ਸਿਆਸਤਖਬਰਾਂ

ਮੁੱਖ ਮੰਤਰੀ ਹਿੰਦੂ ਸਿੱਖ ਨਹੀਂ ਬਿਹਤਰ ਇਨਸਾਨ ਹੋਣਾ ਚਾਹੀਦਾ- ਜਥੇਦਾਰ ਅਕਾਲ ਤਖ਼ਤ

ਚੰਡੀਗੜ੍ਹ-ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਇਕ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਅਟਕਲਾਂ ਚੱਲ ਰਹੀਆਂ ਸਨ। ਜਿਸ ਦਾ ਕਾਂਗਰਸੀ ਆਗੂ ਅੰਬਿਕਾ ਸੋਨੀ, ਮੁਨੀਸ਼ ਤਿਵਾੜੀ ਅਤੇ ਹਰੀਸ਼ ਰਾਵਤ ਵਲੋਂ ਵਿਰੋਧ ਕੀਤਾ ਗਿਆ ਸੀ, ਜਦਕਿ ਇਸ ਦੇ ਉਲਟ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਸੀ ਕਿ ਸੂਬੇ ਦਾ ਮੁੱਖ ਮੰਤਰੀ ਹਿੰਦੂ ਹੋਵੇ ਜਾਂ ਸਿੱਖ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਪਹਿਲਾਂ ਉਹ ਇਕ ਬਿਹਤਰ ਇਨਸਾਨ ਹੋਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਨੂੰ ਸਿਆਸੀ ਹਲਕਿਆਂ ਵਿਚ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਜਥੇਦਾਰ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਕਾਂਗਰਸ ਦੇ ਸੁਨੀਲ ਜਾਖੜ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਦੇਖਿਆ ਜਾ ਰਿਹਾ ਸੀ।
ਭਾਵੇਂ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੀ ਸਾਬਕਾ ਇੰਚਾਰਚ ਅੰਬਿਕਾ ਸੋਨੀ ਨੂੰ ਵੀ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਨ ਦਾ ਆਫਰ ਦਿੱਤਾ ਸੀ ਪਰ ਉਨ੍ਹਾਂ ਇਹ ਆਖਦਿਆਂ ਇਸ ਤੋਂ ਇਨਕਾਰ ਕਰ ਦਿੱਤਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਇਕ ਸਿੱਖ ਚਿਹਰਾ ਹੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੁਨੀਸ਼ ਤਿਵਾੜੀ ਅਤੇ ਹਰੀਸ਼ ਰਾਵਤ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਸਭ ਦੀਆਂ ਚਰਚਾਵਾਂ ਦਰਮਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਦੋਂ ਪੱਤਰਕਾਰਾਂ ਵਲੋਂ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਕਿ ਸਿੱਖ ਜਾਂ ਹਿੰਦੂ ਕੋਈ ਵੀ ਸੂਬੇ ਦਾ ਮੁੱਖ ਮੰਤਰੀ ਹੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਉਹ ਇਕ ਚੰਗਾ ਇਨਸਾਨ ਹੋਣਾ ਚਾਹੀਦਾ ਹੈ ਪਰ ਭਾਵੇਂ ਸਿੱਖ ਹੈ ਜਾਂ ਹਿੰਦੂ ਇਹ ਮਾਇਨੇ ਨਹੀਂ ਰੱਖਦਾ।
ਉਧਰ ਸੁਨੀਲ ਜਾਖੜ ਨੇ ਵੀ ਜਥੇਦਾਰ ਦੇ ਬਿਆਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੇ ਸਮਝਦਾਰ ਬਿਆਨ ਦਾ ਇਸ ਤੋਂ ਚੰਗਾ ਸਮਾਂ ਹੋਰ ਨਹੀਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਉੱਚ ਅਹੁਦਿਆਂ ’ਤੇ ਬੈਠੇ ਛੋਟੀ ਸੋਚ ਵਾਲੇ ਲੋਕ ਪੰਜਾਬ ਨੂੰ ਨਸਲ, ਜਾਤ, ਪਛਾਣ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਗੁਰੂ ਸਾਹਿਬ ਦੇ ਵਚਨਾਂ ’ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਨੂੰ ਭੁੱਲ ਗਏ ਹਨ।

Comment here