ਸਿਆਸਤਖਬਰਾਂਦੁਨੀਆ

ਯੂਕ੍ਰੇਨ ਜੰਗ ਮਨੁੱਖਤਾ ਦਾ ਮੁੱਦਾ, ਜੋ ਸੰਭਵ ਹੋਵੇਗਾ ਕਰਾਂਗੇ-ਪੀਐਮ ਮੋਦੀ

ਹੀਰੋਸ਼ਿਮਾ-ਜਾਪਾਨ ਦੇ ਹੀਰੋਸ਼ਿਮਾ ’ਚ ਜੀ-7 ਸਿਖਰ ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਯੂਕ੍ਰੇਨ ’ਚ ਚੱਲ ਰਹੀ ਜੰਗ ਪੂਰੇ ਵਿਸ਼ਵ ਲਈ ਬਹੁਤ ਵੱਡਾ ਮੁੱਦਾ ਹੈ। ਪੂਰੀ ਦੁਨੀਆ ’ਤੇ ਇਸ ਦੇ ਕਈ ਤਰ੍ਹਾਂ ਦੇ ਪ੍ਰਭਾਵ ਵੀ ਪਏ ਹਨ। ਮੈਂ ਇਸ ਨੂੰ ਰਾਜਨੀਤੀ ਦਾ ਮੁੱਦਾ ਨਹੀਂ ਮੰਨਦਾ, ਮੇਰੇ ਲਈ ਇਹ ਮਨੁੱਖਤਾ ਦਾ ਮੁੱਦਾ ਹੈ। ਇਸ ਦੇ ਹੱਲ ਲਈ ਭਾਰਤ ਅਤੇ ਨਿੱਜੀ ਰੂਪ ’ਚ ਮੈਂ ਖੁਦ, ਜੋ ਕੁਝ ਵੀ ਸੰਭਵ ਹੋ ਸਕਦਾ ਹੈ, ਅਸੀਂ ਜ਼ਰੂਰ ਕਰਾਂਗੇ।’’
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸ਼ੁਰੂ ਹੋਈ ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਜਾਪਾਨ ਦੇ ਵਿਦੇਸ਼ ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਜ਼ੇਲੇਂਸਕੀ ਪਹਿਲਾਂ ਸ਼ੁੱਕਰਵਾਰ ਨੂੰ ਆਨਲਾਈਨ ਮਾਧਿਅਮ ਰਾਹੀਂ ਇਸ ਸੈਸ਼ਨ ’ਚ ਹਿੱਸਾ ਲੈਣ ਵਾਲੇ ਸਨ ਪਰ ਉਨ੍ਹਾਂ ਨੇ ਨਿੱਜੀ ਤੌਰ ’ਤੇ ਸੰਮੇਲਨ ’ਚ ਸ਼ਾਮਲ ਹੋਣ ਦੀ ਇੱਛਾ ਜ਼ਾਹਿਰ ਕੀਤੀ, ਜਿਸ ਤੋਂ ਬਾਅਦ ਇਹ ਯੋਜਨਾ ਬਦਲ ਗਈ। ਆਉਣ ਵਾਲੇ ਸਮੇਂ ਵਿਚ ਇਸਦੇ ਹੋਰ ਸਕਰਾਤਮਕ ਪ੍ਰਭਾਵ ਪੈਣ ਦੇ ਆਸਾਰ ਹਨ।

Comment here