਦਲ ਨੂੰ ਪਾਰਟੀ ਤੋਂ ਬਰਖ਼ਾਸਤ ਕਰਨ ਦੀ ਕਾਰਵਾਈ ਦਾ ਸਾਊਦੀ ਅਰਬ ਅਤੇ ਬਹਿਰੀਨ ਨੇ ਸਵਾਗਤ ਕੀਤਾ ਹੈ। ਭਾਜਪਾ ਤੋਂ ਮੁਅੱਤਲੀ ਤੋਂ ਬਾਅਦ ਨੂਪੁਰ ਸ਼ਰਮਾ ਨੇ ਬਿਨਾਂ ਸ਼ਰਤ ਆਪਣਾ ਬਿਆਨ ਵਾਪਸ ਲੈ ਲਿਆ। ਸ਼ਰਮਾ ਨੇ ਟਵੀਟ ਕਰਕੇ ਕਿਹਾ ਕਿ ਟੀ.ਵੀ. ਬਹਿਸ ਵਿਚ ਭਗਵਾਨ ਖ਼ਿਲਾਫ਼ ਵਿਵਾਦਿਤ ਬੋਲ ਉਸ ਤੋਂ ਬਰਦਾਸ਼ਤ ਨਹੀਂ ਹੋਏ। ਉਸ ਨੇ ਰੋਸ ਵਿਚ ਆ ਕੇ ਜੇਕਰ ਕੁਝ ਇਤਰਾਜ਼ਯੋਗ ਕਿਹਾ ਹੋਵੇ ਤਾਂ ਉਹ ਬਿਨਾਂ ਸ਼ਰਤ ਆਪਣਾ ਬਿਆਨ ਵਾਪਸ ਲੈਂਦੀ ਹੈ।

