ਸਿਆਸਤਖਬਰਾਂਚਲੰਤ ਮਾਮਲੇ

ਭਗਵੰਤ ਮਾਨ ਦੀ ਕੈਬਨਿਟ ’ਚ ਪੰਜ ਨਵੇਂ ਮੰਤਰੀ ਸ਼ਾਮਲ

ਨੌਜਵਾਨਾਂ ਨੂੰ ਸ਼ਾਮਲ ਕਰ ਸਿਰਜਿਆ ਨਵਾਂ ਇਤਿਹਾਸ
ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਇਤਿਹਾਸ ਵਿਚ ਨੌਜਵਾਨਾਂ ਦੀ ਵਜ਼ਾਰਤ ਬਣਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿਚ ਸੋਮਵਾਰ ਨੂੰ ਪੰਜ ਨਵੇਂ ਮੰਤਰੀ ਸ਼ਾਮਲ ਹੋ ਗਏ। ਹੁਣ ਕੈਬਨਿਟ ਵਿਚ ਮੰਤਰੀਆਂ ਦੀ ਗਿਣਤੀ ਮੁੱਖ ਮੰਤਰੀ ਸਣੇ 15 ਹੋ ਗਈ ਹੈ। ਇਹ ਪੰਜਾਬ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਨੌਜਵਾਨ ਕੈਬਨਿਟ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਇਤਿਹਾਸ ਵਿਚ ਹੋਂਦ ’ਚ ਆਈਆਂ ਸਰਕਾਰਾਂ ਵਿਚ ਜ਼ਿਆਦਾਤਰ ਬਜ਼ੁਰਗ ਚਿਹਰਿਆਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਸੀ ਪਰ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਇਤਿਹਾਸ ਸਿਰਜਣ ਵਾਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਪੰਜਾਬ ਵਜ਼ਾਰਤ ਬਣਾਉਣ ’ਚ ਵੀ ਇਤਿਹਾਸ ਸਿਰਜਿਆ ਹੈ। ਇਸ ਕੈਬਨਿਟ ਵਿਚ ਜੇਲ ਮੰਤਰੀ ਹਰਜੋਤ ਸਿੰਘ ਬੈਂਸ 31 ਵਰਿ੍ਹਆਂ ਦੇ ਸਭ ਤੋਂ ਘੱਟ ਉਮਰ ਦੇ ਮੰਤਰੀ ਹਨ, ਜਿਨ੍ਹਾਂ ਦਾ ਜਨਮ 15 ਨਵੰਬਰ 1990 ਨੂੰ ਹੋਇਆ ਸੀ। ਇਸ ਤੋਂ ਬਾਅਦ ਅਨਮੋਲ ਗਗਨ ਮਾਨ ਵੀ 31 ਵਰਿ੍ਹਆਂ ਦੇ ਹਨ, ਜਿਨ੍ਹਾਂ ਦਾ ਜਨਮ 26 ਫਰਵਰੀ 1990 ਨੂੰ ਹੋਇਆ। ਸਿੱਖਿਆ ਮੰਤਰੀ ਮੀਤ ਹੇਅਰ 33 ਵਰਿ੍ਹਆਂ ਦੇ ਹਨ, ਜਿਨ੍ਹਾਂ ਦਾ ਜਨਮ 21 ਅਪ੍ਰੈਲ 1989 ਵਿਚ ਹੋਇਆ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿਚ ਜਿਹੜੇ 5 ਨਵੇਂ ਚਿਹਰਿਆਂ ਨੂੰ ਥਾਂ ਮਿਲੀ ਹੈ। ਇਨ੍ਹਾਂ 5 ਮੰਤਰੀਆਂ ਦੀ ਕਹਾਣੀ ਵੀ ਅਜੀਬੋ-ਗਰੀਬ ਹੈ। ਨਵੇਂ ਬਣੇ ਮੰਤਰੀਆਂ ਵਿਚੋਂ ਕੁਝ ਦਾ ਪਿਛੋਕੜ ਕਾਂਗਰਸ ਵਿਚ ਰਿਹਾ ਹੈ ਅਤੇ ਕੁਝ ਨੇ ਪੁਲਸ ਵਿਭਾਗ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਪਰ ਆਮ ਆਦਮੀ ਪਾਰਟੀ ਨੇ ਇਨ੍ਹਾਂ ਦੀ ਕਿਸਮਤ ਨੂੰ ਚਾਰ ਚੰਨ ਲਾ ਦਿੱਤੇ ਹਨ। ਇਨ੍ਹਾਂ ਪੰਜਾਂ ਸਿਆਸਤਦਾਨਾਂ ਦੇ ਬੀਤੇ ਸਮੇਂ ਦਾ ਪਿਛੋਕੜ ਕੁਝ ਇਸ ਤਰ੍ਹਾਂ ਹੈ।
ਅਮਨ ਅਰੋੜਾ
