ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਸਵਿਸ ਬੈਂਕਾਂ ਵਿਚਲਾ ਕਾਲਾ ਧਨ ਛੇ ਗੁਣਾ ਕਿਵੇਂ ਵਧ ਗਿਆ?

ਕਿਸੇ ਈਮਾਨਦਾਰ, ਸਿਆਣੇ ਤੇ ਲੋਕਾਂ ਦਾ ਭਲਾ ਕਰ ਸਕਣ ਵਾਲੇ ਕਿਸੇ ਸਿਆਸਤਦਾਨ ਦੀ ਤਲਾਸ਼ ਵਿਚ ਹਰ ਪੰਜ ਸਾਲ ਬਾਅਦ ਚੋਣਾਂ ਰਖੀਆਂ ਜਾਂਦੀਆਂ ਹਨ ਕਿ ਹੁਣ ਸਾਡੀ ਹਾਲਤ ਵਿਚ ਵੀ ਕੋਈ ਬਦਲਾਅ ਆਵੇਗਾ ਅਤੇ ਇਹ ਅਪਣੀ ਕੁਰਸੀ ਪ੍ਰਤੀ, ਅਪਣੇ ਵੋਟਰ ਪ੍ਰਤੀ ਜ਼ਿੰਮੇਵਾਰੀ ਵਿਖਾਉਂਦੇ ਹੋਏ ਇਮਾਨਦਾਰੀ ਨਾਲ ਚਲਣਗੇ। ਪਰ ਹਰ ਪਲ ਇਹ ਅਹਿਸਾਸ ਵਧਦਾ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਵਧਦਾ ਹੀ ਜਾ ਰਿਹਾ ਹੈ। ਨੋਟਬੰਦੀ ਦਾ ਭਾਰ ਭਾਰਤ ਦੇ ਹਰ ਗ਼ਰੀਬ ਨੇ ਝਲਿਆ ਹੈ ਪਰ ਇਕ ਆਸ ਸੀ ਕਿ ਇਸ ਨਾਲ ਭਾਰਤ ਦਾ ਸਿਸਟਮ ਸਾਫ਼ ਹੋ ਜਾਵੇਗਾ ਤੇ ਅਮੀਰਾਂ ਦੀਆਂ ਦੌਲਤਾਂ ਆਮ ਗ਼ਰੀਬਾਂ ਦੇ ਕੰਮ ਵੀ ਆਉਣਗੀਆਂ। ਪਰ ਆਰ.ਬੀ.ਆਈ. ਦੀ ਰੀਪੋਰਟ ਨੇ ਇਸ ਸੋਚ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿਤਾ ਹੈ। ਆਰ.ਬੀ.ਆਈ. ਮੁਤਾਬਕ ਅੱਜ 100 ਤੇ 50 ਦੇ ਨੋਟ ਘਟਦੇ ਜਾ ਰਹੇ ਹਨ। ਵੱਡੇ ਨੋਟਾਂ ਵਿਚ ਵਾਧਾ  ਹੋਇਆ ਹੈ ਪਰ ਨਾਲ ਹੀ ਨਕਲੀ ਨੋਟਾਂ ਵਿਚ ਜਿਹੜਾ ਵਾਧਾ ਹੋਇਆ ਹੈ, ਉਹ ਜ਼ਿਆਦਾਤਰ 500 ਤੇ 2000 ਦੇ ਨੋਟਾਂ ਵਿਚ ਹੈ। ਇਕ ਸਾਲ ਵਿਚ 101.9 ਫ਼ੀ ਸਦੀ ਵਾਧਾ 500 ਦੇ ਨੋਟਾਂ ਵਿਚ ਤੇ 54.6 ਫ਼ੀਸਦੀ ਵਾਧਾ 2000 ਦੇ ਨੋਟਾਂ ਵਿਚ ਹੋਇਆ ਹੈ। ਕਾਲਾ ਧਨ ਤੇ ਕਾਗ਼ਜ਼ੀ ਆਰਥਕਤਾ, ਨੋਟਬੰਦੀ ਤੋਂ ਬਾਅਦ ਅੱਜ ਹੋਰ ਜ਼ਿਆਦਾ ਵੱਡੇ ਹੋ ਗਏ ਹਨ। 