ਸਿਆਸਤਖਬਰਾਂਦੁਨੀਆ

ਮਿਆਂਮਾਰ ਚ ਤਖਤਾਪਲਟ ਤੋਂ ਬਾਅਦ 15 ਹਜ਼ਾਰ ਰੋਹਿੰਗਿਆ ਭਾਰਤ ਚ ਦਾਖਲ ਹੋਏ-ਯੂ ਐਨ

ਨਵੀਂ ਦਿੱਲੀ-ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਜਨਰਲ ਅਸੈਂਬਲੀ ਨੂੰ ਪੇਸ਼ ਕੀਤੀ ਇੱਕ ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਮਿਆਂਮਾਰ ਵਿੱਚ ਤਖਤਾਪਲਟ ਤੋਂ ਬਾਅਦ 15,000 ਤੋਂ ਵੱਧ ਲੋਕ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਹਨ। ਗੁਟੇਰੇਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਮਿਆਂਮਾਰ, ਥਾਈਲੈਂਡ, ਚੀਨ ਅਤੇ ਭਾਰਤ ਦੇ ਸਰਹੱਦੀ ਖੇਤਰਾਂ ਵਿੱਚ ਫੌਜੀ ਟਕਰਾਅ ਕਾਰਨ ਪ੍ਰਭਾਵਿਤ ਹੋਏ ਹਨ ਅਤੇ ਸਰਹੱਦੀ ਖੇਤਰਾਂ ਵਿੱਚ ਨਸਲੀ ਟਕਰਾਅ ਸ਼ੁਰੂ ਹੋ ਗਏ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ 1 ਫਰਵਰੀ ਦੇ ਤਖ਼ਤਾ ਪਲਟ ਤੋਂ ਪਹਿਲਾਂ ਮਿਆਂਮਾਰ ਵਿੱਚ 3 ਲੱਖ 36 ਹਜ਼ਾਰ ਲੋਕਾਂ ਦਾ ਉਜਾੜਾ ਹੋਇਆ। ਗੁਟੇਰੇਸ ਨੇ ਕਿਹਾ ਕਿ ਤਖਤਾਪਲਟ ਤੋਂ ਬਾਅਦ ਤਕਰੀਬਨ ਦੋ ਲੱਖ 20 ਹਜ਼ਾਰ ਲੋਕ ਹਿੰਸਾ ਕਾਰਨ ਅੰਦਰੂਨੀ ਤੌਰ ‘ਤੇ ਉਜਾੜੇ ਗਏ ਹਨ। ਇਸ ਤੋਂ ਇਲਾਵਾ 15 ਹਜ਼ਾਰ ਤੋਂ ਵੱਧ ਲੋਕ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਹਨ ਅਤੇ ਲਗਭਗ ਸੱਤ ਹਜ਼ਾਰ ਲੋਕ ਥਾਈਲੈਂਡ ਚਲੇ ਗਏ ਹਨ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਮਿਆਂਮਾਰ ਦੀ ਭਾਰਤ ਨਾਲ ਲਗਪਗ 1600 ਕਿਲੋਮੀਟਰ ਦੀ ਸਰਹੱਦ ਹੈ, ਜਿੱਥੇ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਤੋਂ ਇਲਾਵਾ, ਬੰਗਾਲ ਦੀ ਖਾੜੀ ਵਿੱਚ ਇੱਕ ਸਮੁੰਦਰੀ ਸਰਹੱਦ ਮਿਆਂਮਾਰ ਨਾਲ ਜੁੜਦੀ ਹੈ। ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ ਅਤੇ ਮਿਜ਼ੋਰਮ ਵੀ ਉੱਤਰ-ਪੂਰਬ ਵਿੱਚ ਮਿਆਂਮਾਰ ਨਾਲ ਸਰਹੱਦਾਂ ਸਾਂਝੀਆਂ ਕਰਦੇ ਹਨ। 

Comment here