ਅਪਰਾਧਸਿਆਸਤਖਬਰਾਂਦੁਨੀਆ

ਰਾਵੀ ਦਰਿਆ ਦੇ ਸਰਕੰਡੇ ਨੇ ਲਾਈਆਂ ਤਸਕਰਾਂ ਨੂੰ ਮੌਜਾਂ!!

ਗੁਰਦਾਸਪੁਰ-ਜ਼ਿਲੇ ਦੀ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਤੇ ਪਾਕਿਸਤਾਨ ਵਾਲੇ ਪਾਸੇ ਉੱਗਿਆ ਸਰਕੰਡਾ ਪਾਕਿ ਤਸਕਰਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਦੌਰਾਨ ਬੀਐੱਸਐੱਫ ਦੇ ਜਵਾਨਾਂ ਨੇ ਪਾਕਿ ਤਸਕਰਾਂ ਵੱਲੋਂ ਸਮੇਂ-ਸਮੇਂ ’ਤੇ ਭਾਰਤ ਵਾਲੇ ਪਾਸੇ ਭੇਜੀਆਂ ਹੈਰੋਇਨ ਦੀਆਂ ਖੇਪਾਂ ਫੜੀਆਂ ਹਨ। ਬੀਐੱਸਐੱਫ ਦੀ 89 ਬਟਾਲੀਅਨ ਦੀ ਬੀਓਪੀ ਰੋਸਾ ਨੇੜਿਓਂ ਫੜੀ ਗਈ ਸਾਢੇ ਅੱਠ ਕਿੱਲੋ ਦੇ ਕਰੀਬ ਹੈਰੋਇਨ ਜੋ ਤਸਕਰਾਂ ਨੇ ਪਾਕਿਸਤਾਨੀ ਮਾਅਰਕੇ ਵਾਲੀ ਬੋਰੀ ਵਿਚ ਪਾ ਕੇ ਭਾਰਤੀ ਖੇਤਰ ਵਿਚ ਲੁਕਾਈ ਹੋਈ ਸੀ, ਬੀਐੱਸਐੱਫ ਤੇ ਪੁਲਿਸ ਨੇ ਜ਼ਬਤ ਕੀਤੀ ਹੈ। ਜਾਣਕਾਰੀ ਮੁਤਾਬਕ ਜਿੱਥੇ ਭਾਰਤੀ ਖੇਤਰ ਵਾਲੇ ਪਾਸੇ ਬੀਐੱਸਐੱਫ ਨੇ ਸਰਕੰਡੇ ਨੂੰ ਪੂਰੀ ਤਰ੍ਹਾਂ ਨਸ਼ਟ ਕੀਤਾ ਹੋਇਆ ਹੈ ਉੱਥੇ ਪਾਕਿਸਤਾਨ ਵਾਲੇ ਪਾਸੇ ਰਾਵੀ ਦਰਿਆ ਨੇੜੇ ਸਰਕੰਡੇ ਦਾ ਜੰਗਲ ਬਣਿਆ ਹੋਇਆ ਹੈ। ਜਿਨ੍ਹਾਂ ਨੂੰ ਕਦੇ ਵੀ ਪਾਕਿਸਤਾਨੀ ਰੇਂਜਰਾਂ ਨੇ ਨਸ਼ਟ ਨਹੀਂ ਕੀਤਾ। ਭਾਵੇਂ ਕਿ ਬੀਐੱਸਐੱਫ ਨੇ ਸੁਰੱਖਿਆ ਦੇ ਮੱਦੇਨਜ਼ਰ ਭਾਰਤੀ ਇਲਾਕੇ ਵਿਚ ਕੰਡਿਆਲੀ ਤਾਰ ਤੋਂ ਪਾਰ ਛੋਟੇ ਕੱਦ ਵਾਲੀਆਂ ਫ਼ਸਲਾਂ ਦੀ ਬਿਜਾਈ ਹੀ ਕਿਸਾਨਾਂ ਕੋਲੋਂ ਕਰਵਾਈ ਜਾਂਦੀ ਹੈ ਜਦਕਿ ਪਾਕਿ ਰੇਂਜਰਾਂ ਵੱਲੋਂ ਆਪਣੇ ਪਾਸੇ ਜੰਗਲ ਦਾ ਰੂਪ ਦਿੱਤਾ ਹੋਇਆ ਹੈ। ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੋਂ ਵਹਿੰਦਾ ਰਾਵੀ ਦਰਿਆ ਮਕੌੜਾ ਪੱਤਣ, ਠਾਕੁਰਪੁਰ, ਚੱਕਰੀ, ਆਦੀਆ, ਕਮਾਲਪੁਰ ਜੱਟਾਂ, ਚੌੜਾ, ਚੰਦੂ ਵਡਾਲਾ, ਰੋਸਾ, ਮੋਮਨਪੁਰ, ਨੰਗਲੀ, ਧਰਮਕੋਟ, ਕੱਸੋਵਾਲ ਆਦਿ ਥਾਵਾਂ ’ਤੇ ਭਾਰਤੀ ਖੇਤਰ ’ਚੋਂ ਗੁਜ਼ਰਦਾ ਹੈ। ਆਉਂਦੇ ਦਿਨਾਂ ਵਿਚ ਠੰਢ ਦਾ ਸੀਜ਼ਨ ਸ਼ੁਰੂ ਹੋਣ ਉਪਰੰਤ ਧੁੰਦ ਪੈਣ ਉਪਰੰਤ ਪਾਕਿਸਤਾਨ ਵਾਲੇ ਪਾਸੇ ਉੱਗਿਆ ਸਰਕੰਡਾ ਤੇ ਰਾਵੀ ਦਰਿਆ ਰਾਹੀਂ ਪਾਕਿ ਤਸਕਰ ਆਪਣੀਆਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਾਕ ਵਿਚ ਰਹਿਣਗੀਆਂ। ਸੈਕਟਰ ਗੁਰਦਾਸਪੁਰ ਤੋਂ ਬੀਐੱਸਐੱਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਹੈ ਕਿ ਬੀਐੱਸਐੱਫ ਨੇ ਆਪਣੇ ਖੇਤਰ ਵਿਚ ਉੱਗਿਆ ਸਰਕੰਡਾ ਜਿੱਥੇ ਪੂਰੀ ਤਰ੍ਹਾਂ ਸਾਫ਼ ਕੀਤਾ ਹੈ ਉੱਥੇ ਪਾਕਿਸਤਾਨ ਵਾਲੇ ਪਾਸੇ ਸਰਕੰਡੇ ਕਾਰਨ ਜੰਗਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ ਵੱਲੋਂ ਸਮੇਂ-ਸਮੇਂ ’ਤੇ ਪਾਕਿ ਰੇਂਜਰਾਂ ਨਾਲ ਸਰਕੰਡਾ ਨਸ਼ਟ ਕਰਨ ਸਬੰਧੀ ਫਲੈਗ ਮੀਟਿੰਗਾਂ ਵੀ ਹੁੰਦੀਆਂ ਹਨ ਪਰੰਤੂ ਇਸ ਦੇ ਬਾਵਜੂਦ ਪਾਕਿ ਰੇਂਜਰਾਂ ਨੇ ਆਪਣੇ ਖੇਤਰ ਵੱਲ ਸਫ਼ਾਈ ਨਹੀਂ ਕੀਤੀ ਜਾ ਰਹੀ।

Comment here