2000 ਦੇ ਨੋਟਾਂ ਨੇ ਇਸ ਧੰਦੇ ਨੂੰ ਹੋਰ ਮਦਦ ਦਿਤੀ ਨਾ ਕਿ ਘਟਾਉਣ ਵਿਚ ਕੋਈ ਯੋਗਦਾਨ ਪਾਇਆ। ਜਿਹੜਾ ਕਾਲਾ ਧਨ ਸਵਿਸ ਬੈਂਕਾਂ ਵਿਚ ਸੀ, ਉਸ ਵਿਚ ਛੇ ਗੁਣਾਂ ਵਾਧਾ ਹੋਇਆ ਹੈ ਤੇ ਅੱਜ ਤੋਂ ਪਿਛਲੇ 13 ਸਾਲ ਵਿਚ ਸੱਭ ਤੋਂ ਵੱਧ ਪੈਸਾ ਅਮੀਰਾਂ ਤੇ ਅਮੀਰ ਕੰਪਨੀਆਂ ਨੇ ਸਵਿਸ ਬੈਂਕਾਂ ਵਿਚ ਭੇਜਿਆ ਹੈ। ਇਹ ਰਕਮ 2020 ਵਿਚ ਤਕਰੀਬਨ 20,700 ਕਰੋੜ ਸੀ। ਕਿਸ ਦਾ ਪੈਸਾ ਕਿਸ ਤਰ੍ਹਾਂ ਗਿਆ, ਇਹ ਮਹੱਤਵਪੂਰਨ ਨਹੀਂ ਪਰ ਇਹ ਸਾਫ਼ ਹੈ ਕਿ ਇਹ ਇਮਾਨਦਾਰੀ ਨਾਲ ਕਮਾਇਆ ਧਨ ਨਹੀਂ ਹੈ। ਇਸ ਤੇ ਸਾਡੇ ਵਰਗੇ ਆਮ ਲੋਕਾਂ ਵਾਂਗ 30-40 ਫ਼ੀ ਸਦੀ ਟੈਕਸ ਨਹੀਂ ਦਿਤਾ ਗਿਆ ਤੇ ਇਹ ਧਨ ਅੱਜ ਵੀ ਸਾਡੇ ਸਿਸਟਮ ਵਿਚੋਂ ਦੌੜ ਰਿਹਾ ਹੈ। ਸਾਡੇ ਸਿਸਟਮ ਵਿਚ ਸੱਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਸਾਡੀ ਡੀ.ਐਨ.ਏ ਵਿਚ ਭ੍ਰਿਸ਼ਟਾਚਾਰ ਤੇ ਝੂਠ ਵਸ ਗਿਆ ਹੈ ਤੇ ਅਸੀ ਸਮਝਦੇ ਹੀ ਨਹੀਂ ਕਿ ਹੁਣ ਝੂਠ ਕੀ ਹੈ ਤੇ ਸੱਚ ਕੀ। ਹਾਲ ਹੀ ਵਿਚ ਪੰਜਾਬ ਵਿਚ ‘ਆਪ’ ਸਰਕਾਰ ਨੇ ਅਪਣਾ ਇਕ ਮੰਤਰੀ ਫੜ ਕੇ ਸਿਸਟਮ ਵਿਚ ਇਮਾਨਦਾਰੀ ਲਿਆਉਣ ਦਾ ਦਾਅਵਾ ਕੀਤਾ ਤਾਂ ਝੱਟ ਦਿੱਲੀ ਵਿਚ ਈ.ਡੀ. ਵਲੋਂ ਸਿਹਤ ਮੰਤਰੀ  ਸਤੇਂਦਰ ਜੈਨ ਨੂੰ ਪੈਸੇ ਦੇ ਗ਼ਬਨ ਦੇ ਦੋਸ਼ਾਂ ਵਿਚ ਹਿਰਾਸਤ ਵਿਚ ਲੈ ਲਿਆ ਤੇ ਹੁਣ ਦਿੱਲੀ ਵਿਚ ਸਿਖਿਆ ਪ੍ਰਬੰਧਨ ਤੇ ਵੀ ਇਲਜ਼ਾਮ ਲੱਗ ਰਹੇ ਹਨ। ਈ.ਡੀ. ਦੋਸ਼ਾਂ ਨੂੰ ਲੈ ਕੇ ਅੜਿਆ ਖੜਾ ਹੈ ਤੇ ਕੇਂਦਰੀ ਮੰਤਰੀ ਵੀ ਮਜ਼ਬੂਤੀ ਨਾਲ ਅਪਣੀ ਮਾਸੂਮੀਅਤ ਦਾ ਦਾਅਵਾ ਕਰਦੇ ਹੋਏ ਕਹਿ ਰਹੇ ਹਨ ਕਿ ਇਹੀ ਸਭ ਸ਼ਾਹਰੁਖ਼ ਦੇ ਬੇਟੇ ਨੂੰ ਫੜਨ ਮਗਰੋਂ ਵੀ ਐਨ.