ਸਿਆਸਤਖਬਰਾਂ

ਸਿੱਧੂ ਹਾਲੇ ਵੀ ਆਪਣੀ ਸਰਕਾਰ ਤੋਂ ਨਾਖ਼ੁਸ਼

ਕਿਹਾ-99 ਫੀਸਦੀ ਲੋਕ ਵਿਲਕ ਰਹੇ
ਮੈਂ ਚੋਣ ਜਿਤਵਾਉਣ ਵਾਲਾ ਸ਼ੋਅ ਪੀਸ ਨਹੀਂ ਅਤੇ ਨਾ ਹੀ ਅੱਗੇ ਬਣਾਂਗਾ
ਚੰਡੀਗੜ੍ਹ-ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਚ ਲੋਕਾਂ ਨਾਲ ਰੂ-ਬ-ਰੂ ਹੁੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਕੋਈ ਚੋਣ ਜਿਤਵਾਉਣ ਵਾਲਾ ਸ਼ੋਅ ਪੀਸ ਨਹੀਂ ਹਾਂ ਅਤੇ ਨਾ ਹੀ ਬਣਾਂਗਾ। ਪੰਜਾਬ ਦੇ ਲੋਕਾਂ ਨਾਲ ਸੱਤਾ ਵਿਚ ਆਉਣ ਲਈ ਝੂਠ ਨਹੀਂ ਬੋਲਾਂਗਾ ਕਿਉਂਕਿ ਮੇਰੇ ਕੋਲ ਗੁਵਾਉਣ ਲਈ ਕੁਝ ਨਹੀਂ ਹੈ। ਮੈਂ ਸਭ ਕੁਝ ਨਿਛਾਵਰ ਕਰ ਦੇਵਾਂਗਾ ਪਰ ਪੰਜਾਬ ਨਾਲ ਧੋਖਾ ਨਹੀਂ ਹੋਣ ਦੇਵਾਂਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਸੱਤਾ ਦਾ ਕੋਈ ਲੋਭ ਨਹੀਂ ਪਰ ਪੰਜਾਬ ਸਰਕਾਰ ਨੂੰ ਹਰ ਪਲ ਮਸਲਿਆਂ ਤੋਂ ਜਾਣੂੰ ਕਰਵਾਉਂਦਾ ਰਹਾਂਗਾ। ਲੋਕਾਂ ਨੂੰ ਦੱਸਾਂਗਾ ਕਿ ਪੰਜਾਬ ਵਿਚ ਸਿਰਫ਼ 1 ਫੀਸਦੀ ਜਨਤਾ ਦਾ ਭਲਾ ਹੋਇਆ ਹੈ, 99 ਫੀਸਦੀ ਵਿਲਕਦੇ ਘੁੰਮ ਰਹੇ ਹਨ। ਪੰਜਾਬ ਮਾਡਲ ਹੀ ਇਸਦਾ ਹੱਲ ਹੈ, ਜੋ 17 ਸਾਲ ਦੀ ਮਿਹਨਤ ਨਾਲ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਨੀਵਾਂ ਵਿਖਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਸਿੱਧੂ ਖਿਲਾਫ ਕੁਝ ਨਹੀਂ ਮਿਲ ਰਿਹਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਬਿਜਲੀ ਮੰਤਰੀ ਦਾ ਅਹੁਦਾ ਵੀ ਇਸ ਲਈ ਠੁਕਰਾਇਆ ਸੀ ਕਿਉਂਕਿ ਉਨ੍ਹਾਂ ਨੂੰ ਬਿਜਲੀ ਮੰਤਰੀ ਸਿਰਫ਼ ਜਲੀਲ ਕਰਨ ਲਈ ਬਣਾਇਆ ਜਾ ਰਿਹਾ ਸੀ।
