ਸਾਹਿਤਕ ਸੱਥ

ਮਾਂ ਵੀ ਬਣੀ ਮਹਿਮਾਨ

ਇੰਜ ਜਾਪਦਾ ਹੈ ਕਿ ਦੁਨੀਆ ਗਰਕ ਹੋਣ ‘ਤੇ ਆ ਗਈ ਹੈ। ਸਾਰੇ ਰਿਸ਼ਤੇ ਨਾਤੇ ਪੈਸੇ ਦੀ ਤਕੜੀ ਵਿੱਚ ਤੁਲ ਗਏ ਹਨ। ਕੀ ਤੁਸੀਂ ਕਦੇ ਅਜਿਹੀ ਮਾਂ ਦੇਖੀ ਹੈ ਜੋ ਆਪਣੇ ਪੁੱਤਰ ਨੂੰ ਦੁੱਧ ਚੁੰਘਾ ਕੇ ਉਸ ਤੋਂ ਦੁੱਧ ਦਾ ਹਿਸਾਬ ਪੁੱਛੇ ਕਿ ਮਹੀਨੇ ਦੇ ਐਨੇ ਕਿਲੋ ਦੇ ਹਿਸਾਬ ਨਾਲ ਐਨੇ ਪੈਸੇ ਤੇਰੇ ਵੱਲ ਬਣਦੇ ਹਨ, ਪਰ ਇਸ ਕਲਯੁੱਗ ਵਿੱਚ ਅਜਿਹੇ ਪੁੱਤ ਜ਼ਰੂਰ ਪੈਦਾ ਹੋ ਗਏ ਹਨ ਜੋ ਮਾਂ ਤੋਂ ਉਸ ਦੇ ਮੂੰਹ ਵਿੱਚ ਪਈਆਂ ਬੁਰਕੀਆਂ ਅਤੇ ਰਹਿਣ ਲਈ ਦਿੱਤੇ ਕਮਰੇ ਦਾ ਕਿਰਾਇਆ ਵਸੂਲ ਕਰਦੇ ਹੋਣ।
ਹੁਣ ਉਹ ਔਰਤ ਇਸ ਦੁਨੀਆ ਵਿੱਚ ਨਹੀਂ ਹੈ। ਉਸ ਨੂੰ ਸਰਕਾਰੀ ਨੌਕਰੀ ਕਾਰਨ ਪੈਨਸ਼ਨ ਮਿਲਦੀ ਸੀ। ਪੁੱਤਰ ਨੇ ਮਾਂ ਦੇ ਤਰਲਿਆਂ ਦੇ ਬਾਵਜੂਦ ਉਸ ਦਾ ਮੰਜਾ ਚੁਬਾਰੇ ਵਿੱਚ ਡਾਹ ਰੱਖਿਆ ਸੀ। ‘‘ਐਵੇਂ ਥੱਲੇ ਸਿਰ ਖਾਈ ਜਾਇਆ ਕਰੇਂਗੀ ਸਾਰਾ ਦਿਨ,” ਮੁੰਡੇ ਦਾ ਤਰਕ ਸੀ। ਗਠੀਏ ਦੀ ਮਰੀਜ਼ ਮਾਂ ਨੂੰ ਦਿਹਾੜੀ ਵਿੱਚ ਦੋ-ਤਿੰਨ ਵਾਰ ਰੋਟੀ ਲਈ ਥੱਲੇ ਪਉੜੀਆਂ ਉਤਰ ਕੇ ਆਉਣਾ ਪੈਂਦਾ। ਰਸੋਈ ਵਿੱਚ ਸਬਜ਼ੀ ਫਰਿੱਜ ਵਿੱਚ ਪਈ ਹੁੰਦੀ। ਆਪੇ ਦੋ ਰੋਟੀਆਂ ਥੱਪਦੀ। ਟੱਬਰ ਵਿੱਚੋਂ ਕੋਈ ਉਸ ਨਾਲ ਗੱਲ ਨਾ ਕਰਦਾ। ਬਹੁਤੀ ਢਿੱਲੀ ਹੁੰਦੀ, ਥੱਲੇ ਉਤਰਨ ਦੀ ਤਾਕਤ ਨਾ ਹੁੰਦੀ ਜਾਂ ਚਿੱਤ ਹੀ ਨਾ ਕਰਦਾ ਕਦੇ ਰੋਟੀ ਨੂੰ ਤਾਂ ਕਿਸੇ ਦੇ ਕੀ ਯਾਦ, ਉਂਜ ਹੀ ਚੁਬਾਰੇ ਵਿੱਚ ਇਕੱਲੀ ਪਈ ਰਹਿੰਦੀ..ਦਿਹਾੜੀ ਵਿੱਚ ਪਤਾ ਨਹੀਂ ਕਿੰਨੀ ਵਾਰ ਰੋਂਦੀ..ਅਗਲਿਆਂ ਪਿਛਲਿਆਂ ਨੂੰ ਯਾਦ ਕਰਦੀ।