ਮੁਸਲਮ ਭਾਈਚਾਰਾ ਨਰਾਜ਼

ਭਾਰਤ ਅੰਦਰ ਮੁਸਲਿਮ ਭਾਈਚਾਰਾ ਦਬਾਅ ਮਹਿਸੂਸ ਕਰ ਰਿਹਾ ਹੈ। ਉਹ ਸਮੂਹਿਕ ਆਵਾਜ਼ ਉਠਾ ਕੇ ਸੱਤਾ ਦਾ ਵਿਰੋਧ ਕਰਨ ਦੀ ਹਾਲਤ ਵਿਚ ਨਹੀਂ ਹੈ। ਹਜ਼ਰਤ ਮੁਹੰਮਦ ਸਾਹਿਬ ਬਾਰੇ ਕਹੀ ਗੱਲ ਦੁਨੀਆ ਭਰ ਦੇ ਮੁਸਲਮਾਨਾਂ ਵਿਚ ਪਾਰਟੀ ਅਤੇ ਸਰਕਾਰ ਦੇ ਅਕਸ ਨੂੰ ਵਿਗਾੜਨ ਦਾ ਆਧਾਰ ਬਣ ਸਕਦੀ ਹੈ। ਪੈਗੰਬਰ ਮੁਹੰਮਦ ਖ਼ਿਲਾਫ਼ ਭਾਜਪਾ ਆਗੂਆਂ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ’ਤੇ ਇਸਲਾਮੀ ਖਾਸ ਕਰਕੇ ਪੱਛਮੀ ਏਸ਼ੀਆ ਅਤੇ ਖਾੜੀ ਮੁਲਕਾਂ ਵਿਚ ਰੋਸ ਵਧ ਗਿਆ ਹੈ। 57 ਮੁਲਕਾਂ ਵਾਲੀ ਇਸਲਾਮੀ ਮੁਲਕਾਂ ਦੀ ਜਥੇਬੰਦੀ (ਓਆਈਸੀ) ਨੇ ਬਿਆਨ ਦੀ ਨਿਖੇਧੀ ਕਰਦਿਆਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਵਿਚ ਮੁਸਲਮਾਨਾਂ ਦੇ ਹੱਕਾਂ ਦੀ ਰਾਖੀ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਉਠਾਏ। ਓਆਈਸੀ ਨੇ ਕਿਹਾ ਕਿ ਭਾਰਤ ’ਚ ਇਸਲਾਮ ਦੇ ਅਪਮਾਨ ਅਤੇ ਘੱਟ ਗਿਣਤੀਆਂ ਖ਼ਿਲਾਫ਼ ਵਧ ਰਹੀ ਨਫ਼ਰਤ ਦੌਰਾਨ ਪੈਗੰਬਰ ਮੁਹੰਮਦ ਬਾਰੇ ਮਾੜੀ ਸ਼ਬਦਾਵਲੀ ਵਰਤੀ ਗਈ ਹੈ। ਉਨ੍ਹਾਂ ਭਾਰਤ ਦੇ ਕਈ ਸ਼ਹਿਰਾਂ ਦੇ ਵਿਦਿਅਕ ਅਦਾਰਿਆਂ ’ਚ ਹਿਜਾਬ ’ਤੇ ਪਾਬੰਦੀ ਅਤੇ ਮੁਸਲਮਾਨਾਂ ਦੀਆਂ ਸੰਪਤੀਆਂ ਢਾਹੁਣ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਸਰਕਾਰ ਦਾ ਰਵੱਈਆ ਘੱਟ ਗਿਣਤੀਆਂ ਪ੍ਰਤੀ ਪੱਖਪਾਤੀ ਰਿਹਾ ਹੈ।
 ਓ.ਆਈ.ਸੀ. ਦੇ ਬਿਆਨ ‘ਤੇ ਭਾਰਤ ਨਰਾਜ਼
57 ਮੁਸਲਮਾਨ ਦੇਸ਼ਾਂ ਦੇ ਸੰਗਠਨ ਇਸਲਾਮਿਕ ਸਹਿਯੋਗ ਸੰਗਠਨ ਓ.ਆਈ.ਸੀ. ਨੇ ਵੀ ਬਿਆਨ ਦੀ ਨਿਖੇਧੀ ਕੀਤੀ। ਓ.ਆਈ.ਸੀ. ਨੇ ਇਹ ਵੀ ਕਿਹਾ ਕਿ ਭਾਰਤ ਵਿਚ ਇਸਲਾਮ ਪ੍ਰਤੀ ਨਫ਼ਰਤ ਹੋਰ ਵਧਾਉਣ ਅਤੇ ਮੁਸਲਮਾਨਾਂ ਖ਼ਿਲਾਫ਼ ਮਾੜੇ ਵਰਤਾਅ ਨੂੰ ਲੈ ਕੇ ਹੀ ਇਹ ਟਿੱਪਣੀ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਓ.ਆਈ.ਸੀ. ਦੀ ਟਿੱਪਣੀ ‘ਤੇ ਇਤਰਾਜ਼ ਪ੍ਰਗਟਾਉਦਿਆਂ ਇਸ ਨੂੰ ਅਨੁਚਿਤ ਅਤੇ ਛੋਟੀ ਸੋਚ ਵਾਲੀ ਟਿੱਪਣੀ ਕਰਾਰ ਦਿੰਦਿਆਂ ਸਿਰੇ ਤੋਂ ਖਾਰਜ ਕਰ ਦਿੱਤਾ। ਬਾਗਚੀ ਨੇ ਕਿਹਾ ਕਿ ਭਾਰਤ ਸਰਕਾਰ ਸਾਰੇ ਧਰਮਾਂ ਨੂੰ ਸਨਮਾਨ ਦਿੰਦੀ ਹੈ। ਭਾਰਤ ਨੇ ਪਾਕਿਸਤਾਨ ਵਲੋਂ ਦਿੱਤੇ ਬਿਆਨ ‘ਚ ਪ੍ਰਤੀਕਰਮ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਪਹਿਲਾਂ ਆਪਣੇ ਦੇਸ਼ ਵਿਚ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦੀ ਰਾਖੀ ਦੀ ਫ਼ਿਕਰ ਕਰਨੀ ਚਾਹੀਦੀ ਹੈ। ਤਾਲਿਬਾਨ ਸ਼ਾਸਿਤ ਅਫ਼ਗਾਨਿਸਤਾਨ ਨੇ ਵੀ ਦੋਵਾਂ ਭਾਜਪਾ ਆਗੂਆਂ ਵਲੋਂ ਪੈਗੰਬਰ ਖ਼ਿਲਾਫ਼ ਵਰਤੇ ਸ਼ਬਦਾਂ ਦੀ ਨਿਖੇਧੀ ਕਰਦਿਆਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਸਿਰਫਿਰਿਆਂ ਨੂੰ ਇਸਲਾਮ ਦੇ ਅਪਮਾਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਓਮਾਨ ਦੇ ਮੁਫ਼ਤੀ ਸ਼ੇਖ ਅਹਿਮਦ ਬਿਨ ਹਮਦ ਅਲ ਖਲੀਲੀ ਨੇ ਭਾਜਪਾ ਖ਼ਿਲਾਫ਼ ਮੁਹਿੰਮ ਚਲਾਉਦਿਆਂ ਸਾਰੇ ਮੁਸਲਮਾਨ ਦੇਸ਼ਾਂ ਨੂੰ ਇਕਜੁੱਟ ਹੋਣ ਨੂੰ ਕਿਹਾ।

