ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਭਕਨਾ ਐਨਕਾਊੰਟਰ-ਮੈਜਿਸਟ੍ਰੇਟ ਜਾਂਚ, ਪੁਲਿਸ ਨੇ ਰੀਕ੍ਰਿਏਟ ਕੀਤਾ ਐਨਕਾਊਂਟਰ ਸੀਨ

ਮਾਮਲਾ ਗੈਂਗਸਟਰ ਰੂਪਾ ਤੇ ਮੰਨੂ ਦੇ ਪੁਲਿਸ ਮੁਕਾਬਲੇ ਦਾ                                                     
ਐੱਸਆਈਟੀ ਵਲੋਂ ਵੀ ਜਾਂਚ ਕਰਕੇ ਆਪਣੀ ਰਿਪੋਰਟ ਡੀਜੀਪੀ ਨੂੰ ਸੌਂਪੇਗੀ 
 ਵਿਸ਼ੇਸ਼ ਰਿਪੋਰਟ-ਰਵਨੀਤ
ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਤੋਂ ਛੇ ਕਿਲੋਮੀਟਰ ਪਹਿਲਾਂ ਪਿੰਡ ਭਕਨਾ ਖੁਰਦ ਵਿਚ ਹੋਏ ਮੁਕਾਬਲੇ ਦੇ ਮਾਮਲੇ ਵਿਚ ਬੀਤੇ ਹਫਤੇ ਮੈਜਿਸਟ੍ਰੇਟ ਜਾਂਚ ਸ਼ੁਰੂ ਕੀਤੀ ਗਈ। ਐੱਸਡੀਐੱਮ ਅਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਅਧਿਕਾਰੀਆਂ ਨੇ ਸੀਨ ਰੀਕ੍ਰਿਏਟ ਕੀਤਾ। ਕਰੀਬ ਦੋ ਘੰਟੇ ਤਕ ਮੈਜਿਸਟਰੇਟ ਨੇ ਮੌਕਾ-ਏ-ਵਾਰਦਾਤ ਦਾ ਮੁਆਇਨਾ ਕੀਤਾ। ਦੋ ਪੁਲਿਸ ਮੁਲਾਜ਼ਮ ਪਿਸਤੌਲਾਂ ਤੇ ਏਕੇ-47 ਦੇ ਨਾਲ ਦੋ ਲੋਕੇਸ਼ਨਾਂ ’ਤੇ ਤਾਇਨਾਤ ਸਨ ਅਤੇ ਫਿਰ ਬਾਹਰ ਪੁਜੀਸ਼ਨ ਲਏ ਕਮਾਂਡੋਜ਼ ’ਤੇ ਗੋਲ਼ੀਬਾਰੀ ਦਾ ਦ੍ਰਿਸ਼ ਦਰਸਾਇਆ ਗਿਆ ਸੀ। ਹਾਲਾਂਕਿ ਦੋਵਾਂ ਪਾਸਿਆਂ ਤੋਂ ਕੋਈ ਗੋਲ਼ੀ ਨਹੀਂ ਚਲਾਈ ਗਈ। ਦੋ ਘੰਟੇ ਤਕ ਕਰਾਈਮ ਸੀਨ ਦੇਖਣ ਤੋਂ ਬਾਅਦ ਐੱਸਡੀਐੱਮ ਨੇ ਪੁਲਿਸ ਅਧਿਕਾਰੀਆਂ ਨੂੰ ਕਈ ਸਵਾਲ ਪੁੱਛੇ। ਇਸ ਤੋਂ ਬਾਅਦ ਹਵੇਲੀ ਦੇ ਆਲੇ-ਦੁਆਲੇ ਦੇ ਦੋ ਘਰਾਂ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ।
ਪਤਾ ਲੱਗਾ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ’ਤੇ ਵਿਸ਼ੇਸ਼ ਜਾਂਚ ਟੀਮ  ਵੀ ਬਣਾਈ ਗਈ ਹੈ। ਟੀਮ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਇਸ ਵਿਚ ਐੱਸਪੀ (ਐੱਚ) ਪ੍ਰਿਥੀਪਾਲ ਸਿੰਘ, ਡੀਐੱਸਪੀ ਸੰਜੀਵ ਕੁਮਾਰ ਤੇ ਘਰਿੰਡਾ ਥਾਣੇ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸਆਈਟੀ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਆਪਣੀ ਰਿਪੋਰਟ ਡੀਜੀਪੀ ਨੂੰ ਸੌਂਪੇਗੀ।