ਸਿਆਸਤਖਬਰਾਂਵਿਸ਼ੇਸ਼ ਲੇਖ

ਸਰਹਿੰਦ ਫ਼ਤਹਿ ਤੇ ਬਾਬਾ ਬੰਦਾ ਸਿੰਘ ਬਹਾਦਰ

ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਇਨਸਾਫ਼ ਦੀ ਤੇਗ ਨਾਲ 12 ਮਈ 1710 ਨੂੰ ਲਿਖੀ ਸਰਹਿੰਦ ਫ਼ਤਹਿ ਦੀ ਗਾਥਾ ਇਤਿਹਾਸ ਦੀ ਵੱਡੀ ਘਟਨਾ ਹੈ। ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਦਾ ਕਾਰਨਾਮਾ ਸਿੱਖ ਮਾਨਸਿਕਤਾ ਅੰਦਰ ਗੌਰਵ ਬਣ ਕੇ ਛਾਇਆ ਹੋਇਆ ਹੈ। ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਚਿਣਵਾ ਕੇ ਸ਼ਹੀਦ ਕਰਨ ਵਾਲੀ ਸਰਹਿੰਦ ਜ਼ੁਲਮ ਦਾ ਕਿਲ੍ਹਾ ਸੀ। ਇਹ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਅਤੇ ਮਾਤਾ ਗੁਜਰੀ ਜੀ ’ਤੇ ਹੋਏ ਕਹਿਰ ਦੀ ਨਿਸ਼ਾਨੀ ਸੀ। ਦੁਖੀ ਸਿੱਖ ਹਿਰਦਿਆਂ ਅਤੇ ਇਨਸਾਫ਼ ਪਸੰਦ ਲੋਕਾਂ ਦਾ ਰੋਹ ਜ਼ੁਲਮ ਦੀਆਂ ਨਿਸ਼ਾਨੀਆਂ ਨੂੰ ਮਿੱਟੀ ਵਿਚ ਮਿਲਾ ਦੇਣ ਲਈ ਤੜਫ਼ ਰਿਹਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਉੱਤੇ ਮੁਗਲ ਹਕੂਮਤ ਨੇ ਸਾਜਿਸ਼ ਅਧੀਨ ਝੂਠੇ ਦੂਸ਼ਣ ਲਗਾਏ ਸਨ। ਬਾਬਾ ਬੰਦਾ ਸਿੰਘ ਬਹਾਦਰ ਜ਼ਾਲਮ ਨਹੀਂ ਜ਼ਾਲਮਾਂ ਦਾ ਵਿਰੋਧੀ ਸੀ। ਉਸ ਅੰਦਰ ਮੁਸਲਮਾਨਾਂ ਪ੍ਰਤੀ ਨਫ਼ਰਤ ਨਹੀਂ, ਧੱਕੇਸ਼ਾਹੀ ਦੇ ਟਿੱਬਿਆਂ ਨੂੰ ਸਮਤਲ ਕਰ ਦੇਣ ਦਾ ਵਿਗਾਸ ਸੀ। ਹਕੂਮਤ ਵਲੋਂ ਸਾਹਿਬਜ਼ਾਦਿਆਂ, ਮਾਤਾ ਜੀ ਅਤੇ ਸਿੱਖਾਂ ’ਤੇ ਢਾਹੇ ਦਿਲ ਕੰਬਾਊ ਜ਼ੁਲਮਾਂ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਦਾ ਰੋਹ ਆਪੇ ਤੋਂ ਬਾਹਰ ਨਹੀਂ ਸੀ ਹੋਇਆ। ਗੁਰੂ ਸਾਹਿਬ ਨੇ ਉਸ ਨੂੰ ਬਦਲੇ ਦਾ ਨਹੀਂ ਇਨਸਾਫ਼ ਦੀ ਸਥਾਪਨਾ ਦਾ ਮਿਸ਼ਨ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅੰਮ੍ਰਿਤ ਛਕਾ ਕੇ ਪੰਜਾਬ ਨੂੰ ਤੋਰਿਆ ਸੀ। ਗ਼ੁੱਸੇ ਵਿਚ ਭੜਾਸ ਕੱਢਣ ਦੀ ਥਾਂ ਜ਼ਾਲਮਾਂ ਨੂੰ ਦੰਡ ਦੇ ਕੇ ਉਹ ਅੱਤਿਆਚਾਰ ਕਰਨ ਤੋਂ ਤੋਬਾ ਕਰਵਾਉਣੀ ਚਾਹੁੰਦਾ ਸੀ। ਬਾਬਾ ਜੀ ਨੇ ਅੱਤਿਆਚਾਰੀਆਂ ਨੂੰ ਭਾਜੜਾਂ ਪਾ ਕੇ ਜਨਤਾ ਨੂੰ ਖੌਫ਼ ਤੋਂ ਮੁਕਤੀ ਦਿਵਾਈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਹਕੂਮਤ ਨੂੰ ਪਲਟ ਕੇ ਸੁਚੱਜਾ ਲੋਕ-ਕਲਿਆਣਕਾਰੀ ਰਾਜ ਸਥਾਪਿਤ ਕੀਤਾ।
ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ, ਮਜ਼ਲੂਮਾਂ ਦਾ ਰਾਖਾ ਅਤੇ ਜ਼ਾਬਰਾਂ ਲਈ ਤਬਾਹੀ ਦਾ ਤੂਫ਼ਾਨ ਸੀ। ਉਹ ਮਹਾਨ ਜਰਨੈਲ ਅਤੇ ਕਮਾਲ ਦਾ ਪ੍ਰਬੰਧਕ ਸੀ। ਸਰਹਿੰਦ ਦੇ ਯੁੱਧ ਵਿਚ ਬਾਬਾ ਬੰਦਾ ਸਿੰਘ ਬਹਾਦਰ ਕੋਲ ਸੂਬਾ ਸਰਹਿੰਦ ਦੇ ਮੁਕਾਬਲੇ ਬਹੁਤ ਥੋੜ੍ਹੇ ਸਾਧਨ ਸਨ। ਸੂਬੇ ਦੀਆਂ ਤੋਪਾਂ ਦੇ ਮੁਕਾਬਲੇ ਸਿੱਖਾਂ ਕੋਲ ਤੇਗਾਂ ਸਨ। ਸੂਬੇ ਦੇ ਭਿਅੰਕਰ ਹਾਥੀਆਂ ਨਾਲ ਜੂਝਣ ਲਈ ਸਿੱਖਾਂ ਕੋਲ ਨੇਜ਼ੇ ਸਨ। ਸਿੱਖਾਂ ਲਈ ਸਰਹਿੰਦ ਫ਼ਤਹਿ ਕਰਨਾ ਜ਼ਿੰਦਗੀ ਅਤੇ ਮੌਤ ਦਾ ਸੁਆਲ ਸੀ। ਇਹ ਕਬਜ਼ੇ ਦੀ ਲੜਾਈ ਨਹੀਂ ਧਰਮ ਯੁੱਧ ਦਾ ਸਿਦਕ ਸੀ। ਵੈਰੀ ਦੇ ਡਰ ਦੀ ਥਾਂ ’ਨਿਸਚੈ ਕਰ ਅਪਨੀ ਜੀਤ ਕਰੋਂ’ ਦਾ ਜੈਗਾਨ ਸੀ। ਸਿੱਖਾਂ ਨੇ ਹਥਿਆਰ ਖਰੀਦਣ ਲਈ ਆਪਣੇ ਪਸ਼ੂ ਅਤੇ ਪਤਨੀਆਂ ਦੇ ਗਹਿਣੇ ਤੱਕ ਵੇਚ ਦਿੱਤੇ ਸਨ। ਸੂਬਾ ਸਰਹਿੰਦ ਦੀਆਂ ਗਰਜਦੀਆਂ ਤੋਪਾਂ, ਚਿੰਘਿਆੜਦੇ ਹਾਥੀਆਂ ਅਤੇ ਘਾਤਕ ਸਾਜਿਸ਼ਾਂ ਅੱਗੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗੀ ਚਾਲਾਂ ਅਨੁਸਾਰ ਸੀਨੇ ਤਾਣ ਕੇ ਸੂਰਮਤਾਈ ਦੀ ਕਹਾਣੀ ਲਿਖਣ ਲੱਗੇ। ਸਿੱਖਾਂ ਦੀਆਂ ਤੇਗਾਂ ਨੇ ਤੋਪਾਂ ਦੇ ਮੂੰਹ ਮੋੜ ਦਿੱਤੇ ਸੂਬੇ ਦੀ ਹੰਕਾਰੀ ਸੈਨਾ ਸਿੱਖਾਂ ਦੇ ਸਿਦਕੀ-ਤੂਫ਼ਾਨ ਵਿਚ ਤੂੜੀ ਵਾਂਗ ਉੱਡ ਗਈ। ਗੋਲੀਆਂ ਦੀ ਆਵਾਜ਼ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ਼ ਵਿਚ ਸਿੱਖਾਂ ਨੇ ਸਰਹਿੰਦ ’ਤੇ ਕੇਸਰੀ ਨਿਸ਼ਾਨ ਝੁਲਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨਾਲ ਸਿਦਕੀ-ਸਿੱਖਾਂ ਤੋਂ ਬਿਨਾਂ ਅਜਿਹੇ ਲੋਕ ਵੀ ਘੁਸਪੈਠ ਕਰ ਜਾਂਦੇ ਸਨ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਇਹ ਲੁੱਟਮਾਰ ਕਰਨ ਲਈ ਆਉਂਦੇ ਸਨ। ਯੁੱਧ ਦੇ ਰੌਲੇ-ਰੱਪੇ ਵਿਚ ਇਨ੍ਹਾਂ ’ਤੇ ਪੂਰਨ ਰੂਪ ਵਿਚ ਕਾਬੂ ਪਾਉਣਾ ਸੰਭਵ ਨਹੀਂ ਸੀ। ਇਨ੍ਹਾਂ ਲੁਟੇਰਿਆਂ ਨੇ ਬਾਬਾ ਜੀ ਦੀਆਂ ਕਈ ਮੁਹਿੰਮਾਂ ਵਿਚ ਮਾੜਾ ਪ੍ਰਭਾਵ ਪਾਇਆ ਜਦੋਂ ਕਿ ਸਿੱਖ ਜ਼ਾਬਤੇ ਵਿਚ ਰਹਿੰਦੇ ਸਨ। ਸਰਹਿੰਦ ਫ਼ਤਹਿ ਪਿਛੋਂ ਸਿੱਖਾਂ ਨੇ ਨਕਸ਼ਬੰਦੀਆਂ ਦੇ ਸ਼ੇਖ ਅਹਿਮਦ ਮੁਜੱਜਦ ਅਲਫ-ਸਾਨੀ ਦੇ ਮਜ਼ਾਰ ਨੂੰ ਬਿਲਕੁਲ ਨੁਕਸਾਨ ਨਹੀਂ ਪਹੁੰਚਾਇਆ। ਇਸੇ ਤਰ੍ਹ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਕਰਕੇ ਮਲੇਰਕੋਟਲੇ ਨੂੰ ਸਿੱਖਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ।
ਬਾਬਾ ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਜੋ ਸਰਹਿੰਦ ਦੇ ਮੁਕਾਬਲੇ ਪਹਾੜੀ ਇਲਾਕੇ ਵਿਚ ਹੋਣ ਕਰਕੇ ਵੱਧ ਸੁਰੱਖਿਅਤ ਸੀ, ਨੂੰ ਲੋਹਗੜ੍ਹ ਦਾ ਨਾਂਅ ਦੇ ਕੇ ਆਪਣੀ ਰਾਜਧਾਨੀ ਬਣਾਇਆ। ਸਰਹਿੰਦ ਦੀ ਜ਼ਿੰਮੇਵਾਰੀ ਬਾਬਾ ਬਾਜ ਸਿੰਘ ਦੇ ਸਪੁਰਦ ਕੀਤੀ ਗਈ। ਬਾਬਾ ਅਲੀ ਸਿੰਘ ਨੂੰ ਉਨ੍ਹਾਂ ਦੇ ਨਾਇਬ ਨਿਯੁਕਤ ਕੀਤਾ ਗਿਆ। ਬਾਬਾ ਫ਼ਤਹਿ ਸਿੰਘ ਨੂੰ ਸਮਾਣਾ ਅਤੇ ਭਾਈ ਰਾਮ ਸਿੰਘ ਨੂੰ ਥਾਨੇਸਰ ਦੀ ਸੇਵਾ ਸੌਂਪੀ ਗਈ ਬਾਬਾ ਵਿਨੋਦ ਸਿੰਘ ਨੂੰ ਉਨ੍ਹਾਂ ਦੇ ਸਹਾਇਕ ਲਾਇਆ ਗਿਆ। ਇਸ ਨਵੇਂ ਰਾਜ ਪ੍ਰਬੰਧ ਦਾ ਇੰਨਾ ਚੰਗਾ ਪ੍ਰਭਾਵ ਪਿਆ ਕਿ ਮੁਸਲਮਾਨ ਵੀ ਸਿੱਖ ਸਜਣ ਲੱਗ ਪਏ।
ਹਕੂਮਤ ਬਾਬਾ ਜੀ ਨੂੰ ਖ਼ਤਮ ਕਰਨ ਲਈ ਹੱਥ ਧੋ ਕੇ ਪਿੱਛੇ ਪਈ ਹੋਈ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸੁਧਾਰਾਂ ਲਈ ਬਹੁਤਾ ਸਮਾਂ ਨਹੀਂ ਮਿਲਿਆ। ਇਸ ਦੇ ਬਾਵਜੂਦ ਉਸ ਨੇ ਜਨਤਾ ਦੇ ਕਲਿਆਣ ਦਾ ਪੂਰਾ ਮਨ ਬਣਾਇਆ ਹੋਇਆ ਸੀ। ਜ਼ਿੰਮੀਦਾਰਾ ਪ੍ਰਬੰਧ ਨੂੰ ਪਲਟ ਦੇਣਾ ਉਸ ਦਾ ਵੱਡਾ ਕਾਰਜ ਸੀ। ਇਹ ਜ਼ਿੰਮੀਦਾਰ ਬਾਦਸ਼ਾਹ ਵਾਂਗ ਫਜ਼ੂਲ ਖ਼ਰਚ ਕਰਨ ਅਤੇ ਐਸ਼ ਭਰੇ ਜੀਵਨ ਲਈ ਜਾਣੇ ਜਾਂਦੇ ਸਨ। ਖੇਤਾਂ ਵਿਚ ਸਖ਼ਤ ਮਿਹਨਤ ਕਰਨ ਵਾਲੇ ਕਿਸਾਨਾਂ ਨਾਲ ਇਨ੍ਹਾਂ ਦਾ ਸਲੂਕ ਬਹੁਤ ਭੈੜਾ ਹੁੰੰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਨ੍ਹਾਂ ਮਿਹਨਤੀ ਕਿਸਾਨਾਂ ਨੂੰ ਜ਼ਮੀਨ ਦੇ ਅਸਲੀ ਮਾਲਕ ਬਣਾ ਕੇ ਜ਼ਿੰਮੀਦਾਰਾਂ ਤੋਂ ਕਿਸਾਨਾਂ ਦੀ ਮੁਕਤੀ ਕਰਵਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਾਤੀ ਭੇਦਭਾਵ ਦਾ ਸ਼ਿਕਾਰ ਬਣੇ ਛੋਟੀਆਂ ਜਾਤਾਂ ਦੇ ਸਿੱਖਾਂ ਨੂੰ ਸੈਨਾ ’ਚ ਉੱਚੇ ਅਹੁਦੇ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ।
ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂਅ ਦੀ ਥਾਂ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ’ਤੇ ਸਿੱਕੇ ਜਾਰੀ ਕੀਤੇ। ਸਰਹਿੰਦ ਦੀ ਜਿੱਤ ਤੋਂ ਉਸ ਨੂੰ 50 ਲੱਖ ਰੁਪਏ ਦਾ ਸਾਲਾਨਾ ਮਾਲੀਆ ਪ੍ਰਾਪਤ ਹੋਣ ਲੱਗ ਪਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਯਮੁਨਾ ਗੰਗਾ ਦੁਆਬ ਵਿਚ ਸਹਾਰਨਪੁਰ ਤੇ ਜਲਾਲਾਬਾਦ, ਜਲੰਧਰ ਦੁਆਬ, ਅੰਮ੍ਰਿਤਸਰ, ਬਟਾਲਾ, ਕਲਾਨੌਰ, ਪਠਾਨਕੋਟ ਸਮੇਤ ਅਨੇਕ ਇਲਾਕਿਆਂ ’ਤੇ ਖ਼ਾਲਸੇ ਦੇ ਨਿਸ਼ਾਨ ਝੁਲਾ ਦਿੱਤੇ।
ਦਿੱਲੀ ਵਿਚ 9 ਜੂਨ 1716 ਈ. ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਦਿਲ ਕੰਬਾਊ ਸ਼ਹਾਦਤ ਦੇ ਬਾਵਜੂਦ ਸਰਹਿੰਦ ਦੀ ਫ਼ਤਹਿ ਸਿੱਖਾਂ ਲਈ ਵੱਡੀ ਪ੍ਰੇਰਨਾਸ੍ਰੋਤ ਬਣੀ। ਅਠ੍ਹਾਰਵੀਂ ਸਦੀ ਵਿਚ ਜਦੋਂ ਹਕੂਮਤ ਦਾ ਪੱਤਾ-ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਤਾਂ ਅਕਾਲ ਪੁਰਖ ਦੇ ਅੰਗ-ਸੰਗ ਹੋਣ ਦਾ ਭਰੋਸਾ, ਸਰਹਿੰਦ ਫ਼ਤਹਿ ਦੀ ਯਾਦ, ਗੁਰੂ ਸਾਹਿਬਾਨ ਦਾ ਲਾਸਾਨੀ ਇਤਿਹਾਸ ਸਿੱਖਾਂ ਦੇ ਮਨੋਬਲ ਨਾਲ ਅਭੇਦ ਹੋ ਗਿਆ। ਖ਼ਾਲਸੇ ਨੇ ਜ਼ੁਲਮੀ ਰਾਜ ਦਾ ਅੰਤ ਕਰਕੇ ਮਾਨਵ-ਕਲਿਆਣਕਾਰੀ ਰਾਜ ਸਥਾਪਿਤ ਕਰਕੇ ਇਤਿਹਾਸ ਦਾ ਨਵਾਂ ਮਾਣਮੱਤਾ ਅਧਿਆਏ ਲਿਖਿਆ।

-ਡਾਕਟਰ ਰਜਿੰਦਰ ਸਿੰਘ

Comment here