ਪੈਨਸ਼ਨ ਦਾ ਵੱਡਾ ਹਿੱਸਾ ਹਰ ਚੜ੍ਹੇ ਮਹੀਨੇ ਰੋਟੀ ਅਤੇ ਕਮਰੇ ਦੇ ਕਿਰਾਏ ਵਜੋਂ ਪੁੱਤਰ/ਨੂੰਹ ਨੂੰ ਦੇਣਾ ਪੈਂਦਾ। ਨੂੰਹ ਅਕਸਰ ਆਖਦੀ, ‘‘ਮਾਤਾ! ਮਹਿੰਗਾਈ ਬਹੁਤ ਵਧ ਗਈ ਹੈ। ਐਨੇ ਪੈਸਿਆਂ ‘ਚ ਹੁਣ ਗੁਜ਼ਾਰਾ ਨਈਓਂ ਹੁੰਦਾ।” ਟੱਬਰ ਨੂੰ ਖੁਸ਼ ਰੱਖਣ ਲਈ ਉਹ ਚੜ੍ਹੇ ਮਹੀਨੇ ਜੀਓ-ਜੀਅ ਨੂੰ ਸੌ-ਦੋ ਸੌ ਵਾਧੂ ਦਿੰਦੀ ਰਹਿੰਦੀ। ਦੁੱਧ ਆਪਣੇ ਪੈਸਿਆਂ ਦਾ ਪੀਂਦੀ। ਕੱਪੜੇ ਕਦੇ ਕੰਮ ਵਾਲੀ ਧੋ ਦਿੰਦੀ, ਕਦੇ ਆਪੇ ਧੋਂਦੀ। ਕੰਮ ਵਾਲੀ ਨੂੰ ਪੈਸੇ ਵੱਖਰੇ ਦੇਣੇ ਪੈਂਦੇ। ਦਵਾਈ ਲਿਆਉਣ ਲਈ ਪੋਤਰੇ ਦੀ ਮਿੰਨਤ ਕਰਦੀ। ਲਿਆ ਤਾਂ ਦਿੰਦਾ, ਪਰ ਪੈਟਰੋਲ ਦੇ ਪੈਸਿਆਂ ਦਾ ਬਹਾਨਾ ਕਰ ਉਹ ਸੌ ਦੇ ਡੂਢ ਸੌ ਮਾਂਜ ਲੈਂਦਾ। ਕਿੰਨਾ ਸਹਿਕਦੀ ਕਿ ਪੁੱਤ ਦੇ ਘਰ ਵਿੱਚ ਉਸ ਨੂੰ ਮੋਹ ਪਿਆਰ ਮਿਲੇ, ਅਪਣੱਤ ਮਿਲੇ। ਕੋਈ ਉਸ ਦੀ ਸਲਾਹ ਲਵੇ। ਚੱਲੋ! ਘੱਟੋ-ਘੱਟ ਤਿ੍ਰਸਕਾਰ ਤਾਂ ਨਾ ਕਰਨ। ਮੰਦੇ ਬਚਨ ਨਾ ਬੋਲਣ। ਉਸ ਦਾ ਕਸੂਰ ਬਸ ਏਨਾ ਸੀ ਕਿ ਉਹ ਰਿਸ਼ਤੇਦਾਰਾਂ ਕੋਲ ਉਸ ਨਾਲ ਹੁੰਦੇ ਦੁਰ ਵਿਹਾਰ ਬਾਰੇ ਉਭਾਸਰ ਪਈ ਸੀ। ਪੌਣੀ ਸਦੀ ਨੇੜੇ ਢੁਕੀ ਪੋਤੇ-ਪੋਤੀਆਂ, ਪੜਪੋਤੇ-ਪੜਪੋਤੀਆਂ ਵਾਲੀ ਦੁਖਿਆਰੀ ਘਰ ਵਿੱਚ ਅਛੂਤ ਵਾਂਗ ਜ਼ਿੰਦਗੀ ਦੇ ਦਿਨ ਗਿਣ ਰਹੀ ਸੀ। ‘‘ਰੱਬਾ! ਲੈ ਜਾ ਹੁਣ ਤਾਂ! ਉਹ ਰਾਤ ਦਿਨੇ ਰੱਬ ਅੱਗੇ ਅਰਜੋਈਆਂ ਕਰਦੀ। ਹੁਣ ਉਸ ਕੋਲ ਪੁੱਤਰ ਨੂੰ ਦੇਣ ਲਈ ਪੈਨਸ਼ਨ ਤੋਂ ਸਿਵਾ ਕੁਝ ਨਹੀਂ ਬਚਿਆ ਸੀ। ਕਦੇ-ਕਦੇ ਉਹ ਸੋਚਦੀ ਕਿ ਜੇ ਉਹ ਆਪਣੇ ਪੁੱਤਰ ਦੇ ਘਰ ਵਿੱਚ ਰਹਿਣ ਦੀ ਥਾਂ ਕਿਸੇ ਸੱਤ-ਬੇਗਾਨੇ ਦੇ ਘਰ ਵਿੱਚ ਇਸ ਤਰ੍ਹਾਂ ਪੈਸੇ ਦੇ ਕੇ ਰਹਿੰਦੀ ਤਾਂ ਸ਼ਾਇਦ ਇਸ ਤਰ੍ਹਾਂ ਦਾ ਅਪਮਾਨ ਨਾ ਝੱਲਣਾ ਪੈਂਦਾ।
ਦਿਨੋ-ਦਿਨ ਉਸ ਦੀ ਹਾਲਤ ਨਿਘਰਦੀ ਚਲੀ ਗਈ। ਉਸ ਸਾਲ ਬਹੁਤ ਜ਼ਿਆਦਾ ਗਰਮੀ ਪਈ। ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਬਿਜਲੀ ਦੇ ਵੱਡੇ-ਵੱਡੇ ਕੱਟ ਲੱਗਣ ਲੱਗ ਪਏ। ਮਾਂ ਦੇ ਚੁਬਾਰੇ ਵਿੱਚ ਇਨਵਰਟਰ ਦੀ ਤਾਰ ਨਹੀਂ ਜੋੜੀ ਗਈ ਸੀ। ਇਨਵਰਟਰ, ਕੂਲਰ, ਪੱਖੇ ਤੇ ਏ ਸੀ ਥੱਲੇ ਵਾਲਿਆਂ ਵਾਸਤੇ ਹੀ ਸਨ। ਮਾਂ ਦੇ ਚੁਬਾਰੇ ਦਾ ਪੱਖਾ ਬਿਜਲੀ ਦੇ ਕੱਟ ਸਮੇਂ ਨਹੀਂ ਚੱਲਦਾ ਸੀ। ਪਤਾ ਨਹੀਂ ਅੰਤਲੀ ਰਾਤ ਉਹਨੇ ਕਿਵੇਂ ਬਿਤਾਈ ਹੋਵੇਗੀ, ਕਿੰਨੀ ਔਖੀ ਜਾਨ ਨਿਕਲੀ ਹੋਵੇਗੀ..ਉਪਰਲਾ ਹੀ ਜਾਣਦਾ ਹੈ। ਸਵੇਰੇ ਜਦੋਂ ਉਹ ਦਸ ਗਿਆਰਾਂ ਵਜੇ ਤੱਕ ਥੱਲੇ ਨਾ ਉਤਰੀ ਤਾਂ ਟੱਬਰ ਨੂੰ ਕੁਝ ਸ਼ੰਕਾ ਹੋਈ। ਨੂੰਹ ਨੇ ਮੋਬਾਈਲ ਤੋਂ ਪੁੱਛਿਆ.. ਪਰ ਕੋਈ ਹੋਵੇ ਤਾਂ ਜਵਾਬ ਦੇਵੇ! ਦੁਖਿਆਰੀ ਔਰਤ ਦਾ ਭੌਰ ਤਾਂ ਪਤਾ ਨਹੀਂ ਰਾਤ ਦੇ ਕਿਹੜੇ ਪਹਿਰ ਉਡਾਰੀ ਮਾਰ ਗਿਆ ਸੀ।

-ਜਸਵੀਰ ਢੰਡ

Comment here