ਸਿਆਸਤਖਬਰਾਂ

ਸੰਯੁਕਤ ਸਮਾਜ ਮੋਰਚੇ ਨੇ ਪੰਜਾਬ ਚ ਕੀਤੀ ਪੰਜ ਕੋਣੀ ਲੜਾਈ!!

ਵਿਸ਼ੇਸ਼ ਰਿਪੋਰਟ-ਜਸਪਾਲ

ਪੰਜਾਬ ਵਿੱਚ ਅਕਸਰ ਸਿਆਸੀ ਮੰਚ ਤੇ ਹਾਲੇ ਤਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋਡ਼ ਆਹਮੋ-ਸਾਹਮਣੇ ਦੀ ਲਡ਼ਾਈ ਹੁੰਦੀ ਰਹੀ ਹੈ। ਵੋਟਰਾਂ ਨੇ ਪਿਛਲੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਰੂਪ ਵਿਚ ਲਡ਼ਾਈ ਦਾ ਤੀਸਰਾ ਕੋਣ ਵੀ ਦੇਖਿਆ ਸੀ। ਇਸ ਵਾਰ ਸ਼ੋ੍ਰਮਣੀ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤੇ ’ਚ ਆਈ ਦਰਾਡ਼ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਜਾਣ ਤੋਂ ਬਾਅਦ ਲਡ਼ਾਈ ਸਮਕੋਣੀ ਹੋ ਗਈ ਸੀ ਪਰ ਕਿਸਾਨ ਜਥੇਬੰਦੀਆਂ ਨੇ ਅੱਜ ਸੰਯੁਕਤ ਸਮਾਜ ਮੋਰਚਾ ਬਣਾ ਕੇ ਪੰਜਵਾਂ ਕੋਣ ਬਣਨ ਦੀ ਕੋਸ਼ਿਸ਼ ਕੀਤੀ ਹੈ। ਨਿਸ਼ਚਿਤ ਰੂਪ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲੇ ਅੰਦੋਲਨ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਇਕ ਪਲੇਟਫਾਰਮ ’ਤੇ ਆ ਗਈਆਂ ਹਨ ਅਤੇ ਲੋਕਾਂ ਦੀ ਹਮਦਰਦੀ ਉਨ੍ਹਾਂ ਦੇ ਨਾਲ ਰਹੀ ਹੈ ਪਰ ਸਿਆਸੀ ਰੂਪ ਵਿਚ ਵੱਖ-ਵੱਖ ਵਿਚਾਰਧਾਰਾਵਾਂ ਵਿਚ ਵੰਡੀਆਂ ਕਿਸਾਨ ਜਥੇਬੰਦੀਆਂ ਕੀ ਚੋਣ ਰਾਜਨੀਤੀ ਵਿਚ ਵੀ ਲੋਕਾਂ ਦੀ ਉਹੀ ਹਮਦਰਦੀ ਪ੍ਰਾਪਤ ਕਰ ਸਕਣਗੇ ਜਾਂ ਉਨ੍ਹਾਂ ਦਾ ਹਾਲ ਵੀ ਮਨਪ੍ਰੀਤ ਬਾਦਲ ਦੀ ਪੀਪੀਪੀ ਵਰਗਾ ਹੋਵੇਗਾ। ਇਸ ਸਵਾਲ ਦਾ ਉੱਤਰ ਹਾਲੇ ਭਵਿੱਖ ਦੇ ਗਰਭ ਵਿਚ ਹੈ ਪਰ ਇਕ ਗੱਲ ਤਾਂ ਨਿਸ਼ਚਿਤ ਹੈ ਕਿ ਕਿਸਾਨਾਂ ਦੇ ਚੋਣ ਮੈਦਾਨ ਵਿਚ ਆਉਣ ਨਾਲ ਕਈ ਸਮੀਕਰਨ ਬਦਲ ਜਾਣਗੇ। ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋਡ਼, ਆਮ ਆਦਮੀ ਪਾਰਟੀ ਅਤੇ ਕਾਂਗਰਸ ਤਿੰਨੋਂ ਦਾ ਹੀ ਦਿਹਾਤੀ ਸੀਟਾਂ ’ਤੇ ਨੁਕਸਾਨ ਹੋਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਤਾਂ ਪਹਿਲਾਂ ਤੋਂ ਹੀ ਦਿਹਾਤੀ ਵਰਗ ’ਚ ਕੋਈ ਆਧਾਰ ਨਹੀਂ ਹੈ, ਇਸ ਲਈ ਉਸ ਦਾ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਜੱਟ ਸਿੱਖ ਕਿਸਾਨੀ ਵੋਟ ਬੈਂਕ ਵਿਚ ਸਭ ਤੋਂ ਵੱਡਾ ਆਧਾਰ ਸ਼ੋ੍ਰਮਣੀ ਅਕਾਲੀ ਦਲ ਦਾ ਹੈ ਪਰ ਉੁਨ੍ਹਾਂ ਦੇ ਇਹ ਵੋਟਰ ਪੰਥਕ ਤੌਰ ’ਤੇ ਵੀ ਪਾਰਟੀ ਨਾਲ ਜੁਡ਼ੇ ਹਨ। ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਖਡ਼੍ਹਾ ਹੋਣ ਵਾਲਾ ਹੈ ਕਿ ਉਹ ਪੰਥਕ ਪਾਰਟੀ ਕੋਲ ਜਾਣ ਜਾਂ ਕਿਸਾਨੀ ਮੋਰਚੇ ਵੱਲ। ਅਕਾਲੀ ਆਗੂਆਂ ਨੇ ਕਿਸਾਨਾਂ ਵੱਲੋਂ ਚੋਣ ਲਡ਼ਨ ਦੇ ਇਰਾਦਿਆਂ ਨੂੰ ਭਾਂਪ ਕੇ ਆਪਣੀ ਲਡ਼ਾਈ ਪਹਿਲਾਂ ਹੀ ਪੰਥਕ ਬਣਾ ਲਈ ਹੈ। ਜੇ ਉਹ ਇਸ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਨਾ ਹੋਏ ਤਾਂ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਨੂੰ ਹੀ ਹੋਣ ਵਾਲਾ ਹੈ। ਕਾਂਗਰਸ ਦਾ ਵੀ ਦਿਹਾਤੀ ਸੈਕਟਰ ਵਿਚ ਚੰਗਾ ਆਧਾਰ ਹੈ। ਪਿੰਡਾਂ ਦੀ ਧਡ਼ੇਬੰਦੀ ਕਾਰਨ ਉਨ੍ਹਾਂ ਨੂੰ ਚੰਗਾ ਖਾਸਾ ਵੋਟ ਬੈਂਕ ਇਥੋਂ ਮਿਲਦਾ ਹੈ। ਪੰਜ ਏਕਡ਼ ਤਕ ਦੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਦਾ ਕਰਜ਼ਾ ਮਾਫ ਕਰਕੇ ਉਹ ਇਸ ਵੋਟ ਬੈਂਕ ਨੂੰ ਹਾਸਲ ਕਰਨ ਦੀ ਆਸ ਲਗਾਈ ਬੈਠੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਪਿਛਲੀਆਂ ਚੋਣਾਂ ਵਿਚ ਵੱਡੀ ਗਿਣਤੀ ਵਿਚ ਵੋਟਾਂ ਕਿਸਾਨਾਂ ਨੂੰ ਮਿਲੀਆਂ ਸਨ ਪਰ ਪਾਰਟੀ ਆਪਣੇ ਨਿਸ਼ਾਨੇ ’ਤੇ ਪੂਰੀ ਨਹੀਂ ਉੱਤਰ ਸਕੀ ਅਤੇ 20 ਵਿਚੋਂ 11 ਵਿਧਾਇਕ ਜਾਂ ਤਾਂ ਪਾਰਟੀ ਨੂੰ ਛੱਡ ਗਏ ਜਾਂ ਰਾਜਨੀਤੀ ਤੋਂ ਹੀ ਬਾਹਰ ਹੋ ਗਏ। ਪਾਰਟੀ ਕੋਲ ਦਿਹਾਤੀ ਸੈਕਟਰ ਵਿਚ ਵਿਚਾਰਕ ਕਾਡਰ ਵੋਟ ਵੀ ਨਹੀਂ ਹੈ। ਕਿਸਾਨਾਂ ਦਾ ਮੋਰਚਾ ਆਮ ਆਦਮੀ ਪਾਰਟੀ ਨੂੰ ਹੀ ਸਭ ਤੋਂ ਵੱਧ ਨੁਕਸਾਨ ਪਹੁੰਚਾ ਸਕਦਾ ਹੈ ਪਰ ਇਕ ਗੱਲ ਸਾਫ ਹੈ ਕਿ ਕਿਸਾਨਾਂ ਦਾ ਮੋਰਚਾ ਬਣਨ ਨਾਲ ਪੰਜਾਬ ਵਿਚ ਸਿਆਸੀ ਸਮੀਕਰਨ ਹੁਣ ਇਕ ਵਾਰ ਫਿਰ ਤੋਂ ਬਦਲਣਗੇ।

Comment here