ਆਮ ਆਦਮੀ ਪਾਰਟੀ ਦੀ ਟਿਕਟ ’ਤੇ ਸੁਨਾਮ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਅਮਨ ਅਰੋੜਾ ਦੀ ਕਿਸਮਤ ਇਸੇ ਪਾਰਟੀ ਨੇ ਬਦਲੀ ਹੈ। ਨਹੀਂ ਤਾਂ ਉਹ 2 ਵਾਰ ਕਾਂਗਰਸ ਦੀ ਟਿਕਟ ’ਤੇ ਵੀ ਚੋਣ ਲੜੇ ਪਰ ਉਸ ਸਮੇਂ ਉਹ ਚੋਣ ਨਹੀਂ ਜਿੱਤ ਸਕੇ ਸਨ। ਅਮਨ ਅਰੋੜਾ 2016 ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਕਾਂਗਰਸ ਦੀ ਲਹਿਰ ਦੇ ਬਾਵਜੂਦ 2017 ਵਿਚ 30,000 ਵੋਟਾਂ ਨਾਲ ਜਿੱਤੇ ਸਨ। ਕਾਂਗਰਸ ਸਰਕਾਰ ਸਮੇਂ ਅਮਨ ਅਰੋੜਾ ਨੇ ਵਿਰੋਧੀ ਧਿਰ ’ਚ ਰਹਿੰਦਿਆਂ ਜਨਤਾ ਨਾਲ ਜੁੜੇ ਮੁੱਦੇ ਉਠਾਏ। ਉਨ੍ਹਾਂ ਦੇ ਪਿਤਾ ਭਗਵਾਨ ਦਾਸ ਅਰੋੜਾ ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਗਿਣੇ ਜਾਂਦੇ ਸਨ ਅਤੇ ਉਹ ਕਾਂਗਰਸ ਸਰਕਾਰ ਵਿਚ ਮੰਤਰੀ ਵੀ ਰਹੇ ਸਨ। 1992 ਤੇ 1997 ਵਿਚ ਉਨ੍ਹਾਂ ਦੇ ਪਿਤਾ ਨੇ ਵਿਧਾਨ ਸਭਾ ਚੋਣ ਜਿੱਤੀ ਸੀ ਪਰ 2000 ਵਿਚ ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਸਿਆਸਤ ਦੀ ਵਾਗਡੋਰ ਅਮਨ ਅਰੋੜਾ ਦੇ ਹੱਥਾਂ ਵਿਚ ਆ ਗਈ। ਅਮਨ ਅਰੋੜਾ ਨੇ 2007 ਤੇ 2012 ’ਚ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਜਿੱਤ ਨਹੀਂ ਮਿਲੀ ਸੀ। ਇਸ ਤੋਂ ਬਾਅਦ 2016 ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਸਫਰ ਬੁਲੰਦੀਆਂ ਵੱਲ ਚੱਲ ਪਿਆ। 2017 ਦੀ ਚੋਣ ਜਿੱਤੀ ਅਤੇ ਇਸ ਵਾਰ ਵੀ ਉਨ੍ਹਾਂ ਨੇ ਭਾਰੀ ਵੋਟਾਂ ਦੇ ਫਰਕ ਨਾਲ ਚੋਣ ਜਿੱਤੀ।
ਪ੍ਰੋਟੇਨ ਸਪੀਕਰ ਰਹੇ ਡਾ. ਨਿੱਝਰ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੁੱਧੀਜੀਵੀ ਮੰਨੇ ਜਾਂਦੇ ਡਾ. ਇੰਦਰਵੀਰ ਸਿੰਘ ਨਿੱਝਰ ਨੂੰ ਪ੍ਰੋਟੇਨ ਸਪੀਕਰ ਬਣਾਇਆ ਗਿਆ, ਜਿਨ੍ਹਾਂ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸਹੁੰ ਚੁਕਾਈ ਸੀ। ਡਾ. ਨਿੱਝਰ ਦੇ ਮੰਤਰੀ ਬਣਨ ਨਾਲ ਅੰਮ੍ਰਿਤਸਰ ਦੱਖਣੀ ਹਲਕੇ ਨੂੰ 25 ਸਾਲਾਂ ਬਾਅਦ ਨੁਮਾਇੰਦਗੀ ਮਿਲੀ ਹੈ। ਇਸ ਤੋਂ ਪਹਿਲਾਂ ਮਨਜੀਤ ਸਿੰਘ ਇਸ ਹਲਕੇ ਤੋਂ ਕੈਬਨਿਟ ਦੇ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਤੋਂ ਬਾਅਦ ਅੰਮ੍ਰਿਤਸਰ ਦੱਖਣੀ ਸਰਕਲ ਤੋਂ ਕਿਸੇ ਨੂੰ ਵੀ ਮੰਤਰੀ ਦਾ ਅਹੁਦਾ ਨਹੀਂ ਮਿਲਿਆ। ਹੁਣ ਡਾ. ਨਿੱਝਰ ਨੂੰ ਮੰਤਰੀ ਦਾ ਅਹੁਦਾ ਦਿੱਤੇ ਜਾਣ ਤੋਂ ਬਾਅਦ ਅੰਮ੍ਰਿਤਸਰ ਦੱਖਣੀ ਹਲਕਾ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ। ਡਾ. ਨਿੱਝਰ ਨੂੰ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਮੰਨਿਆ ਜਾਂਦਾ ਹੈ। ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ 53,053 ਵੋਟਾਂ ਮਿਲੀਆਂ ਸਨ ਜਦੋਂਕਿ ਉਨ੍ਹਾਂ ਦੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਨੂੰ 25,550 ਅਤੇ ਕਾਂਗਰਸ ਦੇ ਇੰਦਰਬੀਰ ਸਿੰਘ ਗੁਲੇਰੀਆ ਨੂੰ 22,467 ਵੋਟਾਂ ਮਿਲੀਆਂ ਸਨ। 2017 ’ਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨ ਵਾਲੇ ਡਾ. ਨਿੱਝਰ 24,923 ਵੋਟਾਂ ਲੈ ਕੇ ਦੂਜੇ ਨੰਬਰ ’ਤੇ ਰਹੇ ਸਨ। ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਇਸ ਵਾਰ ਵੀ ਉਨ੍ਹਾਂ ’ਤੇ ਭਰੋਸਾ ਜਤਾਇਆ ਸੀ।
ਫੌਜਾ ਸਿੰਘ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਨੌਨੀ ਮਾਨ ਨੂੰ ਹਰਾਉਣ ਵਾਲੇ ਨਵੇਂ ਕੈਬਨਿਟ ਮੰਤਰੀ ਫੌਜਾ ਸਿੰਘ ਨੂੰ ਸਰਹੱਦੀ ਖੇਤਰਾਂ ਦੀ ਨੁਮਾਇੰਦਗੀ ਦੀ ਜ਼ਿੰਮੇਵਾਰੀ ਸੌਂਪੀ ਹੈ। ਫੌਜਾ ਸਿੰਘ ਗੁਰੂਹਰਸਹਾਏ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਪੰਜਾਬ ਪੁਲਸ ’ਚੋਂ ਸੇਵਾਮੁਕਤ ਇੰਸਪੈਕਟਰ ਫੌਜਾ ਸਿੰਘ ਸਰਾਰੀ ਦੀ ਰਾਏ ਸਿੱਖ ਬਿਰਾਦਰੀ ’ਤੇ ਚੰਗੀ ਪਕੜ ਰੱਖਦੇ ਹਨ। ਪੁਲਸ ’ਚੋਂ ਸੇਵਾਮੁਕਤੀ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ। ਫੌਜਾ ਸਿੰਘ ਦਾ ਜਨਮ 25 ਅਪ੍ਰੈਲ 1964 ਨੂੰ ਪਿੰਡ ਰਾਣਾ ਪੰਜਗਰਾਈਂ ਵਿਖੇ ਹੋਇਆ। ਉਨ੍ਹਾਂ ਦੀਆਂ 3 ਬੇਟੀਆਂ ਹਨ, ਜਿਨ੍ਹਾਂ ’ਚੋਂ 2 ਦਾ ਵਿਆਹ ਹੋ ਚੁੱਕਾ ਹੈ। ਇਕ ਬੇਟੀ ਨਿਊਜ਼ੀਲੈਂਡ ਚਲੀ ਗਈ ਹੈ, ਜਦਕਿ ਦੂਜੀ ਬੇਟੀ ਟੀਚਰ ਹੈ। ਉਨ੍ਹਾਂ ਦੀ ਛੋਟੀ ਬੇਟੀ ਸਿਮਰਨਜੀਤ ਕੌਰ ਸਿਆਸਤ ਵਿਚ ਹੈ। ਫੌਜਾ ਸਿੰਘ 1984 ’ਚ ਪੰਜਾਬ ਪੁਲਸ ਵਿਚ ਭਰਤੀ ਹੋਏ ਸਨ ਅਤੇ 2020 ਵਿਚ ਸੇਵਾਮੁਕਤ ਹੋਣ ਤੋਂ ਬਾਅਦ ਉਹ ਵਾਪਸ ਆਪਣੇ ਪਿੰਡ ਆ ਕੇ ਰਹਿਣ ਲੱਗੇ। ਉਥੋਂ ਹੀ ਉਨ੍ਹਾਂ ਨੇ ਸਿਆਸਤ ਵਿਚ ਕਦਮ ਰੱਖਿਆ ਅਤੇ ਅਕਾਲੀ ਦਲ ਤੇ ਕਾਂਗਰਸ ਦੇ ਦਿੱਗਜ ਨੇਤਾਵਾਂ ਨੂੰ ਹਰਾਇਆ।
ਚੇਤਨ ਸਿੰਘ ਜੌੜਾ ਮਾਜਰਾ
ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ ਬਹਾਦਰੀ ਦੀ ਮਿਸਾਲ ਹਨ। ਉਨ੍ਹਾਂ ਨੂੰ ਮਾਰਚ 2019 ਵਿਚ ਤਰਨਤਾਰਨ ਇਲਾਕੇ ’ਚ ਅਣਪਛਾਤੇ ਵਿਅਕਤੀਆਂ ਨੇ ਉਸ ਵੇਲੇ ਗੋਲੀ ਮਾਰ ਦਿੱਤੀ ਸੀ ਜਦੋਂ ਉਹ ਇਕ ਲੜਕੀ ਨੂੰ ਅਗਵਾ ਕਰਨ ਵਾਲੇ ਲੋਕਾਂ ਨਾਲ ਭਿੜ ਗਏ ਸਨ। ਉਨ੍ਹਾਂ ਦੀ ਗਰਦਨ ਵਿਚ ਗੋਲੀ ਲੱਗੀ ਸੀ ਅਤੇ ਬਾਅਦ ’ਚ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਚੇਤਨ ਸਿੰਘ ਜੌੜਾ ਮਾਜਰਾ ਨੂੰ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਦੇਹਾਤੀ ਜ਼ਿਲੇ ਦੀ ਕਮਾਨ ਸੌਂਪੀ ਗਈ ਹੈ। 