ਸਿਆਸਤਖਬਰਾਂ

ਭਾਅ ਨਾਲ ਮਿਲਣ ਤੇ ਕੂੜੇ ਚ ਸੁੱਟੀਆਂ ਅਮਰੂਦਾਂ ਦੀਆਂ ਟਰਾਲੀਆਂ

ਸੰਗਰੂਰ- ਇੱਕ ਪਾਸੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਆਪਣੇ ਹੱਕਾਂ ਲਈ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਨ ਚਲਾ ਰਹੇ ਹਨ ਪਰ ਕੇਂਦਰ ਹਕੂਮਤ ਕਿਸਾਨਾਂ ਦੇ ਹੱਕ ਚ ਖੜੀ ਹੋਣ ਦੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਵੰਨ ਸੁਵੰਨਤਾ ਵਲ ਮੁੜਨ ਦੀ ਕੋਸ਼ਿਸ਼ ਕਰਦਾ ਕਿਸਾਨ ਰੁਲ ਰਿਹਾ ਹੈ। ਪਹਿਲਾਂ ਟਮਾਟਰ ਸੜਕਾਂ ਤੇ ਰੁਲੇ, ਤੇ ਹੁਣ ਅਮਰੂਦਾਂ ਦੇ ਰੁਲਣ ਦੀ ਖਬਰ ਆਈ ਹੈ। ਬਾਜ਼ਾਰ ਵਿੱਚੋਂ ਗਾਹਕ ਨੂੰ 40 ਤੋਂ ਲੈ ਕੇ 50 ਰੁਪਏ ਕਿੱਲੋ ਮਿਲਦੇ ਹਨ, ਤੇ ਇਹੀ ਅਮਰੂਦ ਸਹੀ ਭਾਅ ਨਾ ਮਿਲਣ ਕਰਕੇ ਕਿਸਾਨ ਟਰਾਲੀਆਂ ਭਰ ਭਰ ਕੇ ਆਪਣੀ ਜਿਣਸ ਸੁੱਟਣ ਲਈ ਮਜਬੂਰ ਹਨ। ਹਰਿਆਣਾ ਦੇ ਪਾਨੀਪਤ ਤੋਂ ਲਛਮਣ ਸਿੰਘ ਅਤੇ ਬੀਰਬਲ ਸਿੰਘ ਨਾਂ ਦੇ ਕਿਸਾਨਾਂ ਨੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਖੰਡੇਬਾਦ ਰਿਹਾਇਸ਼ ਪਿੰਡ ਵਿੱਚ 4 ਏਕੜ ਅਮਰੂਦਾਂ ਦਾ ਬਾਗ ਸਾਢੇ ਤਿੰਨ ਲੱਖ ਰੁਪਏ ਵਿੱਚ ਠੇਕੇ ਉੱਤੇ ਲਿਆ। ਇਸ ‘ਤੇ 100,000 ਰੁਪਏ ਦਾ ਖਰਚ ਆਇਆ। 15 ਬੰਦੇ ਤੁੜਾਈ ਲਈ ਲਾਏ। ਜਦੋਂ ਬਾਗ ਤੋਂ ਅਮਰੂਦ ਮੰਡੀ ਵਿੱਚ ਲੈ ਕੇ ਗਏ ਤਾਂ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਲੱਗੀ। ਮੰਡੀ ਵਿੱਚ ਅਮਰੂਦ ਦਾ ਰੇਟ ਡੇਢ ਰੁਪਏ ਕਿੱਲੋ ਤੋਂ ਜ਼ਿਆਦਾ ਨਹੀਂ ਮਿਲ ਰਿਹਾ ਸੀ ਤਾਂ ਉਹਨਾਂ ਨੇ ਅਮਰੂਦਾਂ ਦੀਆਂ ਭਰੀਆਂ ਟਰਾਲੀਆਂ ਕੂੜੇ ਵਾਂਗ ਢੇਰੀ ਕਰ ਦਿੱਤੀਆਂ। ਉਹ ਪਹਿਲਾਂ ਪੰਜਾਬ ਦੀ ਮਲੇਰਕੋਟਲਾ ਮੰਡੀ ਵਿੱਚ 30 ਕੁਇੰਟਲ ਅਮਰੂਦ ਲੈ ਕੇ ਗਏ ਜਿਸਦੇ ਸਿਰਫ 4200 ਰੁਪਏ ਮਿਲੇ। ਫੇਰ ਕਿਸੇ ਨੇ ਦੱਸਿਆ ਕਿ ਹਰਿਆਣਾ ਵਿੱਚ ਜ਼ਿਆਦਾ ਮੁੱਲ ਹੈ ਤਾਂ ਉਹ ਕਰਨਾਲ ਦੀ ਮੰਡੀ ਚ 30 ਕੁਇੰਟਲ ਲੈ ਗਏ ਉੱਥੇ 5600 ਮਿਲੇ, ਪਰ ਓਥੇ ਤੱਕ ਲਿਜਾਣ ਦਾ ਖਰਚਾ ਵਾਧੂ ਹੋ ਗਿਆ, ਕਿਸਾਨਾਂ ਨੇ ਕਿਹਾ ਕਿ ਸਾਨੂੰ ਤਾਂ ਲੇਬਰ ਵੀ ਪੱਲਿਓਂ ਪੈ ਰਹੀ ਹੈ, ਬਚਤ ਤਾਂ ਗੱਲ ਹੀ ਬੜੀ ਦੂਰ ਦੀ ਹੈ।

ਕਿਸਾਨ ਰੁਲ ਰਹੇ ਹਨ…. ਉਹ ਵੱਖਰੀ ਗੱਲ ਹੈ ਕਿ ਪੰਜਾਬ ਤੇ ਹਰਿਆਣਾ ਤੇ ਮੁੱਖ ਮੰਤਰੀ ਆਪੋ ਚ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਵਧ ਚੜ ਕੇ ਬਿਆਨ ਦੇਣ ਚ ਰੁਝੇ ਹੋਏ ਨੇ, ਜੀਹਦਾ ਰੁਲ ਰਹੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ।

Comment here