ਅਪਰਾਧਸਿਆਸਤਖਬਰਾਂ

ਮੁਕਾਬਲੇ ਚ ਸ਼ਹੀਦ ਪੁਲਸ ਮੁਲਾਜਮ਼ ਦੇ ਪਿਤਾ ਨੂੰ ਪੁੱਤ ਦੀ ਸ਼ਹਾਦਤ ‘ਤੇ ਮਾਣ

ਸ਼੍ਰੀਨਗਰ-ਬੀਤੇ ਦਿਨ  ਬਾਰਾਮੂਲਾ ਜ਼ਿਲ੍ਹੇ ‘ਚ ਸੁਰੱਖਿਆ ਫ਼ੋਰਸਾਂ ਨਾਲ ਜਾਰੀ ਮੁਕਾਬਲੇ ‘ਚ ਤਿੰਨ ਅੱਤਵਾਦੀ ਮਾਰੇ ਗਏ ਸਨ ਅਤੇ ਇਕ ਪੁਲਸ ਕਰਮੀ ਵੀ ਸ਼ਹੀਦ ਹੋ ਗਿਆ। ਪੁਲਸ ਕਰਮੀ ਦੀ ਪਛਾਣ ਮੁਹੰਮਦ ਮੁਦਾਸਿਰ ਸ਼ੇਖ ਵਜੋਂ ਹੋਈ ਹੈ। ਸ਼ਹੀਦ ਮੁਦਾਸਿਰ ਸ਼ੇਖ ਦੇ ਪਿਤਾ ਮਸੂਦ ਅਹਿਮਦ ਸ਼ੇਖ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦੇਸ਼ ਲਈ ਆਪਣੀ ਜਾਨ ਦਿੱਤੀ। ਉਨ੍ਹਾਂ ਕਿਹਾ,”ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਬੇਟੇ ਦੇ ਬਲੀਦਾਨ ਨੇ ਘੱਟੋ-ਘੱਟ 1000 ਲੋਕਾਂ ਦੀ ਜਾਨ ਬਚਾਈ ਹੈ ਅਤੇ ਮੈਨੂੰ ਉਸ ‘ਤੇ ਬਹੁਤ ਮਾਣ ਹੈ। ਸਾਡੀ ਪੂਰੀ ਬਿਰਾਦਰੀ ਨੂੰ ਉਸ ‘ਤੇ ਮਾਣ ਹੈ।” ਮਸੂਦ ਸ਼ੇਖ ਨੇ ਮੀਡੀਆ ਨਾਲ ਗੱਲ ਕੀਤੀ, ਕਿਉਂਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਬਾਰਾਮੂਲਾ ਪੁਲਸ ਲਾਈਨ ਲਿਆਂਦੀ ਜਾ ਰਹੀ ਸੀ। ਉਨ੍ਹਾਂ ਕਿਹਾ,”ਮੈਂ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੇਰਾ ਪੁੱਤਰ ਉਨ੍ਹਾਂ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ, ਜੋ ਨਿਰਦੋਸ਼ ਲੋਕਾਂ ਨੂੰ ਮਾਰਨ ਆਏ ਸਨ।” ਮਸੂਦ ਸ਼ੇਖ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਤਿੰਨ ਦਿਨ ਪਹਿਲਾਂ ਦੇਖਿਆ ਸੀ, ਜਦੋਂ ਉਹ ਆਪਣੀ ਭੈਣ ਦੇ ਵਿਆਹ ‘ਚ ਸ਼ਾਮਲ ਹੋਣ ਆਇਆ ਸੀ । ਆਪਣੇ ਪੁੱਤਰ ਦੀ ਸ਼ਹਾਦਤ ‘ਤੇ ਮਸੂਦ ਸ਼ੇਖ ਦੀ ਪ੍ਰਤੀਕਿਰਿਆ ਦਾ ਵੀਡੀਓ ਕਈ ਪੱਤਰਕਾਰਾਂ ਨੇ ਟਵਿੱਟਰ ‘ਤੇ ਸਾਂਝਾ ਕੀਤਾ।

Comment here