10 ਦਸੰਬਰ 2021 ਨੂੰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਸਮਾਣਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਸੀ। ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ 74,375 ਵੋਟਾਂ ਮਿਲੀਆਂ ਸਨ। ਉਨ੍ਹਾਂ ਸੁਰਜੀਤ ਸਿੰਘ ਰੱਖੜਾ ਨੂੰ 39,713 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਸੀਟ ’ਤੇ ਅਕਾਲੀ ਦਲ ਦੇ ਉਮੀਦਵਾਰ ਨੂੰ 34,662 ਅਤੇ ਕਾਂਗਰਸ ਦੇ ਰਾਜਿੰਦਰ ਸਿੰਘ ਨੂੰ 23,576 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਚੇਤਨ ਸਿੰਘ ਜੌੜਾ ਮਾਜਰਾ 74,375 ਵੋਟਾਂ ਲੈ ਕੇ ਲਗਭਗ 50.14 ਫੀਸਦੀ ਵੋਟਾਂ ਹਾਸਲ ਕਰਨ ਵਿਚ ਸਫਲ ਰਹੇ। ਉਨ੍ਹਾਂ ਦੇ ਪਿਤਾ ਦਾ ਨਾਂ ਗੁਰਦੇਵ ਸਿੰਘ ਸੀ। ਚੇਤਨ ਸਿੰਘ ਜੌੜਾ ਮਾਜਰਾ ਦਾ ਜਨਮ 1967 ’ਚ ਹੋਇਆ ਸੀ।
ਅਨਮੋਲ ਗਗਨ ਮਾਨ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਚ ਸ਼ਾਮਲ ਕੀਤੀ ਗਈ ਦੂਜੀ ਮਹਿਲਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਗਾਇਕੀ ਤੋਂ ਸਿਆਸਤ ਵਿਚ ਦਾਖਲ ਹੋਈ ਸੀ। ਉਹ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੀ ਹੈ ਅਤੇ ਖਰੜ ਖੇਤਰ ਵਿਚ ਉਸ ਦਾ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਨਜ਼ਦੀਕੀ ਵੀ ਮੰਨੀ ਜਾਂਦੀ ਹੈ। ਹਾਲਾਂਕਿ ਮੰਤਰੀ ਦੇ ਅਹੁਦੇ ਲਈ ਕਈ ਹੋਰ ਮਹਿਲਾ ਵਿਧਾਇਕਾਂ ਦੇ ਨਾਂ ਵੀ ਚੱਲ ਰਹੇ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਮੋਲ ਗਗਨ ਮਾਨ ਦੇ ਨਾਂ ’ਤੇ ਮੋਹਰ ਲਾਈ। ਉਸ ਨੂੰ ਗਗਨਦੀਪ ਕੌਰ ਮਾਨ ਵਜੋਂ ਵੀ ਜਾਣਿਆ ਜਾਂਦਾ ਹੈ। ਮਾਨਸਾ ’ਚ 26 ਫਰਵਰੀ 1990 ਨੂੰ ਪੈਦਾ ਹੋਈ ਅਨਮੋਲ ਗਗਨ ਮਾਨ ਨੇ ਸਿਆਸਤ ’ਚ ਦਾਖਲ ਹੁੰਦਿਆਂ ਹੀ ਆਪਣਾ ਸਿੱਕਾ ਜਮਾਇਆ। ਉਹ 2020 ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਈ ਸੀ। ਉਸ ਨੇ ਆਮ ਆਦਮੀ ਪਾਰਟੀ ਲਈ ਗੀਤ ਵੀ ਗਾਇਆ ਸੀ, ਜਿਸ ਦੇ ਬੋਲ ਇਸ ਤਰ੍ਹਾਂ ਸਨ–‘‘ਭਗਤ ਸਿੰਘ, ਕਰਤਾਰ ਸਰਾਭਾ ਸਾਰੇ ਹੀ ਬਣ ਚੱਲੇ, ਭਈ ਹੁਣ ਜਾਗੋ ਆਈ ਆ, ਸਰਕਾਰ ਬਦਲਣ ਚੱਲੀਏ, ਭਈ ਹੁਣ ਜਾਗੋ ਆਈ ਆ’। ਉਸ ਨੇ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37,718 ਵੋਟਾਂ ਨਾਲ ਹਰਾਇਆ ਸੀ। ਉਸ ਨੇ ਗਾਇਕੀ ਦੇ ਖੇਤਰ ਵਿਚ ਵੀ ਸਿੱਕਾ ਬਣਾਇਆ ਸੀ।
ਮਾਨ ਨੇ ਨਵੇਂ ਮੰਤਰੀਆਂ ਨੂੰ ਨਹੀਂ ਦਿੱਤੀ ਵਧਾਈ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਕ ਵਾਰ ਫਿਰ ਦੂਜੀ ਵਾਰ ਜਿੱਤਣ ਵਾਲੇ ਸਾਰੇ ਵਿਧਾਇਕਾਂ ਨੂੰ ਮੰਤਰੀ ਨਾ ਬਣਾਉਣ ਨਾਲ ਆਮ ਆਦਮੀ ਪਾਰਟੀ ਅੰਦਰ ਅਸੰਤੋਖ ਦੀ ਚੰਗਿਆੜੀ ਸੁਲਗਣ ਲੱਗੀ ਹੈ। ਹਾਲਾਂਕਿ ਮੰਤਰੀ ਨਾ ਬਣਾਉਣ ਦੇ ਬਾਵਜੂਦ ਦੂਜੀ ਵਾਰ ਜਿੱਤਣ ਵਾਲੇ ਸਾਰੇ ਵਿਧਾਇਕਾਂ ਵੱਲੋਂ ਜਨਤਕ ਤੌਰ ‘ਤੇ ਇਸ ਨੂੰ ਹਾਈਕਮਾਨ ਦਾ ਫ਼ੈਸਲਾ ਮੰਨ ਕੇ ਸਵੀਕਾਰ ਕਰਨ ਅਤੇ ਇਕ ਵਰਕਰ ਦੇ ਤੌਰ ‘ਤੇ ਕੰਮ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਫਿਰ ਵੀ ਉਕਤ ਵਿਧਾਇਕਾਂ ਦੀ ਨਾਰਾਜ਼ਗੀ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਇਨ੍ਹਾਂ ‘ਚੋਂ ਸਰਬਜੀਤ ਕੌਰ ਮਾਣੂੰਕੇ ਨੇ ਸਹੁੰ ਚੁੱਕ ਸਮਾਰੋਹ ਤੋਂ ਦੂਰੀ ਬਣਾਈ ਰੱਖੀ, ਜਦੋਂ ਕਿ ਉਸੇ ਦਿਨ ਉਨ੍ਹਾਂ ਨੇ ਹਲਕਾ ਜਗਰਾਓਂ ‘ਚ ਲੋਕਾਂ ਨਾਲ ਮੁਲਾਕਾਤ ਕਰਨ ਦੀ ਫੋਟੋ ਸਾਂਝੀ ਕੀਤੀ ਸੀ। ਮਾਣੂੰਕੇ ਦੀ ਤਰ੍ਹਾਂ ਮੰਤਰੀ ਬਣਨ ਦੀ ਪ੍ਰਮੁੱਖ ਦਾਅਵੇਦਾਰ ਪ੍ਰੋ. ਬਲਜਿੰਦਰ ਕੌਰ ਨੇ ਫੇਸਬੁੱਕ ਜ਼ਰੀਏ ਨਵੇਂ ਬਣੇ ਮੰਤਰੀਆਂ ਨੂੰ ਵਧਾਈ ਦੇ ਦਿੱਤੀ ਹੈ। ਦੂਜੀ ਵਾਰ ਜਿੱਤਣ ਵਾਲੇ ਵਿਧਾਇਕਾਂ ਪ੍ਰਿੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਨੇ ਤਾਂ ਇਹ ਓਪਚਾਰਿਕਤਾ ਵੀ ਨਹੀਂ ਨਿਭਾਈ।
ਨਾਰਾਜ਼ਗੀ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਦੇ ਚੁੱਕੇ ਹਨ ਜ਼ਿੰਮੇਵਾਰੀ ਸੌਂਪਣ ਦੇ ਸੰਕੇਤ
ਮੰਤਰੀ ਨਾ ਬਣਾਏ ਜਾਣ ਕਾਰਨ ਦੂਜੀ ਵਾਰ ਜਿੱਤਣ ਵਾਲੇ ਵਿਧਾਇਕਾਂ ਦੀ ਨਾਰਾਜ਼ਗੀ ਦੀ ਖ਼ਬਰ ਆਮ ਆਦਮੀ ਪਾਰਟੀ ਕੋਲ ਪਹੁੰਚ ਚੁੱਕੀ ਹੈ। ਇਸ ਦਾ ਸਬੂਤ ਹੈ ਕਿ ਮੁੱਖ ਮੰਤਰੀ ਵੱਲੋਂ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਇਨ੍ਹਾਂ ਵਿਧਾਇਕਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਵੱਡੀ ਜ਼ਿੰਮੇਵਾਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਨਵੇਂ ਮੰਤਰੀਆਂ ਤੇ ਕੁਝ ਪੁਰਾਣੇ ਮੰਤਰੀਆਂ ਦੇ ਵਿਭਾਗਾਂ ‘ਚ ਬਦਲਾਅ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਦਾ 107 ਦਿਨਾਂ ਬਾਅਦ ਸੋਮਵਾਰ ਨੂੰ ਵਿਸਥਾਰ ਕੀਤਾ ਗਿਆ। ਮੰਗਲਵਾਰ ਨੂੰ ਸਾਰੇ ਮੰਤਰੀਆਂ ਨੂੰ ਵਿਭਾਗ ਵੰਡੇ ਗਏ ਹਨ। ਕੁਝ ਪੁਰਾਣੇ ਮੰਤਰੀਆਂ ਦੇ ਵਿਭਾਗਾਂ ‘ਚ ਵੀ ਬਦਲਾਅ ਕੀਤੇ ਗਏ ਹਨ। ਮੁੱਖ ਮੰਤਰੀ ਸਮੇਤ ਸਰਕਾਰ ਵਿੱਚ ਮੰਤਰੀਆਂ ਦੀ ਕੁੱਲ ਗਿਣਤੀ 15 ਹੋ ਗਈ ਹੈ।
ਨਵੇਂ ਮੰਤਰੀਆਂ ਵਿੱਚ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਅਮਨ ਅਰੋੜਾ, ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ, ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾੜੀ, ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਖਰੜ ਤੋਂ ਮਹਿਲਾ ਵਿਧਾਇਕ ਅਨਮੋਲ ਗਗਨ ਮਾਨ ਸ਼ਾਮਲ ਹਨ।
ਅਮਨ ਅਰੋੜਾ ਨੂੰ ਸੂਚਨਾ ਵਿਭਾਗ ਦਿੱਤਾ ਗਿਆ ਹੈ ਜਦੋਂਕਿ ਹਰਪਾਲ ਸਿੰਘ ਚੀਮਾ ਤੋਂ ਸਹਿਕਾਰਤਾ ਵਿਭਾਗ ਵਾਪਸ ਲੈ ਲਿਆ ਗਿਆ ਹੈ। ਇੰਦਰਬੀਰ ਸਿੰਘ ਨਿੱਜਰ ਸਥਾਨਕ ਸਰਕਾਰਾਂ ਵਿਭਾਗ, ਚੇਤਨ ਸਿੰਘ ਜੌੜਾਮਾਜਰਾ ਨੂੰ ਸਿਹਤ ਮਹਿਕਮਾ ਸੰਭਾਲਣਗੇ। ਫੌਜਾ ਸਿੰਘ ਨੂੰ ਫੂਡ ਪ੍ਰੋਸੈਸਿੰਗ ਮੰਤਰਾਲਾ ਦਿੱਤਾ ਗਿਆ ਹੈ। ਅਨਮੋਲ ਗਗਨ ਮਾਨ ਸੱਭਿਆਚਾਰ ਤੇ ਸੰਸਕ੍ਰਿਤੀ ਮੰਤਰਾਲਾ ਸੰਭਾਲਣਗੇ।
ਮੰਤਰੀਆਂ ਦੇ ਵਿਭਾਗ
1. ਹਰਪਾਲ ਸਿੰਘ : ਵਿੱਤ ਵਿਭਾਗ, ਪ੍ਰੋਗਰਾਮ ਸੰਚਾਲਨ, ਉਤਪਾਦ ਫੀਸ ਤੇ ਟੈਕਸੇਸ਼ਨ।
2. ਡਾ. ਬਲਜੀਤ ਕੌਰ : ਸਮਾਜਿਕ ਨਿਆਂ, ਅਧਿਕਾਰਤ ਤੇ ਘੱਟ ਗਿਣਤੀ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ
3. ਹਰਭਜਨ ਸਿੰਘ : ਲੋਕ ਨਿਰਮਾਣ (ਬੀ ਐਂਡ ਆਰ), ਸ਼ਕਤੀ
4. ਲਾਲ ਚੰਦ : ਖ਼ੁਰਾਕ, ਨਾਗਰਿਕ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ, ਜੰਗਲੀ ਜੀਵ
5. ਗੁਰਮੀਤ ਸਿੰਘ ਮੀਤ ਹੇਅਰ : ਸ਼ਾਸਨ ਸੁਧਾਰ, ਪ੍ਰਿੰਟਿੰਗ ਤੇ ਸਟੇਸ਼ਨਰੀ, ਸਾਇੰਸ ਟੈਕਨਾਲੋਜੀ ਐਂਡ ਐਨਵਾਇਰਮੈਂਟ, ਖੇਡ ਅਤੇ ਯੁਵਾ ਸੇਵਾ, ਉੱਚ ਸਿੱਖਿਆ
6. ਕੁਲਦੀਪ ਸਿੰਘ ਧਾਲੀਵਾਲ : ਪੇਂਡੂ ਵਿਕਾਸ, ਐੱਨਆਰਆਈ ਮਾਮਲੇ, ਖੇਤੀ ਅਤੇ ਕਿਸਾਨ ਕਲਿਆਣ।
7. ਲਾਲਜੀਤ ਭੁੱਲਰ : ਆਵਾਜਾਈ, ਪਸ਼ੂਪਾਲਣ, ਮਛਲੀ ਪਾਲਣ ਤੇ ਡੇਅਰੀ ਵਿਕਾਸ।
8. ਬ੍ਰਹਮ ਸ਼ੰਕਰ : ਮਾਲੀਆ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਅਤੇ ਸਵੱਛਤਾ
9. ਹਰਜੋਤ ਸਿੰਘ ਬੈਂਸ : ਵਾਟਰ ਰਿਸੋਰਸਿਜ਼, ਖ਼ਾਨ ਅਤੇ ਭੂ-ਵਿਗਿਆਨ, ਜੇਲ੍ਹ, ਸਕੂਲੀ ਸਿੱਖਿਆ
