ਸਿਆਸਤਖਬਰਾਂਦੁਨੀਆ

ਮਹਿੰਗਾਈ ਮੁੱਦੇ ’ਤੇ ਸ਼ਾਹਬਾਜ਼ ਤੇ ਬਿਲਾਵਲ ਨੇ ਇਮਰਾਨ ਖਾਨ ਨੂੰ ਘੇਰਿਆ

ਇਸਲਾਮਾਬਾਦ–ਸਥਾਨਕ ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ ’ਚ ਕਿਹਾ ਕਿ ਹਾਲ ਹੀ ’ਚ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਮਹਿੰਗਾਈ ਜ਼ਬਰਦਸਤ ਤਰੀਕੇ ਨਾਲ ਵਧ ਰਹੀ ਹੈ। ਇਸ ਲਈ ਇਮਰਾਨ ਖਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਦੇ ਦੂਜੇ ਦੇਸ਼ਾਂ ’ਚ ਸਰਕਾਰਾਂ ਕੀਮਤਾਂ ਦੇ ਘੱਟ ਹੋਣ ’ਤੇ ਤਿਉਹਾਰਾਂ ਦਾ ਜਸ਼ਨ ਮਨਾ ਰਹੀ ਹੈ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ’ਚ ਪ੍ਰਧਾਨ ਮੰਤਰੀ ਨਿਆਜੀ ਜਨਤਾ ’ਤੇ ਮਹਿੰਗਾਈ ਦਾ ਬੰਬ ਸੁੱਟ ਰਹੇ ਹਨ।
ਸ਼ਾਹਬਾਜ਼ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਨਵਾਂ ਸਾਲ ਪਾਕਿਸਤਾਨ ਦੀ ਜਨਤਾ ਨੂੰ ਇਸ ਵਧ ਰਹੀ ਮਹਿੰਗਾਈ ਤੋਂ ਛੁਟਕਾਰਾ ਦਿਵਾਏਗਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਨਵੇਂ ਸਾਲ ’ਚ ਦੇਸ਼ ਦੀ ਜਨਤਾ ਭੁੱਖਮਰੀ, ਬੀਮਾਰੀ ਤੋਂ ਉਭਰੇਗੀ ਅਤੇ ਲੋਕਾਂ ਨੂੰ ਨਿਆਂ ਮਿਲ ਸਕੇਗਾ। ਇਸ ਵਿਚਕਾਰ ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਇਮਰਾਨ ਖਾਨ ਸਰਕਾਰ ਦੀ ਜੰਮ ਕੇ ਨਿੰਦਾ ਕੀਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਨੇ ਕਿਹਾ ਸੀ ਕਿ ਸਾਲ 2021 ਉਨ੍ਹਾਂ ਦੇ ਦੇਸ਼ ਅਤੇ ਜਨਤਾ ਲਈ ਖੁਸ਼ੀਆਂ ਨਾਲ ਭਰਿਆ ਹੋਵੇਗਾ। ਸਾਲ 2021 ਲੋਕਾਂ ਦੀ ਤਰੱਕੀ ਦੀ ਰਾਹ ਖੋਲ੍ਹੇਗਾ ਪਰ ਹੁਣ ਉਹ ਸਾਲ ਨਿਕਲ ਚੁੱਕਾ ਹੈ ਅਤੇ 2022 ਆ ਚੁੱਕਾ ਹੈ। ਉਨ੍ਹਾਂ ਦਾ ਕੀਤਾ ਗਿਆ ਵਾਅਦਾ ਕਿੱਥੇ ਗਿਆ। ਉਨ੍ਹਾਂ ਇਮਰਾਨ ਖਾਨ ’ਤੇ ਦੇਸ਼ ’ਚ ਵਧਦੀ ਮਹਿੰਗਾਈ ਨੂੰ ਲੈ ਕੇ ਵੀ ਨਿਸ਼ਾਨਾ ਵਿੰਨਿ੍ਹਆ। ਬਿਲਾਵਲ ਨੇ ਕਿਹਾ ਕਿ ਦੇਸ਼ ਦੀ ਜਨਤਾ ਵਧਦੀ ਮਹਿੰਗਾਈ ਤੋਂ ਹੁਣ ਦੁਖੀ ਹੋ ਚੁੱਕੀ ਹੈ। ਉਹ ਇਸ ਸਰਕਾਰ ਨੂੰ ਹੋਰ ਜ਼ਿਆਦਾ ਬਰਦਾਸ਼ਤ ਕਰਨ ਦੀ ਹਾਲਤ ’ਚ ਨਹੀਂ ਹੈ।

Comment here