ਪਤਾ ਲੱਗਾ ਹੈ ਕਿ ਫੋਰੈਂਸਿਕ ਟੀਮ ਨੇ ਤੀਜੇ ਦਿਨ ਹਵੇਲੀ ਅੰਦਰ ਜਾਂਚ ਸ਼ੁਰੂ ਕੀਤੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਹਵੇਲੀ ਦੇ ਅੰਦਰ ਹੀ ਮਾਰੇ ਗਏ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਤੋਂ ਇਲਾਵਾ ਕੌਣ-ਕੌਣ ਮੌਜੂਦ ਸਨ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਪਿੰਡ ਭਕਨਾ ਖੁਰਦ ਵਿਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੇ ਹਨ। ਘਟਨਾ ਵਾਲੇ ਦਿਨ ਹਵੇਲੀ ਦੇ ਆਸਪਾਸ ਘੁੰਮ ਰਹੇ ਕੋਰੋਲਾ ਕਾਰ ਤੇ ਥਾਰ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ ਬੀਤੇ ਹਫਤੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਕਤਲਕਾਂਡ ਵਿਚ ਸ਼ਾਮਲ ਗੈਂਗਸਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮੰਨੂ ਪਿੰਡ ਭਕਨਾ ਖੁਰਦ ਨੇਡ਼ੇ ਇਕ ਖ਼ਾਲੀ ਹਵੇਲੀ ਵਿਚ ਲੁਕੇ ਹੋਏ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਵੇਲੀ ਨੂੰ ਘੇਰ ਲਿਆ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਪੰਜ ਘੰਟੇ ਤਕ ਗੋਲ਼ੀਬਾਰੀ ਹੁੰਦੀ ਰਹੀ ਤੇ ਦੋਵੇਂ ਸ਼ੂਟਰ ਮਾਰੇ ਗਏ।
 ਗੋਲਡੀ ਬਰਾੜ ਦਾ ਦਾਅਵਾ- 8 ਲੋਕਾਂ ਨੇ ਮੂਸੇਵਾਲਾ ਨੂੰ ਮਾਰਿਆ
ਅੰਮ੍ਰਿਤਸਰ ਐਨਕਾਊਂਟਰ ਵਿਚ ਮਾਰੇ ਗਏ 2 ਸ਼ਾਰਪ ਸ਼ੂਟਰਾਂ ਤੋਂ ਬਾਅਦ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਪੋਸਟ ‘ਵਿਚ ਅਜਿਹਾ ਦਾਅਵਾ ਕੀਤਾ ਹੈ। ਉੱਥੇ ਹੀ ਪੰਜਾਬ ਪੁਲਿਸ ਨੇ ਇਸ ਵਿਚ 6 ਹੀ ਸ਼ਾਰਪ ਸ਼ੂਟਰਾਂ ਦੇ ਸ਼ਾਮਲ ਹੋਣ ਬਾਰੇ ਦੱਸਿਆ ਹੈ। ਦਿੱਲੀ ਪੁਲਿਸ ਨੇ ਸ਼ੁਰੂਆਤੀ ਜਾਂਚ ਵਿਚ 8 ਸ਼ਾਰਪਸ਼ੂਟਰ ਦੱਸੇ ਸੀ। ਹਾਲਾਂਕਿ ਉਸ ਤੋਂ ਬਾਅਦ ਉਹ ਵੀ 6 ਦੱਸਣ ਲੱਗੀ।