10. ਅਮਨ ਅਰੋੜਾ : ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਨਵੀਂ ਅਤੇ ਨਵਿਆਉਣਯੋਗ ਊਰਜਾ ਸਾਧਨ, ਆਵਾਸ ਤੇ ਸ਼ਹਿਰੀ ਵਿਕਾਸ
11. ਡਾ. ਇੰਦਰਬੀਰ ਸਿੰਘ ਨਿੱਜਰ : ਸਥਾਨਕ ਸਰਕਾਰਾਂ, ਸੰਸਦੀ ਕਾਰਜ, ਭੂਮੀ ਬਚਾਅ ਅਤੇ ਜਲ, ਪ੍ਰਸ਼ਾਸਨਿਕ ਸੁਧਾਰ।
12. ਫੌਜਾ ਸਿੰਘ : ਸੁਤੰਤਰਤਾ ਸੈਨਾਨੀ, ਰੱਖਿਆ ਸੇਵਾ ਕਲਿਆਣ, ਫੂਡ ਪ੍ਰੋਸੈੱਸਿੰਗ, ਬਾਗ਼ਬਾਨੀ
13. ਚੇਤਨ ਸਿੰਘ ਜੌੜਾਮਾਜਰਾ : ਸਿਹਤ ਅਤੇ ਪਰਿਵਾਰ ਕਲਿਆਣ, ਮੈਡੀਕਲ ਸਿੱਖਿਆ ਅਤੇ ਖੋਜ, ਚੋਣ
14. ਅਨਮੋਲ ਗਗਨ ਮਾਨ : ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ, ਨਿਵੇਸ਼ ਪ੍ਰੋਤਸਾਹਣ, ਕਿਰਤ
ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੋਣ ਜਿੱਤਣ ਵਾਲੇ ਵਿਧਾਇਕਾਂ ‘ਤੇ ਜ਼ਿਆਦਾ ਭਰੋਸਾ ਜਤਾਇਆ ਹੈ। ਵਿੱਤ ਮੰਤਰੀ ਹਰਪਾਲ ਚੀਮਾ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੋਂ ਬਾਅਦ ਅਮਨ ਅਰੋੜਾ ਹੀ ਅਜਿਹੇ ਮੰਤਰੀ ਹਨ ਜੋ ਲਗਾਤਾਰ ਦੋ ਵਾਰ ਚੋਣ ਜਿੱਤ ਚੁੱਕੇ ਹਨ। ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ 11 ਮੰਤਰੀ ਪਹਿਲੀ ਵਾਰ ਵਿਧਾਇਕ ਬਣੇ ਹਨ।
ਮਾਝੇ ਦੀ ਸਰਦਾਰੀ, ਸੰਗਰੂਰ ਤੋਂ ਚਾਰ ਮੰਤਰੀ
ਜੇਕਰ ਖਿੱਤੇ ਮੁਤਾਬਕ ਗੱਲ ਕਰੀਏ ਤਾਂ ਮੰਤਰੀ ਮੰਡਲ ’ਚ ਮਾਝੇ ਦੀ ਸਰਦਾਰੀ ਹੋ ਗਈ ਹੈ। ਮਾਨ ਦੀ ਕੈਬਨਿਟ ’ਚ ਮਾਝੇ ਦੇ ਛੇ ਮੰਤਰੀ, ਮਾਲਵੇ ਦੇ ਪੰਜ, ਦੁਆਬੇ ਅਤੇ ਪੁਆਧ ਦੇ ਦੋ ਦੋ ਮੰਤਰੀ ਹਨ। ਇਸੇ ਤਰ੍ਹਾਂ ਅਮਨ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਤੋਂ ਮੁੱਖ ਮੰਤਰੀ ਭਗਵੰਤ ਮਾਨ, ਸਮੇਤ ਚਾਰ ਮੰਤਰੀ ਹੋ ਗਏ ਹਨ। ਡਾ: ਨਿੱਜਰ ਦੇ ਮੰਤਰੀ ਬਣਨ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਤੋਂ ਤਿੰਨ ਮੰਤਰੀ ਹਨ। ਫਿਰੋਜ਼ਪੁਰ, ਮੋਹਾਲੀ ਤੇ ਪਟਿਆਲਾ ਜ਼ਿਲਿ੍ਹਆਂ ਨੂੰ ਵੀ ਨੁਮਾਇੰਦਗੀ ਮਿਲ ਗਈ ਹੈ। ਜਦਕਿ ਰੂਪਨਗਰ ਤੇ ਹੁਸ਼ਿਆਰਪੁਰ ਨੂੰ ਪਹਿਲਾਂ ਹੀ ਨੁਮਾਇੰਦਗੀ ਮਿਲ ਗਈ ਸੀ।
ਪੁਲਿਸ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਫੌਜਾ ਸਿੰਘ ਬਣੇ ਮੰਤਰੀ