ਨਵਜੋਤ ਸਿੱਧੂ ਤੋਂ ਪੁੱਛਿਆ ਗਿਆ ਕਿ ਹਾਈਕਮਾਨ ਨੇ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਨਾ ਬਣਾਇਆ ਤਾਂ ਕੀ ਹੋਵੇਗਾ, ਇਸ ’ਤੇ ਸਿੱਧੂ ਨੇ ਜਵਾਬ ਦਿੱਤਾ ਕਿ ਇਸ ਸਵਾਲ ਦੇ ਜਵਾਬ ’ਤੇ ਪੰਜਾਬ ਦਾ ਭਵਿੱਖ ਖੜ੍ਹਾ ਹੈ। ਇਸ ਵਾਰ ਯੋਗ ਸਵਾਮੀ ਹੀ ਪੰਜਾਬ ਸੰਵਾਰੇਗਾ ਪਰ ਜੇਕਰ ਕੋਈ ਇਹ ਕਹੇਗਾ ਕਿ ਸਰਕਾਰ ਬਣਾ ਦਿਓ, ਫਿਰ ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ ਨੂੰ ਵੇਖਦੇ ਰਹੋ ਤਾਂ ਸਿੱਧੂ ਮਰਦਾ ਮਰ ਜਾਵੇਗਾ, ਇਹ ਸਭ ਕੁਝ ਨਹੀਂ ਦੇਖੇਗਾ। ਸਿੱਧੂ ਜ਼ਿੰਮੇਵਾਰੀ ਨਹੀਂ ਲਵੇਗਾ। ਸਿੱਧੂ ਨੇ ਕਿਹਾ ਕਿ ਉਹ ਹਾਈਕਮਾਨ ਦੀ ਇੱਜ਼ਤ ਕਰਦੇ ਹਨ। ਆਖਰੀ ਦਮ ਤੱਕ ਸਿੱਧੂ ਪ੍ਰਿਯੰਕਾ ਅਤੇ ਰਾਹੁਲ ਗਾਂਧੀ ਦੇ ਨਾਲ ਖੜ੍ਹਾ ਰਹੇਗਾ ਕਿਉਂਕਿ ਪਾਰਟੀ ਬਦਲਣ ਨਾਲ ਪੰਜਾਬ ਨਹੀਂ ਬਦਲੇਗਾ। ਅਹੁਦੇ ਮਿਲ ਸਕਦੇ ਹਨ ਪਰ ਪੰਜਾਬ ਪਾਲਿਸੀ ਅਤੇ ਵਿਜ਼ਨ ਨਾਲ ਬਦਲੇਗਾ। ਜੁਗਾੜ, ਲਾਲੀਪਾਪ ਨਾਲ, ਝੂਠ ਨਾਲ ਪੰਜਾਬ ਨਹੀਂ ਬਦਲੇਗਾ।
ਮੁੱਖ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੋਲੇ ਸਿੱਧੂ-ਬਿੱਲੀ ਦੇ ਗਲ ਵਿਚ ਘੰਟੀ ਮੈਂ ਬੰਨ੍ਹਾਂਗਾ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਭੁਲੇਖਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਬਿਨ੍ਹਾਂ ਕੋਈ ਦੂਜਾ ਪੰਜਾਬ ਚਲਾ ਰਿਹਾ ਹੈ। ਅਫਸਰਸ਼ਾਹੀ ਵੀ ਕੇਵਲ ਮੁੱਖ ਮੰਤਰੀ ਨੂੰ ਹੀ ਜਵਾਬਦੇਹ ਹੈ। ਇਸ ਲਈ ਜੋ ਕਮਾਊ ਪੁੱਤ ਅਫਸਰ ਹੈ, ਮੁੱਖ ਮੰਤਰੀ ਉਸੇ ਨੂੰ ਕੰਮ ਦਿੰਦੇ ਹਨ। ਇਹ ਵੀ ਇੱਕ ਤਰ੍ਹਾਂ ਦਾ ਮਾਫੀਆ ਹੈ, ਜਿਸ ਖ਼ਿਲਾਫ਼ ਸਿੱਧੂ ਲੜ ਰਿਹਾ ਹੈ। ਸਿੱਧੂ ਨੇ ਕਿਹਾ ਕਿ ਬਿੱਲੀ ਦੇ ਗਲੇ ਵਿਚ ਘੰਟੀ ਮੈਂ ਹੀ ਬੰਨ੍ਹਾਂਗਾ ਕਿਉਂਕਿ ਮੈਂ ਤਾਂ ਉਨ੍ਹਾਂ ਲੋਕਾਂ ਦੇ ਗਲੇ ਵਿਚ ਘੰਟੇ ਬੰਨ੍ਹ ਦਿੱਤੇ, ਜੋ ਖੁਦ ਨੂੰ ਸ਼ੇਰ ਦੱਸਦੇ ਸਨ।
ਬੇਦਅਬੀ, ਨਸ਼ੇ ਦੇ ਮਸਲੇ ਨੂੰ ਛੱਡ ਕੇ ਸਾਰੇ ਮਸਲੇ ਇਨਕਮ ਨਾਲ ਹੱਲ ਹੋ ਸਕਦੇ ਹਨ
ਸਿੱਧੂ ਨੇ ਕਿਹਾ ਕਿ ਬੇਅਦਬੀ ਅਤੇ ਨਸ਼ੇ ਨੂੰ ਛੱਡ ਕੇ ਪੰਜਾਬ ਦੇ ਹਰ ਮਸਲੇ ਦਾ ਹੱਲ ਇਨਕਮ ਵਿਚ ਲੁਕਿਆ ਹੈ। ਪੰਜਾਬ ਵਿਚ ਜਦੋਂ ਅਧਿਆਪਕ ਹੀ ਸੜਕਾਂ ’ਤੇ ਬੈਠਾ ਹੈ ਤਾਂ ਉਹ ਕੀ ਸਿੱਖਿਆ ਦੇਵੇਗਾ। ਕਿਸਾਨ ਅੰਦੋਲਨ ਨੂੰ ਲੈ ਕੇ ਸਿੱਧੂ ਨੇ ਕਿਹਾ ਕਿ ਜੰਗ ਤਾਂ ਸ਼ੁਰੂ ਹੋਈ ਹੈ। ਪੰਜਾਬ ਦੇ ਕਿਸਾਨ ਅੰਦੋਲਨ ਨੇ ਕੇਂਦਰ ਨੂੰ ਅਹਿਸਾਸ ਦਿਵਾਇਆ ਹੈ ਪਰ ਕੀ ਖੁਦਕੁਸ਼ੀਆਂ ਰੁਕ ਗਈਆਂ, ਕੀ ਘੱਟੋ-ਘੱਟ ਸਮਰਥਨ ਮੁੱਲ ਮਿਲ ਗਿਆ। ਕੀ ਘੱਟ ਹੁੰਦੀ ਆਮਦਨ ਵਧੀ। ਇਹ ਰੋਡਮੈਪ ਨਾਲ ਸੰਭਵ ਹੋਵੇਗਾ। ਪਾਕਿਸਤਾਨ ਨਾਲ ਵਪਾਰ ਦਾ ਦਰਵਾਜ਼ਾ ਖੁੱਲ੍ਹਣਾ ਚਾਹੀਦਾ ਹੈ। ਬੇਅਦਬੀ ਦਾ ਇਨਸਾਫ ਸਿਰਫ਼ ਅਦਾਲਤ ਨੇ ਨਹੀਂ ਕਰਨਾ ਸਗੋਂ ਪੰਜਾਬ ਦੇ ਲੋਕਾਂ ਦੀ ਅਦਾਲਤ ਵੀ ਇਨਸਾਫ ਕਰੇਗੀ।
ਰਿਜ਼ਰਵੇਸ਼ਨ ਸਿਰਫ਼ ਮੈਰਿਟ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ
ਸਿੱਧੂ ਨੇ ਰਾਖਵੇਂਕਰਨ ਦੇ ਮੁੱਦੇ ’ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਸਿਰਫ਼ ਮੈਰਿਟ ਦਾ ਸਨਮਾਨ ਕਰਦੇ ਹਨ। ਜੇਕਰ ਪਛੜੇ ਵਰਗ ਦਾ ਆਈ. ਏ. ਐੱਸ. ਹੈ ਤਾਂ ਉਸ ਨੂੰ ਰਾਖਵੇਂਕਰਨ ਦਾ ਲਾਭ ਨਹੀਂ ਮਿਲਣਾ ਚਾਹੀਦਾ ਹੈ। ਜਿਨ੍ਹਾਂ ਕੋਲ ਹਜ਼ਾਰਾਂ ਏਕੜ ਜਮੀਨ ਹੈ, ਉਨ੍ਹਾਂ ਨੂੰ ਬਿਜਲੀ ਸਬਸਿਡੀ ਨਹੀਂ ਮਿਲਣੀ ਚਾਹੀਦੀ ਹੈ। ਸਰਵੇ ਕਰਵਾ ਕੇ ਵਿੱਤੀ ਆਧਾਰ ’ਤੇ ਗਰੀਬ ਦੀ ਪਰਿਭਾਸ਼ਾ ਤੈਅ ਹੋਣੀ ਚਾਹੀਦੀ ਹੈ। ਹਾਲਾਂਕਿ ਸਿੱਧੂ ਸਰਕਾਰ ਵਲੋਂ ਜ਼ਮੀਨ -ਮਾਲਕਾਂ ਦਾ ਬਿਓਰਾ ਮੰਗਣ ਦੇ ਸਵਾਲ ਨੂੰ ਟਾਲ ਗਏ।
ਸਾਬਕਾ ਐਡਵੋਕੇਟ ਜਨਰਲ ’ਤੇ ਵਿੰਨਿ੍ਹਆ ਨਿਸ਼ਾਨਾ
ਸਿੱਧੂ ਨੇ ਸਾਬਕਾ ਐਡਵੋਕੇਟ ਜਨਰਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਐਡਵੋਕੇਟ ਜਨਰਲ ਤੋਂ ਪੁੱਛੋ ਕਿ ਉਨ੍ਹਾਂ ਨੇ ਪੰਜਾਬ ਨੂੰ ਕੀ ਦਿੱਤਾ। ਕੇਸ ਮਿਲੀਭੁਗਤ ਨਾਲ ਹਰਾਏ। ਪੁੱਛਿਆ ਜਾਣਾ ਚਾਹੀਦਾ ਹੈ ਕਿ ਸਭ ਤੋਂ ਜ਼ਿਆਦਾ ਪੈਸੇ ਵਾਲੇ ਰੂਟ ’ਤੇ ਮਤਲਬ ਏਅਰਪੋਰਟ ਨੂੰ ਜਾਣ ਵਾਲੀਆਂ ਬੱਸਾਂ ਨੂੰ ਕਿਸਨੇ ਦਿੱਲੀ ਵਿਚ ਦਾਖਲ ਹੋਣ ਦਿੱਤਾ।
ਪੰਜਾਬ ਵਿੱਤੀ ਦੀਵਾਲੀਆ ਹੋਣ ਦੀ ਕਗਾਰ ’ਤੇ ਖੜ੍ਹਾ ਹੈ
ਸਿੱਧੂ ਨੇ ਕਿਹਾ ਕਿ ਪੰਜਾਬ ਵਿੱਤੀ ਦੀਵਾਲੀਆ ਹੋਣ ਦੀ ਕਗਾਰ ’ਤੇ ਖੜ੍ਹਾ ਹੈ। ਕਰਜ਼ੇ ਨੂੰ ਚੁਕਾਉਣ ਵਿਚ ਅਤੇ ਖਰਚਿਆਂ ਤੋਂ ਬਾਅਦ ਜੋ 10-15 ਹਜ਼ਾਰ ਕਰੋੜ ਰੁਪਏ ਬਚਦਾ ਹੈ, ਜੇਕਰ ਕੋਈ ਗਲਤ ਵਿਅਕਤੀ ਸੱਤਾ ਵਿਚ ਆ ਗਿਆ ਤਾਂ ਇਹ ਵੀ ਨਹੀਂ ਬਚੇਗਾ। ਕੇਜਰੀਵਾਲ ਨੂੰ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਰੈਵੇਨਿਊ ਸਰਪਲਸ ਸਟੇਟ ਦਿੱਤਾ ਹੈ। 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਇੱਥੇ ਜੋ ਐਲਾਨ ਕੇਜਰੀਵਾਲ ਪੰਜਾਬ ਵਿਚ ਕਰ ਰਹੇ ਹਨ, ਉਸ ਲਈ ਪੈਸਾ ਕਿੱਥੋਂ ਆਵੇਗਾ।

Comment here