ਜੇਕਰ ਇਹ ਸੱਚ ਹੈ ਤਾਂ ਫਿਰ ਬਾਕੀ 2 ਸ਼ਾਰਪਸ਼ੂਟਰ ਕੌਣ ਹਨ? ਗੈਂਗਸਟਰ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉਪਰ ਪੋਸਟ  ਵਿਚ ਅੰਮ੍ਰਿਤਸਰ ਐੱਨਕਾਊਂਟਰ ਵਿਚ ਮਾਰੇ ਗਏ ਸ਼ਾਰਪਸ਼ੂਟਰਾਂ ਰੂਪਾ ਤੇ ਮੰਨੂ ਦੀ ਤਾਰੀਫ ਕੀਤੀ। ਗੋਲਡੀ ਨੇ ਲਿਖਿਆ ਕਿ ਇਕੱਲੇ ਮੂਸੇਵਾਲਾ ਨੂੰ 8 ਲੋਕਾਂ ਨੇ ਘੇਰ ਕੇ ਮਾਰਿਆ। ਉਸ ਨੇ ਦੋਵਾਂ ਦੀ ਤਾਰੀਫ ਇਸ ਲਈ ਕੀਤੀ ਕਿ ਸ਼ਾਰਪ ਸ਼ੂਟਰਾਂ ਨੂੰ ਸੈਂਕੜੇ ਪੁਲਿਸ ਵਾਲਿਆਂ ਨੇ ਘੇਰਿਆ ਹੋਇਆ ਸੀ, ਫਿਰ ਵੀ 6 ਘੰਟੇ ਤਕ ਟੱਕਰ ਲੈਂਦੇ ਰਹੇ।ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ‘ਚ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲੇ ਸ਼ੂਟਰਾਂ ‘ਵਿਚ ਸ਼ਾਮਲ ਅੰਕਿਤ ਨੂੰ ਪੈਸਾ ਨਾ ਦੇਣ ਤੇ ਹੱਤਿਆ ਤੋਂ ਬਾਅਦ ਉਸ ਦਾ ਫੋਨ ਨਾ ਚੁੱਕਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ। ਗੋਲਡੀ ਬਰਾੜ ਨੇ ਆਪਣੀ ਪੋਸਟ ਵਿਚ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਵੱਲੋਂ ਫੈਲਾਇਆ ਜਾ ਰਿਹਾ ਹੈ ਕਿ ਉਸ ਨੇ ਅੰਕਿਤ ਨਾਂ ਦੇ ਸ਼ਾਰਪ ਸ਼ੂਟਰ ਨੂੰ ਪੈਸਾ ਨਹੀਂ ਦਿੱਤਾ ਤੇ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਉਸ ਦਾ ਫੋਨ ਨਹੀਂ ਚੁੱਕਿਆ ਜੋ ਕਿ ਬਿਲਕੁਲ ਗਲਤ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਸ਼ਾਰਪ ਸ਼ੂਟਰ ਅੰਕਿਤ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ ਤੇ ਅਟਾਰੀ ਵਿਚ ਹੋਏ ਐੱਨਕਾਉਂਟਰ ‘ਵਿਚ ਮਾਰੇ ਗਏ ਦੋਵੇਂ ਗੈਂਗਸਟਰਾਂ ਦੇ ਪਰਿਵਾਰਾਂ ਦੀ ਪੂਰੀ ਮਦਦ  ਕੀਤੀ ਜਾਵੇਗੀ।
 ਪੁਲਿਸ ਮੁਕਾਬਲੇ ਵਿਚ ਮਾਰੇ ਗਏ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੂੰ ਕੁੱਸਾ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਪਹਿਲੀ ਗੋਲੀ ਮਾਰੀ ਸੀ। ਉਸ ਨਾਲ ਮਾਰਿਆ ਗਿਆ ਗੈਂਗਸਟਰ ਜਗਰੂਪ ਸਿੰਘ ਉਰਫ਼ ਰੂਪਾ ਵੀ ਉਸ ਵੇਲੇ ਨਾਲ ਹੀ ਸੀ ਅਤੇ ਉਹ ਕੋਰੋਲਾ ਗੱਡੀ ਚਲਾ ਰਿਹਾ ਸੀ। ਉਸ ਦੇ ਨਾਲ ਵਾਲੀ ਸੀਟ ‘ਤੇ ਮਨੂੰ ਕੁੱਸਾ ਏ.ਕੇ. 