ਮੰਤਰੀ ਫੌਜਾ ਸਿੰਘ ਸਰਾਂ 1982 ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ 1984 ਵਿੱਚ ਪੁਲਿਸ ਵਿੱਚ ਭਰਤੀ ਹੋਏ ਸਨ। ਕਰੀਬ 38 ਸਾਲ ਪੁਲਿਸ ਵਿੱਚ ਨੌਕਰੀ ਕਰਨ ਤੋਂ ਬਾਅਦ 2020 ਵਿੱਚ ਬਠਿੰਡੇ ਤੋਂ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ। 2022 ‘ਚ ‘ਆਪ’ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਮੈਦਾਨ ‘ਚ ਉਤਾਰਿਆ ਸੀ ਅਤੇ ਉਹ ਜਿੱਤ ਗਏ ਸਨ। ਆਮ ਆਦਮੀ ਪਾਰਟੀ ਨੇ ਸਰਾਂ ਨੂੰ ਮੰਤਰੀ ਬਣਾ ਕੇ ਰਾਏ ਸਿੱਖ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਹੈ।
ਜੋੜੇਮਾਜਰਾ ‘ਚ ਅਗਵਾਕਾਰਾਂ ਨਾਲ ਝੜਪ, ਗਲੇ ‘ਚ ਲੱਗੀ ਗੋਲ਼ੀ
ਮੰਤਰੀ ਚੇਤਨ ਸਿੰਘ ਜੌੜਾਮਾਜਰਾ ਪੇਸ਼ੇ ਤੋਂ ਖੇਤੀਬਾੜੀ ਕਰਦੇ ਹਨ। ਮਾਰਚ 2019 ਵਿੱਚ, ਉਸਨੂੰ ਅਣਪਛਾਤੇ ਲੋਕਾਂ ਨੇ ਗੋਲ਼ੀ ਮਾਰ ਦਿੱਤੀ ਸੀ। ਦਰਅਸਲ ਤਰਨਤਾਰਨ ‘ਚ ਕੁਝ ਲੋਕ ਇਕ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਜੌੜਾਮਾਜਰਾ ਲੜਕੀ ਨੂੰ ਬਚਾਉਣ ਲਈ ਉਨ੍ਹਾਂ ਨਾਲ ਭਿੜ ਗਏ। ਅਗਵਾਕਾਰਾਂ ਨੇ ਉਸ ਦੀ ਗਰਦਨ ਨੇੜੇ ਗੋਲ਼ੀ ਮਾਰ ਦਿੱਤੀ ਸੀ।
ਪਿਤਾ ਦੀ ਵਿਰਾਸਤ ਨੂੰ ਅੱਗੇ ਤੋਰਨਗੇ ਅਰੋੜਾ
ਪੂਰੇ ਸੂਬੇ ‘ਚ ਸਭ ਤੋਂ ਵੱਧ 75277 ਵੋਟਾਂ ਦੇ ਫਰਕ ਨਾਲ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਮੰਤਰੀ ਅਮਨ ਅਰੋੜਾ ਆਪਣੇ ਪਿਤਾ ਦੀ ਸਿਆਸਤ ਨੂੰ ਅੱਗੇ ਵਧਾਉਣਗੇ। ਅਮਨ ਅਰੋੜਾ ਨੂੰ ਆਪਣੇ ਪਿਤਾ ਮਰਹੂਮ ਕਾਂਗਰਸੀ ਆਗੂ ਭਗਵਾਨ ਦਾਸ ਅਰੋੜਾ ਦੀ ਮੌਤ ਤੋਂ 22 ਸਾਲ ਬਾਅਦ ਮੰਤਰੀ ਦਾ ਅਹੁਦਾ ਮਿਲਿਆ ਹੈ। ਪੇਸ਼ੇ ਤੋਂ ਵਪਾਰੀ ਅਮਨ ਨੇ ਦੂਜੀ ਵਾਰ ਸੁਨਾਮ ਤੋਂ ਚੋਣ ਜਿੱਤੀ ਹੈ। ਉਨ੍ਹਾਂ ਦੇ ਪਿਤਾ 1995 ਵਿੱਚ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ।
ਸੀਕੇਡੀ ਦੇ ਪ੍ਰਧਾਨ ਵੀ ਹਨ ਮੰਤਰੀ ਡਾ. ਨਿੱਝਰ
ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਸ਼੍ਰੋਮਣੀ ਕਮੇਟੀ ਤੋਂ ਬਾਅਦ ਸਿੱਖਾਂ ਦੀ ਦੂਜੀ ਸਭ ਤੋਂ ਵੱਡੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵੀ ਹਨ। ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮਡੀ ਰੇਡੀਓ ਡਾਇਗਨੌਸਟਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1980 ਵਿੱਚ ਜੰਮੂ ਕਸ਼ਮੀਰ ਯੂਨੀਵਰਸਿਟੀ ਤੋਂ ਐਮਬੀਬੀਐਸ ਕੀਤੀ। ਉਹ ਆਪਣਾ ਸਕੈਨਿੰਗ ਸੈਂਟਰ ਚਲਾਉਂਦੇ ਹਨ । ਡਾ: ਨਿੱਝਰ ਨੇ 2017 ਵਿੱਚ ਵੀ ਚੋਣ ਲੜੀ ਸੀ ਪਰ ਜਿੱਤ ਨਹੀਂ ਸਕੇ ਸਨ।

Comment here