ਖਬਰਾਂਪ੍ਰਵਾਸੀ ਮਸਲੇ

ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕੰਪਿਊਟਰ ਟਰੇਨਿੰਗ ਸੈਂਟਰ ਵੀ ਸ਼ੁਰੂ

ਸ਼ਹੀਦ ਭਗਤ ਸਿੰਘ ਨਗਰ- ਜ਼ਿਲੇ ਦੇ ਪਿੰਡ ਰਸੂਲਪੁਰ ਵਿੱਚ ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਔਰਤਾਂ ਦੀ ਭਲਾਈ ਲਈ ਕਈ ਉਪਰਾਲੇ ਕੀਤੇ ਹੋਏ ਹਨ, ਇੱਥੇ ਪਹਿਲਾਂ ਹੀ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਹਿਯੋਗ ਨਾਲ, ਔਰਤਾਂ ਨੂੰ ਸਸ਼ਕਤ ਤੇ ਹੁਨਰਮੰਦ ਕਰਕੇ ਪੈਰਾਂ ਸਿਰ ਕਰਨ ਦੇ ਮਕਸਦ ਨਾਲ ਊਸ਼ਾ ਸਿਲਾਈ ਸਕੂਲ ਸਥਾਪਤ ਕੀਤਾ ਹੈ, ਜਿੱਥੇ ਕਈ ਦਰਜਨ ਬੱਚੀਆਂ ਅਤੇ ਔਰਤਾਂ ਨੇ ਸਿਖਲਾਈ ਲੈ ਕੇ ਰੁਜ਼ਗਾਰ ਦਾ ਮੁੱਢ ਬੰਨ ਲਿਆ ਹੈ। ਹੁਣ ਇਥੇ ਪਿੰਡ ਵਿੱਚ ਹੀ ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕੰਪਿਊਟਰ ਟਰੇਨਿੰਗ ਸੈਂਟਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦਾ ਉਦਘਾਟਨ ਪਿੰਡ ਦੀ ਮੈਂਬਰ ਪੰਚਾਇਤ ਬੀਬੀ ਨਿਰੰਜਣ ਕੌਰ ਵਲੋਂ ਕੀਤਾ ਗਿਆ ਹੈ, ਇਸ ਮੌਕੇ ਪਿੰਡ ਦੀ ਪੰਚਾਇਤ ਮੈੰਬਰ, ਮੋਹਤਬਰ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਔਰਤਾਂ ਤੇ ਨੌਜਵਾਨ ਕੁੜੀਆਂ ਵੀ ਹਾਜ਼ਰ ਹੋਈਆਂ, ਕੁੜੀਆਂ ਨੇ ਕੰਪਿਊਟਰ ਦੀ ਮੁਫਤ ਟਰੇਨਿੰਗ ਲਈ ਵੱਡਾ ਉਤਸ਼ਾਹ ਦਿਖਾਇਆ ਹੈ। ਇੱਥੇ ਪਹਿਲਾਂ ਤੋਂ ਚੱਲਦੇ ਸਿਲਾਈ ਸਕੂਲ ਲਈ ਆਲੇ ਦੁਆਲੇ ਦੇ ਪਿੰਡਾਂ ਦੀਆਂ ਔਰਤਾਂ ਵਿੱਚ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ। ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਇਸ ਪਿੰਡ ਵਿੱਚ ਅਜਿਹੀ ਪਹਿਲੀ ਪਹਿਲ ਸੀ, ਜਿਸ ਦਾ ਮਕਸਦ ਔਰਤਾਂ ਨੂੰ ਸਿਲਾਈ ਅਤੇ ਡਰੈਸ ਡਿਜ਼ਾਈਨਿੰਗ ਦੇ ਹੁਨਰ ਸਿਖਾਉਣ ਅਤੇ ਆਰਥਿਕ ਤੌਰ ‘ਤੇ ਪੈਰਾਂ ਸਿਰ ਕਰਨਾ ਹੈ।  ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਮਰਹੂਮ ਸਰਦਾਰ ਭਗਵਾਨ ਸਿੰਘ ਦੇ ਪੋਤੇ -ਪੋਤੀਆਂ ਦੁਆਰਾ ਸਥਾਪਤ ਕੀਤੀ ਗਈ ਹੈ, ਜਿਸ ਦੇ ਫਾਊਂਡਰ ਸ ਭਗਵਾਨ ਸਿੰਘ ਦੇ ਇੰਗਲੈਂਡ ਰਹਿੰਦੇ ਪੋਤੇ, ਸ. ਅਜੀਤ ਸਿੰਘ ਸਤ-ਭਾਂਬਰਾ ਨੇ ਦੱਸਿਆ ਕਿ ਇਸ ਫਾਊਂਡੇਸ਼ਨ ਦਾ ਉਦੇਸ਼ ਆਪਣੇ ਦਾਦਾ ਜੀ ਦੇ ਆਪਣੇ ਪਿੰਡ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਸਮਾਜ ਸੇਵਾ ਦਾ ਕੰਮ ਕਰਨ ਦੇ ਸੁਪਨੇ ਨੂੰ ਪੂਰਾ ਕਰਨਾ ਹੈ। ਸਰਦਾਰ ਭਗਵਾਨ ਸਿੰਘ ਦਾ ਮੰਨਣਾ ਸੀ ਕਿ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦੇ ਅਨੁਸਾਰ ਸਮਾਜ ਦੀ ਸੇਵਾ ਕਰਨਾ ਹਰ ਸਿੱਖ ਦਾ ਫਰਜ਼ ਹੈ। ਊਸ਼ਾ ਸਿਲਾਈ ਸਕੂਲਾਂ ਦਾ ਉਦੇਸ਼ ਸਮੁੱਚੇ ਭਾਰਤ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਅਜਿਹੀ ਸਮਾਜਕ ਪਹਿਲਕਦਮੀ ਹੈ ਜਿਥੇ ਪੇਂਡੂ ਔਰਤਾਂ ਆਰਥਿਕ ਤੌਰ ਤੇ ਸੰਪੰਨ ਹੋਣ, ਹੁਨਰਮੰਦ ਹੋ ਕੇ ਰੋਜੀ ਰੋਟੀ ਕਮਾਉਣ ਦੇ ਲਾਇਕ ਬਣਨ। ਅਗਲਾ ਉਦੇਸ਼ ਆਰਥਿਕ ਯੋਗਤਾ ਦੇ ਬਲਬੂਤੇ ਔਰਤਾਂ ਸਮਾਜ ਅਤੇ ਪਰਿਵਾਰ ਵਿੱਚ ਆਪਣੀ ਸਮਾਜਿਕ ਸਥਿਤੀ ਮਜ਼ਬੂਤ ਕਰਨ ਤੇ ਉਹਨਾਂ ਦੀ ਆਪਣੀ ਪਛਾਣ ਵੀ ਬਣੇ। ਸਿਲਾਈ ਅਤੇ ਕੰਪਿਊਟਰ ਨੂੰ ਇੱਕ ਹੁਨਰ ਵਜੋਂ ਸਿਖਾਉਣਾ ਲਾਜ਼ਮੀ ਤੌਰ ‘ਤੇ ਇਨ੍ਹਾਂ ਔਰਤਾਂ ਲਈ ਉੱਦਮੀ ਵਜੋਂ ਵਿਕਸਤ ਕਰਕੇ ਉਨ੍ਹਾਂ ਦੇ ਬਿਹਤਰ ਭਵਿੱਖ ਦਾ ਰਾਹ ਵੀ ਪੱਧਰਾ ਕਰਦਾ ਹੈ ਤਾਂ ਜੋ ਉਹ ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕਣ ਤੇ ਹੋਰਨਾਂ ਲਈ ਵੀ ਰਾਹ ਦਸੇਰੀਆਂ ਬਣਨ। ਉਹਨਾਂ ਕਿਹਾ ਕਿ ਉਹ ਪਿੰਡ ਦੇ ਲੋਕਾਂ ਅਤੇ ਔਰਤਾਂ ਦੀ ਭਲਾਈ ਲਈ ਹੋਰ ਵੀ ਕਾਰਜ ਕਰਨ ਲਈ ਯਤਨਸ਼ੀਲ ਹਨ। ਪਿੰਡ ਦੀ ਸਮੁੱਚੀ ਪੰਚਾਇਤ ਨੇ ਇਸ ਵੱਡਮੁਲੇ ਕਾਰਜ ਲਈ ਭਗਵਾਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਇਸ ਦੀ ਨਿਗਰਾਨੀ ਕਰ ਰਹੇ ਸ ਭਗਵਾਨ ਸਿੰਘ ਦੇ ਸਾਰੇ ਪਰਿਵਾਰ ਦਾ ਧੰਨਵਾਦ ਵੀ ਕੀਤਾ ਹੈ ਅਤੇ ਅੱਗੋ ਤੋਂ ਵੀ ਅਜਿਹੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਵਧ ਚੜ ਕੇ ਸਹਿਯੋਗ ਪਾਉਣ ਦਾ ਭਰੋਸਾ ਦਿੱਤਾ ਹੈ। ਕੰਪਿਊਟਰ ਸੈਂਟਰ ਦੀ ਇੰਚਾਰਜ ਨੀਲਮ ਨਾਰ ਨੇ ਕਿਹਾ ਕਿ ਲੜਕੀਆਂ ਨੂੰ ਆਤਮ ਨਿਰਭਰ ਬਣਨ ਵਿੱਚ ਮਦਦ ਕਰਨ ਲਈ ਫਾਊਂਡੇਸ਼ਨ ਵੱਲੋਂ ਇਹ ਦੂਸਰਾ ਵੱਡਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਸਥਾ ਪਿਛਲੇ ਸਮੇਂ ਤੋਂ ਲੜਕੀਆਂ ਨੂੰ ਮੁਫ਼ਤ ਸਿਲਾਈ, ਕਟਾਈ ਅਤੇ ਕਢਾਈ ਦੀ ਸਿਖਲਾਈ ਦੇ ਰਹੀ ਹੈ, ਪਰ ਹੁਣ ਇਲਾਕੇ ਦੀਆਂ ਲੜਕੀਆਂ ਕੰਪਿਊਟਰ ਸਿੱਖਿਆ ਤੋਂ ਵੀ ਵਾਝੀਆਂ ਨਹੀਂ ਰਹਿਣਗੀਆਂ। ਉਨ੍ਹਾਂ ਲੜਕੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਵੱਧ ਕੇ ਕੰਪਿਊਟਰ ਦੀ ਸਿਖਲਾਈ ਲੈਣ ਤੇ ਇਸ ਦਿਸ਼ਾ ਵਿੱਚ ਅੱਗੇ ਵੱਧ ਕੇ ਆਤਮ ਨਿਰਭਰ ਬਣਨ। ਇਸ ਮਗਰੋਂ ਨਿਰੰਜਣ ਕੌਰ ਨੇ ਫਾਊਂਡੇਸ਼ਨ ਦੇ ਸੰਚਾਲਕ ਐੱਨਆਰਆਈ ਅਜੀਤ ਸਿਘ, ਜਸਵੀਰ ਸਿੰਘ ਤੇ ਅਮਰੀਕ ਸਿੰਘ ਯੂਕੇ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਉਪਰਾਲੇ ਸਾਡੇ ਲਈ ਇਕ ਸੇਧ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਗਾਂਹਵਧੂ ਸੋਚ ਨਾਲ ਹੋਰ ਹੰਭਲਾ ਮਾਰਨ ਲਈ ਪ੍ਰੇਰਿਆ। ਇਸ ਮੌਕੇ ਨਿਰੰਜਣ ਕੌਰ ਨੇ ਸਿੱਖਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਆਸ਼ੀਰਵਾਦ ਦਿੱਤਾ। ਇਸ ਮੌਕੇ ਸਿਲਾਈ ਸੈਂਟਰ ਦੀ ਇੰਚਾਰਜ ਜਸਵੀਰ ਕੌਰ, ਸਰਪੰਚ ਕਸ਼ਮੀਰ ਕੌਰ, ਪੰਚ ਸਤਨਾਮ ਸਿੰਘ, ਦਲਜੀਤ ਸਿੰਘ, ਨਿੰਦਰ ਕੌਰ, ਭੁਪਿੰਦਰ ਨਰ, ਪੰਚ ਮੈਡਮ ਪਿੰਕੀ, ਸਾਬਕਾ ਸਰਪੰਚ ਬਲਵੀਰ ਕੌਰ ਅਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।

Comment here