ਸਿਆਸਤਖਬਰਾਂ

ਭਾਜਪਾ ਨੇ ਬਾਦਲਕਿਆਂ ਦੀ ਤੱਕੜੀ ਚ ਪਾਏ ਤਕੜੇ ਡੈਂਟ

ਸਿਰਸਾ ਤੋਂ ਬਾਅਦ ਸਰਬਜੀਤ ਮੱਕੜ ਵੀ ਭਾਜਪਾਈ ਬਣੇ

24 ਨੇਤਾ ਭਾਜਪਾ ਚ ਗਏ
ਜਲੰਧਰ-ਹੁਣੇ ਜਿਹੇ ਮਨਜਿੰਦਰ ਸਿੰਘ ਸਿਰਸਾ ਦੇ ਅਕਾਲੀ ਦਲ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭਾਜਪਾ ਦੇ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੀਨੀਅਰ ਨੇਤਾਵਾਂ ਨਾਲ ਉਨ੍ਹਾਂ ਨੂੰ ਦਿੱਲੀ ’ਚ ਭਾਜਪਾ ਪਾਰਟੀ ’ਚ ਸ਼ਾਮਲ ਕਰਵਾਇਆ। ਇਸ ਤੋਂ ਇਲਾਵਾ ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ ਤੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ ਸਣੇ 24 ਲੀਡਰ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ।  ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨੇ ਹਿੰਦੂ ਤੇ ਸਿੱਖਾਂ ਨੂੰ ਇਕਜੁੱਟ ਕੀਤਾ ਸੀ। ਸੋਮ ਪ੍ਰਕਾਸ਼ ਦੀ ਬਦੌਲਤ ਅੱਜ ਮੈਂ ਭਾਜਪਾ ਵਿੱਚ ਸ਼ਾਮਲ ਹੋਇਆ ਹਾਂ। ਨਰਿੰਦਰ ਮੋਦੀ ਨੇ ਵੀ ਵਾਜਪਾਈ ਵਾਂਗ ਹਿੰਦੂ-ਸਿੱਖ ਨੂੰ ਇੱਕ-ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ-ਆਪ ਇਸ ਪਾਰਟੀ ਵਿੱਚ ਸ਼ਾਮਲ ਹੋਏ ਹਾਂ। ਮੱਕੜ ਨੇ ਕਿਹਾ ਕਿ ਸਾਬਕਾ ਡੀਜੀਪੀ ਵਿਰਕ ਨੇ ਅੱਤਵਾਦ ਦੇ ਸਮੇਂ ਵਿੱਚ ਕੰਮ ਕੀਤਾ ਹੈ। ਡੀਜੀਪੀ ਬਣਨਾ ਆਸਾਨ ਹੈ ਪਰ ਡੀਜੀਪੀ ਬਣ ਕੇ ਸੇਵਾ ਕਰਨਾ ਔਖਾ ਹੈ। ਉਸ ਸਮੇਂ ਵਿਰਕ ‘ਤੇ ਵੀ ਹਮਲੇ ਹੋਏ ਸਨ। ਅਸੀਂ ਭਾਜਪਾ ਵੱਲੋਂ ਦਿੱਤੇ ਮੁੱਲ ਨੂੰ ਨਹੀਂ ਭੁੱਲ ਸਕਦੇ। ਪਾਰਟੀ ਜੋ ਵੀ ਕਹੇਗੀ, ਉਹ ਕਰੇਗੀ। ਇੰਨਾ ਕੰਮ ਕਰਾਂਗੇ ਕਿ ਪੰਜਾਬ ‘ਚ ਬਦਲਾਅ ਆਵੇਗਾ।ਉਨ੍ਹਾਂ ਕਿਹਾ ਕਿ ਇਸ ਪਾਰਟੀ ਵਿੱਚ ਆ ਕੇ ਮੇਰੇ ਵਿੱਚ ਭਾਰੀ ਉਤਸ਼ਾਹ ਹੈ। ਮੱਕੜ ਨੇ ਕਿਹਾ ਕਿ ਅਵਤਾਰ ਸਿੰਘ ਜੀਰਾ ਦੇ ਪਰਿਵਾਰ ਨੇ ਅਕਾਲੀ ਦਲ ਵਿੱਚ ਰਹਿ ਕੇ ਸ਼੍ਰੋਮਣੀ ਕਮੇਟੀ ਦੀ ਸੇਵਾ ਕੀਤੀ ਹੈ। ਸਰਬਜੀਤ ਸਿੰਘ ਮੱਕੜ ਇੰਨੇ ਉਤਸ਼ਾਹ ਵਿੱਚ ਸੀ ਕਿ ਉਨ੍ਹਾਂ ਵੱਲੋਂ ਭਾਜਪਾ ਦਾ ਨਾਂ ਬਹੁਜਨ ਸਮਾਜ ਪਾਰਟੀ ਬੋਲ ਦਿੱਤਾ ਗਿਆ।ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਕਈ ਮੁੱਦਿਆਂ ’ਤੇ ਚਰਚਾ ਹੋਈ ਹੈ ਅਤੇ ਜਲੰਧਰ ਕੈਂਟ ਸੀਟ ਤੋਂ ਚੋਣ ਲੜਨ ਦਾ ਉਨ੍ਹਾਂ ਦਾ ਦਾਅਵਾ ਮਜ਼ਬੂਤ ਹੈ। ਪਾਰਟੀ ਨੇ ਇਸ ਦੇ ਲਈ ਹਾਂ ਕੀਤੀ ਹੈ। ਜਲਦੀ ਹੀ ਉਹ ਜਲੰਧਰ ’ਚ ਵੱਡਾ ਪ੍ਰੋਗਰਾਮ ਕਰਕੇ ਆਪਣੇ ਸਾਥੀਆਂ ਨੂੰ ਵੀ ਭਾਜਪਾ ’ਚ ਸ਼ਾਮਲ ਕਰਵਾਉਣਗੇ। ਅਕਾਲੀ ਦਲ ਲਈ ਇਹ ਜਲੰਧਰ ’ਚ ਬਹੁਤ ਵੱਡਾ ਝਟਕਾ ਹੈ। ਹੁਣ ਇਹ ਕਿਆਸਕਾਰੀਆਂ ਲਗਾਈਆਂ ਜਾ ਰਹੀਆਂ ਹਨ ਕਿ ਹੌਲੀ-ਹੌਲੀ ਕਈ ਆਗੂ ਅਤੇ ਵਿਧਾਇਕ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਸਕਦੇ ਹਨ।

Comment here