ਅਜਬ ਗਜਬਸਿਆਸਤਖਬਰਾਂ

ਮੋਟਰ ਤੇ ਤੇਰਾ ਤੇਰਾ ਲਾਇਬਰੇਰੀ ਬਣਾ ਕੇ ਬੱਲੇ ਬੱਲੇ ਕਰਵਾ ਰਿਹਾ ਨੌਜਵਾਨ

ਉੜਤਾ ਪੰਜਾਬ ਨੂੰ ਪੜਦਾ ਪੰਜਾਬ ਬਣਾਉਣ ਲਈ ਯਤਨਸ਼ੀਲ ਜੱਬੋਵਾਲ ਦੇ ਗੱਭਰੂ 

ਵਿਸ਼ੇਸ਼ ਰਿਪੋਰਟ- ਜਸਪਾਲ ਸਿੰਘ ਜਲੰਧਰ

ਸੁਰਜੀਤ ਪਾਤਰ ਹੁਰਾਂ ਨੇ ਕਿਹਾ ਹੈ- ਮੈੰ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾਂ ਤਾਂ ਰਾਹ ਬਣਦੇ… ਕੁਝ ਅਜਿਹੀ ਇਬਾਰਤ ਨਸ਼ੇ ਲਈ ਬਦਨਾਮ ਪੰਜਾਬ ਦੇ ਖੇਤਾਂ ਦੀਆਂ ਮੋਟਰਾਂ ਦੇ ਕਮਰਿਆਂ ਬਾਰੇ ਲਿਖ ਰਹੇ ਨੇ ਕੁਝ ਹਿੰਮਤੀ ਨੌਜਵਾਨ।  ਮੋਟਰ ਤੇ ਬਣਿਆ ਕਮਰਾ  ਕਿਸਾਨ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ ਪਰ ਇਹ ਨਿੱਕਾ ਜਿਹਾ ਕਮਰਾ ਅਨਪੜ੍ਹਤਾ ਦੇ ਘੋਰ ਹਨੇਰੇ ‘ ਚ ਦੀਵੇ ਵਾਂਗ ਬਲ ਕੇ ਚਾਨਣ ਵੀ ਵੇਲਾ ਸਕਦਾ ਹੈ , ਸ਼ਾਇਦ ਇਸ ਬਾਰੇ ਕਿਸੇ ਨੇ ਸੋਚਿਆ ਵੀ ਨਾ ਹੋਵੇਗਾ । ਸੁਲਤਾਨਪੁਰ ਲੋਧੀ ਤਹਿਸੀਲ ‘ ਚ ਆਉਂਦੇ ਪਿੰਡ ਜੱਬੋਵਾਲ ‘ ਚ ਇਕ ਕਿਸਾਨ ਦੀ ਮੋਟਰ ਅੱਜ ਕੋਲ ਵਿਦਿਆ ਦਾ ਚਾਨਣ ਮੁਨਾਰਾ ਬਣੀ ਹੋਈ ਹੈ । ਦਰਅਸਲ , ਪਿੰਡ ਜੱਬਵਾਲ ਦੇ ਰਹਿਣ ਵਾਲੇ ਮਨਦੀਪ ਸਿੰਘ ਖਿੰਡਾ ਨੇ ਖੇਤਾਂ ਵਿਚ ਬਣੇ ਮੋਟਰ ਵਾਲੇ ਕਮਰੇ ਨੂੰ ਲਾਇਬ੍ਰੇਰੀ ਦੇ ਰੂਪ ‘ ਚ ਬਦਲ ਦਿੱਤਾ ਹੈ । ਇਸ ਕਮਰੇ ਦੇ ਬਾਹਰ ਜਿਥੇ ਪੰਜਾਬ ਦਾ ਨਕਸ਼ਾ , ਪੰਜਾਬੀ ਦੇ ਉਹ ਸ਼ਬਦ ਜੋ ਹੁਣ ਆਮ ਬੋਲਚਾਲ ਦੀ ਭਾਸ਼ਾ ਵਿਚੋਂ ਗੁਆਚ ਰਹੇ ਨੇ , ਉਨ੍ਹਾਂ ਨੂੰ ਲਿਖਿਆ ਹੋਇਆ ਹੈ । ਇਸ ਬਾਰੇ ਜਦੋਂ ਮਨਦੀਪ ਸਿੰਘ ਖਿੰਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਪੰਜਾਬੀ ਗਾਇਕਾਂ ਵਲੋਂ ਖੇਤਾਂ ਦੀਆਂ ਮੋਟਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਪਰ ਉਨ੍ਹਾਂ ਦੀ ਮੋਟਰ ਤੇ ਪਈਆਂ ਕਿਤਾਬਾਂ ਨਾ ਸਿਰਫ ਗਿਆਨ ਵੰਡ ਰਹੀਆਂ ਨੇ ਸਗੋਂ ਅਜਿਹੇ ਗਾਇਕਾਂ ਨੂੰ ਜਵਾਬ ਵੀ ਦਿੰਦੀਆਂ ਪ੍ਰਤੀਤ ਹੋ ਰਹੀਆਂ ਹਨ । ਖੇਤਾਂ ‘ ਚ ਲਾਇਬ੍ਰੇਰੀ ਬਣਾਈ ਬਾਰੇ ਦੱਸਿਆ ਕਿ ਮੇਰੇ ਦਾਦਾ ਜੀ ਅਧਿਆਪਕ ਵਜੋਂ ਰਿਟਾਇਰ ਹੋਏ ਨੇ , ਜਿਨ੍ਹਾਂ ਤੋਂ ਗੂੜਤੀ ‘ ਚ ਮੈਨੂੰ ਕਿਤਾਬਾਂ ਮਿਲੀਆਂ ਹਨ , ਜਿਸ ਕਾਰਨ ਮੇਰੇ ਮਨ ਚ ਖਿਆਲ ਆਇਆ ਕਿ ਕਿਉਂ ਨਾ ਪਿੰਡ ‘ ਚ ਲਾਇਬ੍ਰੇਰੀ ਖੋਲ੍ਹ ਕੇ ਇਸ ਗਿਆਨ ਨੂੰ ਹੋਰ ਲੋਕਾਂ ਤਕ ਵੀ ਪਹੁੰਚਾਇਆ ਜਾਵੇ । ਜਿਸ ਤੋਂ ਬਾਅਦ ਪਹਿਲਾਂ – ਪਹਿਲ ਮੋਟਰ ਤੇ ਹੀ ਤੇਰਾ – ਤੇਰਾ ਨਾਂ ਦੇ ਨਾਲ ਲਾਇਬ੍ਰੇਰੀ ਬਣਾਈ । ਜਦੋਂ ਲਾਇਬ੍ਰੇਰੀ ਖੋਲ੍ਹੀ ਤਾਂ ਲੋਕਾਂ ਨੇ ਸਾਨੂੰ ਕਮਲੇ ( ਪਾਗਲ ) ਕਹਿਣਾ ਸ਼ੁਰੂ ਕਰ ਦਿੱਤਾ , ਲੋਕਾਂ ਦਾ ਤਰਕ ਸੀ ‘ ਅਖੇ ਕਿਤਾਬਾਂ ਨੂੰ ਕੌਣ ਪੜਦਾ ਪਰ ਅਸੀਂ ਆਪਣਾ ਕੰਮ ਜਾਰੀ ਰੱਖਿਆ , ਜਿਸ ਕਾਰਨ ਅੱਜ ਇਸ ਲਾਇਬ੍ਰੇਰੀ ਰੋਜ਼ਾਨਾ ਹੀ ਦਰਜ਼ਨਾਂ ਨੌਜਵਾਨ ਮੁੰਡੇ – ਕੁੜੀਆਂ ਆਉਂਦੇ ਹਨ ਤੇ ਉਨ੍ਹਾਂ ਦੀ ਕਿਤਾਬਾਂ ਦੇ ਪ੍ਰਤੀ ਵੱਧ ਰਹੀ ਰੁਚੀ ਨੂੰ ਵੇਖ ਪਿੰਡ ਹੀ ਨਹੀਂ ਸਗੋਂ ਲੇਖਕ ਵੀ ਪ੍ਰਭਾਵਿਤ ਹੋ ਰਹੇ ਹਨ । ਇਸੇ ਕਾਰਨ ਕਦੇ 600 ਕਿਤਾਬਾਂ ਨਾਲ ਸ਼ੁਰੂ ਕੀਤੀ ਗਈ ਇਸ ਲਾਇਬ੍ਰੇਰੀ ‘ ਚ ਅੱਜ 3000 ਦੇ ਕਰੀਬ ਕਿਤਾਬਾਂ ਮੌਜੂਦ ਹਨ । ਨਾ ਸਿਰਫ ਨੌਜਵਾਨ ਸਗੋਂ ਪਿੰਡ ਦੇ ਬਜੁਰਗਾਂ ਤੇ ਬੱਚਿਆਂ ਨੂੰ ਵੀ ਜਦੋਂ ਸਮਾਂ ਮਿਲਦਾ ਉਹ ਲਾਇਬ੍ਰੇਰੀ ਜ਼ਰੂਰ ਪਹੁੰਚਦੇ ਹਨ ਤੇ ਕਿਤਾਬੀ ਗਿਆਨ ਨੂੰ ਪੜ੍ਹ ਉਨ੍ਹਾਂ ਤੋਂ ਸਿੱਖਿਆ ਹਾਸਲ ਕਰ ਰਹੇ ਹਨ । ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੋਟਰ ਤੇ ਪੰਜਾਬ ਦੇ ਨਾਂ ਨੂੰ ਦਰਸਾਉਣ ਲਈ ਪ ਤੋਂ ਪਾਣੀ , ਜ ਤੋਂ ਜ਼ਮੀਨ ਤੇ ਬ ਤੋਂ ਬੋਲੀ ਤਿੰਨੇ ਵਸਤਾਂ ਮੌਜੂਦ ਹਨ । ਪੰਜਾਬੀ ਬੋਲੀ ਦੀਆਂ ਜਿਆਦਾਤਰ ਕਿਤਾਬਾਂ ਨੂੰ ਨੋਜਵਾਨ ਪੜ੍ਹਨਾ ਪਸੰਦ ਕਰਦੇ ਹਨ । ਪੰਜਾਬ ਦੇ ਬਹੁਤੇ ਲੇਖਕਾਂ ਦੀਆਂ ਕਿਤਾਬਾਂ ਉਨ੍ਹਾਂ ਦੀ ਲਾਈਬ੍ਰੇਰੀ ਦੇ ਅੰਦਰ ਮੌਜੂਦ ਹਨ । ਬੀਤੇ ਦਿਨੀਂ ਪੰਜਾਬ ਦੇ ਪਸਿੱਥ  ਲੇਖਕ ਵਿਸ਼ੇਸ਼ ਤੌਰ ਤੇ ਕੁਝ ਕਿਤਾਬਾਂ ਲਾਇਬ੍ਰੇਰੀ ਲਈ ਭੇਜੀਆਂ ਗਈਆਂ ਹਨ । ਉਸਨੇ ਦੱਸਿਆ ਕਿ ਇਸ ਤੋਂ ਇਲਾਵਾ ਰਾਣਾ ਰਣਬੀਰ  ਵੀ ਉਹਨਾ ਦਾ ਹੋਸਲਾ ਵਧਾ ਰਹੇ ਹਨ । ਮਨਦੀਪ ਦੱਸਦੇ ਨੇ ਕਿ ਸ਼ੁਰੂਆਤ ਚ ਸਾਨੂੰ ਪਾਗਲ ਆਖਣ ਵਾਲੇ ਲੋਕ ਜਦੋਂ ਲਾਇਬ੍ਰੇਰੀ ਦੀਆਂ ਸਿਫਤਾਂ ਕਰਦੇ ਹਨ , ਤਾਂ ਕੁਝ ਤੱਸਲੀ ਜ਼ਰੂਰ ਹੁੰਦੀ ਹੈ ਪਰ ਅਸੀਂ ਹਾਲੇ ਵੀ ਇਸ ਤਸੱਲੀ ਨਾਲ ਸੰਤੁਸ਼ਟ ਨਹੀਂ ਹਾਂ , ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਹੋਰ ਨੌਜਵਾਨ ਵੀ ਇਸ ਤਰ੍ਹਾਂ ਦੀ ਪਹਿਲ ਕਦਮੀ ਕਰਨ । ਤਾਂ ਜੋ ਕਿਤਾਬਾਂ ਵਿਚਲੇ ਗਿਆਨ ਦਾ ਅਨਮੋਲ ਖਜ਼ਾਨਾ ਨੌਜਵਾਨ ਪੀੜ੍ਹੀ ਤਕ ਪਹੁੰਚਦਾ ਹੋ ਜਾਵੇ ।

Comment here