ਸਾਹਿਤਕ ਸੱਥ

ਭਲਾ ਹੋਵੇ ਰਾਮਪੁਰ ਵਾਲਿਆਂ ਦਾ

ਕਈ ਬੰਦੇ ਪਿਆਰ ਨਾਲ ਠੀਕ ਹੁੰਦਾ ਹਨ ਤੇ ਕਈ ਜੁੱਤੀਆਂ ਨਾਲ। ਸ਼ਾਮਪੁਰ ਪਿੰਡ ਵਿੱਚ ਇੱਕ ਵਿਧਵਾ ਆਪਣੇ ਅਜਿਹੇ ਹੀ ਵਿਗੜੇ ਹੋਏ ਪੁੱਤਰ ਹੀਰੇ ਨਾਲ ਰਹਿੰਦੀ ਸੀ। ਹੀਰਾ ਸਿਰੇ ਦਾ ਮੁਸ਼ਟੰਡਾ ਤੇ ਪੁਆੜੇ ਹੱਥਾ ਆਦਮੀ ਸੀ। ਸ਼ਰਾਬ ਪੀ ਕੇ ਕਿਸੇ ਨਾ ਕਿਸੇ ਨਾਲ ਜੂਤ ਪਤਾਣ ਹੋਣਾ ਉਸ ਦਾ ਨਿੱਤ ਦਾ ਕੰਮ ਸੀ। ਹੌਲੀ ਹੌਲੀ ਪਿੰਡ ਵਾਲਿਆਂ ਨੇ ਉਸ ਵੱਲ ਧਿਆਨ ਦੇਣਾ ਬੰਦਾ ਕਰ ਦਿੱਤਾ ਤੇ ਉਹ ਰਾਤ ਨੂੰ ਸ਼ਰਾਬੀ ਹੋਇਆ ਆਪੇ ਭੌਂਕ ਭਾਂਕ ਕੇ ਚੁੱਪ ਕਰ ਜਾਂਦਾ। ਉਸ ਦਾ ਆਪਣੀ ਮਾਂ ਨਾਲ ਵਿਹਾਰ ਵੀਬਹੁਤ ਹੀ ਮਾੜਾ ਸੀ। ਸ਼ਰਾਬੀ ਹੋਏ ਨੇ ਦਰਵਾਜ਼ੇ ਨੂੰ ਲੱਤ ਮਾਰ ਕੇ ਕਹਿਣਾ,“ਕਿੱਥੇ ਮਰ ਗਈ ਆਂ ਬੁੱਢੜੀਏ, ਦਰਵਾਜ਼ਾ ਖੋਲ੍ਹ।” ਮਾਂ ਆਖਰ ਮਾਂ ਹੁੰਦੀ ਹੈ, ਵਿਚਾਰੀ ਨੇ ਸਭ ਕੁਝ ਚੁੱਪ ਚਾਪ ਬਰਦਾਸ਼ਤ ਕਰ ਲੈਣਾ। ਇੱਕ ਦਿਨ ਉਹ ਕਿਸੇ ਕੰਮ ਗੁਆਂਢ ਦੇ ਪਿੰਡ ਰਾਮਪੁਰ ਚਲਾ ਗਿਆ। ਉਥੇ ਵੀ ਉਸ ਨੇ ਆਪਣੀ ਬਦਮਾਸ਼ੀ ਭੋਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਵਾਲਿਆਂ ਨੇ ਇਕੱਠਿਆਂ ਹੋ ਕੇ ਉਸ ਨੂੰ ਢਾਹ ਲਿਆ ਤੇ ਕੁੱਤੇ ਵਾਂਗ ਘਸੀਟ ਘਸੀਟ ਕੇ ਛਿਤਰੌਲ ਕੀਤੀ। ਛਿੱਤਰ ਪੌਲਾ ਖਾ ਕੇ ਚੱਬ ਖੜਿੱਬਾਹੋਇਆ ਹੌਰਾ ਕਿਸੇ ਤਰਾਂ ਡਿੱਗਦਾ ਢਹਿੰਦਾ ਆਪਣੇ ਘਰ ਪਹੁੰਚਿਆ ਤੇ ਦਰਵਾਜ਼ੇ ਨੂੰ ਲੱਤ ਮਾਰਨ ਦੀ ਬਜਾਏ ਖੜਕਾਉਣ ਲੱਗ ਪਿਆ। ਕਿਉਂਕਿ ਉਹ ਹਮੇਸ਼ਾਂ ਲੱਤ ਮਾਰ ਕੇਬੁੱਢੜੀਏ ਦਰਵਾਜ਼ਾ ਖੋਲ੍ਹ ਕਹਿੰਦਾ ਹੁੰਦਾ ਸੀ, ਇਸ ਕਾਰਨ ਮਾਤਾ ਨੇ ਉਸ ਨੂੰ ਨਾ ਪਹਿਚਾਣਿਆ।ਉਸ ਨੇ ਪੁੱਛਿਆ , “ਕੌਣ ਆ ਭਾਈ ਇਸ ਵੇਲੇ?” ਅੱਗੋਂ ਹੀਰੇ ਨੇ ਪਊਏ ਕੁ ਦਾ ਬਣ ਕੇਬਹੁਤ ਹਲੀਮੀ ਨਾਲ ਕਿਹਾ, “ਮਾਤਾ ਜੀ, ਦਰਵਾਜ਼ਾ ਖੋਲੋ੍ਹੋ।” ਮਾਤਾ ਨੇ ਦਰਵਾਜ਼ਾ ਖੋਲਿ੍ਹਆ ਤਾਂ ਅੱਗੇ ਉਸ ਦਾ ਹੀਰਾ ਰੰਗ ਬਿਰੰਗਾ ਹੋਇਆ ਪਿਆ ਸੀ। ਸਾਰੀ ਗੱਲ ਸੁਣ ਕੇ ਮਾਤਾ ਨੇ ਦੁਖੀ ਹੋਣ ਦੀ ਬਜਾਏੇ ਖੁਸ਼ੀ ਭਰੀ ਅਵਾਜ਼ ਵਿੱਚ ਕਿਹਾ, “ਸ਼ੁਕਰ ਆ ਰਾਮਪੁਰ ਵਾਲਿਆਂ ਦਾ, ਤੈਨੂੰ ਮਾਤਾ ਜੀ ਕਹਿਣਾ ਤਾਂ ਸਿਖਾ ‘ਤਾ।”
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ

Comment here