ਸਰਕਾਰ  ਇਸਲਾਮਕ ਦੇਸਾਂ ਦੇ ਪ੍ਰਤੀਕਰਮ ਤੋਂ ਘਬਰਾਈ

ਟਿੱਪਣੀ ਕਾਰਨ ਪੈਦਾ ਵਿਵਾਦ ‘ਤੇ ਖਾੜੀ ਦੇਸ਼ਾਂ ਵਲੋਂ ਕੀਤੇ ਪ੍ਰਤੀਕਰਮ ਤੋਂ ਬਾਅਦ ਭਾਰਤ ਸਰਕਾਰ ਵਲੋਂ ਸੰਬੰਧਿਤ ਆਗੂਆਂ ‘ਤੇ ਕੀਤੀ ਕਾਰਵਾਈ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਭਾਰਤ ਆਪਣੀ ਲੋੜ ਲਈ ਤੇਲ ਦੀ ਜ਼ਰੂਰਤ ਦੇ ਵੱਡੇ ਹਿੱਸੇ ਲਈ ਇਨ੍ਹਾਂ ਦੇਸ਼ਾਂ ‘ਤੇ ਨਿਰਭਰ ਹੈ। ਇਸ ਤੋਂ ਇਲਾਵਾ ਤਕਰੀਬਨ 76 ਲੱਖ ਭਾਰਤੀ ਇਨ੍ਹਾਂ ਦੇਸ਼ਾਂ ਵਿਚ ਕੰਮ ਕਰਦੇ ਹਨ।

ਕੁਵੈਤ ਸੁਪਰ ਮਾਰਕੀਟ ਨੇ ਭਾਰਤੀ ਉਤਪਾਦਾਂ ‘ਤੇ ਲਗਾਈ ਪਾਬੰਦੀ

ਇਸ ਸਾਰੇ ਵਿਰੋਧ ਵਿਚ ਕੁਵੈਤ ਦੀ ਸੁਪਰ ਮਾਰਕੀਟ ਨੇ ਆਪਣੇ ਸਟੋਰਾਂ ਵਿਚੋਂ ਭਾਰਤੀ ਸਾਮਾਨ ਨੂੰ ਹਟਾ ਦਿੱਤਾ ਹੈ। ਵਿਰੋਧ ਵਿਚ ਅਲ-ਅਰਦਿਯਾ ਕੋਆਪਰੇਟਿਵ ਸੁਸਾਇਟੀ ਸਟੋਰ ਨੇ ਭਾਰਤੀ ਚਾਹ ਅਤੇ ਹੋਰ ਉਤਪਾਦਾਂ ਨੂੰ ਟਰਾਲੀ ਵਿਚ ਰੱਖ ਕੇ ਉਸ ਨੂੰ ਇਸਲਾਮੋਫੋਬਿਕ ਦੱਸਿਆ।