ਸੀ.ਬੀ. ਵਲੋਂ ਕਿਹਾ ਗਿਆ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨੂੰ ਕਤਲ ਦੱਸਣ ਦੇ ਯਤਨ ਕੀਤੇ ਗਏ ਸਨ ਪਰ ਅੱਜ ਤਸਵੀਰ ਕੁੱਝ ਹੋਰ ਹੀ ਦਸਦੀ ਹੈ। ਇਕ ਦਿਨ ਕਿਸੇ ਸਿਆਸੀ ਚਾਲ ਵਜੋਂ ਕਿਸੇ ਵਿਰੋਧੀ ਤੇ ਦੋਸ਼ ਲਗਦੇ ਹਨ ਤੇ ਫਿਰ ਕੁੱਝ ਦੇਰ ਬਾਅਦ  ਸੱਭ ਕੁੱਝ ਭੁਲਾ ਦਿਤਾ ਜਾਂਦਾ ਹੈ। ਇਸੇ ਤਰ੍ਹਾਂ ਪੁਟਾ ਵਿਚ ਨੌਜਵਾਨ ਫੜੇ ਜਾਂਦੇ ਹਨ ਅਤੇ ਜ਼ਿੰਦਗੀਆਂ ਤਬਾਹ ਕਰ ਕੇ ਇਕ ਦੋ ਸਾਲ ਬਾਅਦ ਅਦਾਲਤ ਬਰੀ ਕਰ ਦਿੰਦੀ ਹੈ। ਕਾਲਾ ਧਨ, ਨਕਲੀ ਪੈਸਾ ਸਾਡਾ ਸਿਸਟਮ ਬਦਲਣ ਵਾਸਤੇ ਇਕ ਇਮਾਨਦਾਰ ਕਿਰਦਾਰ ਦੀ ਤਲਾਸ਼ ਵਿਚ ਹੈ। ਪਰ ਜਿਹੜੇ ਲੋਕ ਇਕ ਨਾਬਾਲਗ਼ ਦੀ ਜ਼ਿੰਦਗੀ ਨਾਲ ਖੇਡ ਸਕਦੇ ਹਨ, ਕੀ ਉਹ ਪੈਸੇ ਦੇ ਮਾਮਲੇ ਵਿਚ ਇਮਾਨਦਾਰੀ ਕਰ ਸਕਦੇ ਹਨ? ਇਹ ਕਾਲਾ ਧਨ ਸਾਡੇ ਸਮਾਜ ਦੇ ਕਿਰਦਾਰ ਦੇ ਕਾਲੇ ਹੋਣ ਦੀ ਨਿਸ਼ਾਨੀ ਹੈ। ਲਾਲਚ ਨੇ ਸਾਡੇ ਸਿਆਸਤਦਾਨਾਂ ਨੂੰ ਅੰਨ੍ਹਾ ਬਣਾ ਦਿਤਾ ਹੈ ਕਿਉਂਕਿ ਸਿਆਸਤਦਾਨ ਦਾ ਮਤਲਬ ਅੱਜ ਇਹ ਲਿਆ ਜਾਂਦਾ ਹੈ ਕਿ ਇਹ ਉਹ ਵਿਅਕਤੀ ਹੈ ਜੋ ਕਿਸੇ ਦੂਜੇ ਇਨਸਾਨ ਨੂੰ ਅਪਣੀ ਤਾਕਤ ਨਾਲ ਰੋਲਣ ਵਿਚ ਜ਼ਰਾ ਜਿਹਾ ਤਰਸ ਨਹੀਂ ਕਰਦਾ ਤੇ ਪੈਸਾ ਇਕੱਠਾ ਕਰਨਾ ਤਾਂ ਉਸ ਦੀ ਦਿਨ ਰਾਤ ਦੀ ਖੇਡ ਹੈ। ਇਮਾਨਦਾਰ ਆਗੂ ਦੀ ਤਲਾਸ਼ ਦੌਰਾਨ ਕਿਸੇ ਦੀ ਵੀ ਗੱਲ ਤੇ ਵਿਸ਼ਵਾਸ ਕਰਨ ਦਾ ਔਖਾ ਕੰਮ ਹੁਣ ਵੋਟਰ ਦੇ ਸਿਵਾ, ਹੋਰ ਕੋਈ ਨਹੀਂ ਕਰ ਸਕਦਾ।

ਨਿਮਰਤ ਕੌਰ

Comment here