ਅਪਰਾਧਸਿਆਸਤਖਬਰਾਂਦੁਨੀਆ

ਲਹੌਰ ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ

ਲਾਹੌਰ– ਪਾਕਿਸਤਾਨ ਵਿੱਚ ਕਟੜਪੰਥੀਆਂ ਨੇ ਇਕ ਵਾਰ ਫੇਰ ਘਟਗਿਣਤੀ ਭਾਈਚਾਰੇ ਨੂੰ ਦਹਿਸ਼ਤਜ਼ਦਾ ਕੀਤਾ ਹੈ।  ਲਾਹੌਰ ਵਿੱਚ 19ਵੀਂ ਸਦੀ ਦੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤੀਜੀ ਵਾਰ ਤੋੜ-ਭੰਨ ਕੀਤੀ ਗਈ ਹੈ। ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਖੁਦ ਟਵਿੱਟਰ ‘ਤੇ ਇਸ ਬਾਰੇ ਸਖ਼ਤ ਟਿੱਪਣੀ ਕਰਦਿਆਂ ਕਿਹਾ, ‘ਇਹ ਸ਼ਰਮਨਾਕ ਕਾਰਾ ਜਾਹਲ ਲੋਕਾਂ ਦਾ ਹੈ, ਉਹ ਇਹ ਨਹੀਂ ਜਾਣਦੇ ਕਿ ਅਜਿਹੀਆਂ ਹਰਕਤਾਂ ਨਾਲ ਦੇਸ਼ ਦਾ ਅਕਸ ਦੁਨੀਆਂ ਵਿੱਚ ਖਰਾਬ ਹੋ ਰਿਹਾ ਹੈ।’ ਕੱਟੜਪੰਥੀ ਪਾਰਟੀ ਤਹਿਰੀਕ-ਏ-ਲਬਾਇਕ ਪਾਕਿਸਤਾਨ  ਦੇ ਮੈਂਬਰ ਨੇ ਲਾਹੌਰ ਦੇ ਕਿਲ੍ਹੇ ਵਿੱਚ ਰਣਜੀਤ ਸਿੰਘ ਦਾ ਬੁੱਤ ਨੂੰ ਨੁਕਸਾਨ ਪਹੁੰਚਾਇਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੇ ਵੀ ਇਸ ਘਟਨਾ ਦਾ ਸਖਤ ਨੋਟਿਸ ਲਿਆ ਹੈ। ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵਿੰਡ ਅਤੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਲਾਹੌਰ ਵਿਚ ਮਹਾਰਾਣੀ ਜ਼ਿੰਦਾ ਕੀ ਹਵੇਲੀ ਦੇ ਬਾਹਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤੋੜਭੰਨ ਬਹੁਤ ਹੀ ਨਿੰਦਣਯੋਗ ਹੈ। ਅਜਿਹੀ ਘਟਨਾ ਆਪਸੀ ਸਦਭਾਵਨਾ ਨੂੰ ਪ੍ਰਭਾਵਤ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਸਰਬੱਤ ਦਾ ਭਲਾ ਚਾਹੁੰਦੇ ਹਨ ਪਰ ਕੁਝ ਕੱਟੜਪੰਥੀ ਤਾਕਤਾਂ ਜਾਣ ਬੁੱਝ ਕੇ ਭਾਈਚਾਰੇ ਦੇ ਰਿਸ਼ਤੇ ਤੋੜਨ ਦੀਆਂ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਅਜਿਹੀ ਸਥਿਤੀ ਪੈਦਾ ਕਰਨ ਵਾਲੇ ਕੱਟੜਪੰਥੀ ਸੰਗਠਨਾਂ ਦੇ ਕਾਰਕੁਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।  ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ।  ਉਨ੍ਹਾਂ ਨੇ ਕਿਹਾ ਕਿ ਜਿਸ ਮਹਾਰਾਜਾ ਦੇ ਰਾਜ ’ਚ ਸਾਰੇ ਧਰਮਾਂ ਦੇ ਲੋਕ ਸੁਰੱਖਿਅਤ ਸਨ, ਅੱਜ ਉਨ੍ਹਾਂ ਦੇ ਹੀ ਬੁੱਤ ਨੂੰ ਤੋੜ ਦੇਣ ਦੀ ਅਸੀਂ ਨਿੰਦਾ ਕਰਦੇ ਹਾਂ।ਚੁੱਘ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਸਗੋਂ ਤਿੰਨ ਵਾਰ ਹੋ ਚੁੱਕਾ ਹੈ। ਇਸ ਸਬੰਧ ’ਚ ਸਾਡੀ ਰਾਜ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕੀਤੀ ਗਈ, ਜੋ ਮੰਦਭਾਗਾ ਹੈ।

 

Comment here