ਪਾਕਿ ਨੇ ਵੀ ਹਾਈ ਕਮਿਸ਼ਨ ਨੂੰ ਕੀਤਾ ਤਲਬ

ਪਾਕਿਸਤਾਨ ਨੇ ਕਿਹਾ ਕਿ ਉਸ ਨੇ ਪੈਗੰਬਰ ਮੁਹੰਮਦ ਖ਼ਿਲਾਫ਼ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 2 ਨੇਤਾਵਾਂ ਦੀਆਂ ਵਿਵਾਦਿਤ ਟਿੱਪਣੀਆਂ ‘ਤੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਰਤੀ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਤਲਬ ਕੀਤਾ ਹੈ। ਵਿਦੇਸ਼ ਦਫ਼ਤਰ (ਐੱਫ.ਓ.) ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਡਿਪਲੋਮੈਟ ਨੂੰ ਕਿਹਾ ਗਿਆ ਕਿ ਇਹ ਬਿਆਨ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ ਅਤੇ ਇਸ ਨਾਲ ਨਾ ਸਿਰਫ਼ ਪਾਕਿਸਤਾਨ ਦੇ ਲੋਕਾਂ, ਸਗੋਂ ਦੁਨੀਆ ਭਰ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਐੱਫ.ਓ. ਨੇ ਭਾਰਤੀ ਡਿਪਲੋਮੈਟ ਨੂੰ ਦੱਸਿਆ ਕਿ ਪਾਕਿਸਤਾਨ ਸਰਕਾਰ ਭਾਰਤ ਵਿੱਚ ਸੱਤਾਧਾਰੀ ਭਾਜਪਾ ਦੇ 2 ਸੀਨੀਅਰ ਅਧਿਕਾਰੀਆਂ ਵੱਲੋਂ ਦਿੱਤੇ ਗਏ ਅਤਿ ਅਪਮਾਨਜਨਕ ਬਿਆਨਾਂ ਦੀ ਸਖ਼ਤ ਨਿੰਦਾ ਕਰਦੀ ਹੈ ਅਤੇ ਪੂਰੀ ਤਰ੍ਹਾਂ ਰੱਦ ਕਰਦੀ ਹੈ। ਉਸ ਨੇ ਕਿਹ, ‘ਭਾਰਤੀ ਡਿਪਲੋਮੈਟ ਨੂੰ ਦੱਸਿਆ ਗਿਆ ਕਿ ਪਾਕਿਸਤਾਨ ਭਾਜਪਾ ਸਰਕਾਰ ਵੱਲੋਂ ਉਕਤ ਅਧਿਕਾਰੀਆਂ ਵਿਰੁੱਧ ਦੇਰੀ ਨਾਲ ਅਤੇ ਲਾਪਰਵਾਹ ਤਰੀਕੇ ਨਾਲ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦਾ ਨਿੰਦਾ ਕਰਦਾ ਹੈ। ਇਹ ਕਾਰਵਾਈ ਮੁਸਲਮਾਨਾਂ ਨੂੰ ਪੁੱਜੇ ਦੁੱਖ ਨੂੰ ਘੱਟ ਨਹੀਂ ਕਰ ਸਕਦੀ।’ ਪਾਕਿਸਤਾਨ ਨੇ ਭਾਜਪਾ ਲੀਡਰਸ਼ਿਪ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੇ ਕਾਰਕੁਨਾਂ ਦੀਆਂ ਅਪਮਾਨਜਨਕ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਪੈਗੰਬਰ ਦੀ ਸ਼ਾਨ ‘ਤੇ ਹਮਲਾ ਕਰਨ ਲਈ ਉਨ੍ਹਾਂ ਵਿਰੁੱਧ ਨਿਰਣਾਇਕ ਅਤੇ ਠੋਸ ਕਦਮ ਚੁੱਕ ਕੇ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਵੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਤਵਾਰ ਨੂੰ ਪੈਗੰਬਰ ਦੇ ਖ਼ਿਲਾਫ਼ “ਇਤਰਾਜ਼ਯੋਗ” ਟਿੱਪਣੀਆਂ ਦੀ ਨਿੰਦਾ ਕੀਤੀ ਸੀ।

Comment here