ਅਪਰਾਧਸਿਆਸਤਖਬਰਾਂ

ਰੇਪ ਕੇਸ ਚ ਐਮ. ਐਲ. ਏ. ਬੈਂਸ ਵਿਰੁੱਧ ਸਿੱਟ ਦਾ ਗਠਨ

ਮਾਮਲਾ ਜ਼ਬਰ ਜਨਾਹ ਦਾ
ਸ਼ਿਕਾਇਤਕਰਤਾ ਦੇ ਵਕੀਲ ਨੇ ਕਿਹਾ- ਗਵਾਹਾਂ ਨੂੰ ਕੀਤਾ ਜਾ ਰਿਹਾ ਪਰੇਸ਼ਾਨ
ਚੰਡੀਗੜ੍ਹ-ਬੀਤੇ ਦਿਨੀਂ ਹਾਈਕੋਰਟ ਤੋਂ ਸਖ਼ਤ ਤਾੜਨਾ ਤੋਂ ਬਾਅਦ, ਪੰਜਾਬ ਸਰਕਾਰ ਨੇ ਲੁਧਿਆਣਾ ਦੇ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਦਰਜ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਏਡੀਸੀਪੀ (ਜਾਂਚ) ਰੁਪਿੰਦਰ ਕੌਰ ਭੱਟੀ ਦੀ ਪ੍ਰਧਾਨਗੀ ਵਿੱਚ ਇੱਕ ਸਿੱਟ ਦਾ ਗਠਨ ਕੀਤਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਹਾਈ ਕੋਰਟ ਨੂੰ ਦਿੱਤੀ। ਇਸ ’ਤੇ ਹਾਈ ਕੋਰਟ ਨੇ ਸ਼ੀਠ ਦੇ ਮੁਖੀ ਏਡੀਸੀਪੀ (ਜਾਂਚ) ਰੁਪਿੰਦਰ ਕੌਰ ਭੱਟੀ ਨੂੰ ਚਾਰ ਹਫ਼ਤਿਆਂ ਦੇ ਅੰਦਰ ਮਾਮਲੇ ਦੀ ਜਾਂਚ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।
ਦੂਜੇ ਪਾਸੇ, ਸਿਮਰਜੀਤ ਬੈਂਸ ਵਿਰੁੱਧ ਸ਼ਿਕਾਇਤ ਦਾਇਰ ਕਰਨ ਵਾਲੇ ਸ਼ਿਕਾਇਤਕਰਤਾ ਦੇ ਵਕੀਲ ਸੀ ਐਮ ਮੁੰਜਾਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਬੈਂਸ ਇਸ ਮਾਮਲੇ ਵਿੱਚ ਗਵਾਹਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਿਰੁੱਧ ਸੂਬੇ ਤੋਂ ਬਾਹਰ ਕੁਝ ਕੇਸ ਦਰਜ ਕਰਵਾ ਸਕਦੇ ਹਨ। ਇਸ ’ਤੇ ਹਾਈਕੋਰਟ ਨੇ ਸਿੱਟ ਨੂੰ ਇਸ ਦੋਸ਼ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਸਨ। ਜ਼ਿਕਰਯੋਗ ਹੈ ਕਿ ਅਗਲੇ ਸਾਲ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਮਾਮਲਾ ਗਰਮਾ ਸਕਦਾ ਹੈ।
ਔਰਤ ਨੇ ਦੋਸ਼ ਲਾਇਆ ਸੀ ਕਿ ਬੈਂਸ ਨੇ ਉਸ ਦੀ ਸਮਾਜਿਕ ਅਤੇ ਆਰਥਿਕ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਸ ਦੀ ਮਦਦ ਕਰਨ ਦੇ ਬਹਾਨੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਵਿਧਾਇਕ ਦੇ ਭਰਾ ਨੇ ਵੀ ਉਸ ਨਾਲ ਸਰੀਰਕ ਸੰਬੰਧ ਬਣਾਉਣ ਲਈ ਵਾਰ-ਵਾਰ ਫ਼ੋਨ ਕਰਨਾ ਅਤੇ ਕਈ ਵ੍ਹਟਸਐਪ ਸੰਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਪਟੀਸ਼ਨਕਰਤਾ ਦੇ ਅਨੁਸਾਰ, ਉਸਦੇ ਭਰਾ ਅਤੇ ਪਿਤਾ ਨੂੰ ਲਗਾਤਾਰ ਫ਼ੋਨ ’ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਵਿਧਾਇਕ ਦੇ ਨੇੜਲੇ ਸਹਿਯੋਗੀਆਂ ਦੁਆਰਾ ਨਿੱਜੀ ਤੌਰ ’ਤੇ ਵੀ ਸੰਪਰਕ ਕੀਤਾ ਜਾ ਰਿਹਾ ਸੀ।

Comment here