47 ਰਾਈਫ਼ਲ ਲੈ ਕੇ ਬੈਠਾ ਹੋਇਆ ਸੀ। ਕੁੱਸਾ ਮਨੂੰ ਦੇ ਪਿੰਡ ਦਾ ਨਾਂਅ ਹੈ ਜੋ ਕਿ ਮੋਗਾ ਜ਼ਿਲ੍ਹੇ ‘ਵਿਚ ਪੈਂਦਾ ਹੈ। ਮਨੂੰ ਕੁੱਸਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਸੀ ਅਤੇ ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ ਨੂੰ ਉਸ ਨੇ ਲਾਰੈਂਸ ਬਿਸ਼ਨੋਈ ਦੇ ਕਹਿਣ ‘ਤੇ ਹੀ ਅੰਜਾਮ ਦਿੱਤਾ ਸੀ।
ਭਕਨਾ ਐਨਕਾਊਂਟਰ ਮਾਮਲੇ ਦੀ ਘਟਨਾ ਤੋਂ ਛੇ ਦਿਨ ਪਹਿਲਾਂ ਭਕਨਾ ਖੁਰਦ ਦੀ ਸੁੰਨਸਾਨ ਹਵੇਲੀ ’ਵਿਚ ਖ਼ਤਰਨਾਕ ਗੈਂਗਸਟਰ ਤੇ ਉਨ੍ਹਾਂ ਦੇ ਗੁਰਗਿਆਂ ਨੇ ਪਾਰਟੀ ਕੀਤੀ ਸੀ। ਪੁਲਿਸ ਨੂੰ ਮੌਕਾ-ਏ-ਵਾਰਦਾਤ ਤੋਂ ਡਿਸਪੋਜ਼ੇਬਲ ਬਰਤਨ, ਇੱਟਾਂ ਦੀ ਬਣੀ ਆਰਜ਼ੀ ਭੱਠੀ ਅਤੇ ਸੜੀਆਂ ਹੋਈਆਂ ਲੱਕੜਾਂ ਮਿਲੀਆਂ ਹਨ। ਪੁਲਿਸ ਨੂੰ ਪਤਾ ਲੱਗਾ ਹੈ ਕਿ ਪਾਰਟੀ ’ਵਿਚ ਖ਼ਤਰਨਾਕ ਗੈਂਗਸਟਰ ਮਨੀ ਰਈਆ, ਉਸ ਦੇ ਗੁਰਗੇ ਮਨਦੀਪ ਤੂਫ਼ਾਨ, ਹਰਿਆਣਾ ਦਾ ਸ਼ੂਟਰ ਦੀਪਕ ਮੁੰਡੀ, ਮਾਰੇ ਗਏ ਜਗਰੂਪ ਸਿੰਘ ਉਰਫ਼ ਰੂਪਾ ਤੇ ਮਨਪ੍ਰੀਤ ਸਿੰਘ ਉਰਫ਼ ਮਨੂ ਆਪਣੇ ਕੁਝ ਸਾਥੀਆਂ ਨਾਲ ਪੁਲਿਸ ਹਿਰਾਸਤ ਵਿਚ ਬੰਦ ਆਪਣੇ ਆਕਾ ਜੱਗੂ ਭਗਵਾਨਪੁਰੀਆ ਨੂੰ ਭਜਾਉਣ ਦੀ ਸਾਜ਼ਿਸ਼ ਰਚ ਰਹੇ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਕਤ ਮੁਲਜ਼ਮਾਂ ਨੂੰ ਭਕਨਾ ਖੁਰਦ ਦੀ ਸੁੰਨਸਾਨ ਹਵੇਲੀ ਕਿਸ ਨੇ ਮੁਹੱਈਆ ਕਰਵਾਈ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਪਿੰਡ ਦਾ ਹੀ ਕੋਈ ਵਿਅਕਤੀ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਪਰਕ ਵਿਚ ਹੈ ਤੇ ਉਸ ਦੇ ਇਸ਼ਾਰੇ ’ਤੇ ਗੈਂਗਸਟਰਾਂ ਨੇ ਹਵੇਲੀ ’ਚ ਪਨਾਹ ਲਈ ਹੋਈ ਸੀ। ਪੁਲਿਸ ਨੂੰ ਪਤਾ ਲੱਗਾ ਹੈ ਕਿ ਘਟਨਾ ਤੋਂ ਛੇ ਦਿਨ ਪਹਿਲਾਂ ਤਕ ਕੋਰੋਲਾ ਕਾਰ ਤੇ ਥਾਰ ਨੂੰ ਵੀ ਹਵੇਲੀ ਵੱਲ ਜਾਂਦੇ ਦੇਖਿਆ ਗਿਆ ਸੀ। ਪੁਲਿਸ ਵੱਲੋਂ ਉਪਰੋਕਤ ਦੋਵਾਂ ਵਾਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਮੁਕਾਬਲੇ ਸਮੇਂ ਦੀਪਕ ਮੁੰਡੀ, ਮਨੀ ਰਈਆ ਤੇ ਮਨਦੀਪ ਤੂਫ਼ਾਨ ਭਕਨਾ ਖੁਰਦ ਪਿੰਡ ਦੇ ਨਾਲ ਲਗਦੇ ਕਿਸੇ ਇਲਾਕੇ ਵਿਚ ਲੁਕੇ ਹੋਏ ਸਨ।
ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਹਵੇਲੀ ਦੇ ਮਾਲਕ ਬਲਵਿੰਦਰ ਸਿੰਘ ਬਿੱਲਾ ਨੂੰ ਐਤਵਾਰ ਦੁਪਹਿਰ ਨੂੰ ਮਾਲ ਮੰਡੀ ਵਿਚ ਪੁੱਛਗਿੱਛ ਲਈ ਬੁਲਾਇਆ ਸੀ। ਬਿੱਲਾ ਤੋਂ ਐੱਸਆਈਟੀ ਦੇ ਤਿੰਨ ਮੈਂਬਰਾਂ ਨੇ ਕਰੀਬ ਤਿੰਨ ਘੰਟੇ ਤਕ ਪੁੱਛਗਿੱਛ ਕੀਤੀ।  ਪੰਜਾਬੀ ਗਾਇਕ ਸਿੱਧੂ ਮੂੁਸੇਵਾਲਾ ਹੱਤਿਆਕਾਂਡ  ਵਿਚ ਲੋਡ਼ੀਂਦੇ ਛੇਵੇਂ ਸ਼ੂਟਰ ਹਰਿਆਣਾ ਦੇ ਦੀਪਕ ਮੁੰਡੀ  ਨੂੰ ਫਡ਼ਨ ਲਈ ਪੁਲਿਸ ਦੀਆਂ ਸੱਤ ਟੀਮਾਂ ਪੰਜਾਬ, ਹਿਮਾਚਲ, ਹਰਿਆਣਾ ਤੇ ਯੂਪੀ ’ਵਿਚ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਮੁੰਡੀ ਕੁਝ ਦਿਨ ਪਹਿਲਾਂ ਤਕ ਪੰਜਾਬ ਵਿਚ ਹੀ ਸੀ।  ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਮਾਰੇ ਗਏ ਸ਼ੂਟਰ ਜਗਰੂਪ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਐਨਕਾਊਂਟਰ ਤੋਂ ਪਹਿਲਾਂ ਸਰੰਡਰ ਕਰਨਾ ਚਾਹੁੰਦੇ ਸਨ। ਕੁਝ ਦੇਰ ਫਾਇਰਿੰਗ ਕਰਨ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਮੀਡੀਆ ਕਰਮੀਆਂ ਨੂੰ ਬੁਲਾਉਣ ਲਈ ਕਿਹਾ ਸੀ, ਤਾਂਕਿ ਉਹ ਮੀਡੀਆ ਦੇ ਸਾਹਮਣੇ ਸਰੰਡਰ ਕਰ ਸਕਣ, ਪਰ ਬਾਅਦ ਵਿਚ ਉਹ ਮੁੱਕਰ ਗਏ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਐੱਸਆਈਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਦੇਰ ਪੁਲਿਸ ਨਾਲ ਗੱਲ ਵੀ ਕੀਤੀ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਦੋਵੇਂ ਪੰਜਾਬ ਤੋਂ ਬਾਹਰ ਨਹੀਂ ਗਏ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਨਸ਼ਾ ਮਿਲਣ ’ਵਿਚ ਪਰੇਸ਼ਾਨੀ ਆਉਂਦੀ। ਦੋਵੇਂ ਨਸ਼ੇਡ਼ੀ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਵਲੋਂ ਗੈਂਗਸਟਰਵਾਦ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਅਤੇ ਲੋਕਾਂ ‘ਵਿਚ ਡਰ ਦਾ ਮਾਹੌਲ ਬਣਾਉਣ ਲਈ ਸਾਜ਼ਿਸ਼ ਰਚਣ ਵਾਲਿਆਂ ਨੂੰ ਹੁਣ ਬਖ਼ਸ਼ਿਆ ਨਹੀਂ ਜਾਵੇਗਾ।

Comment here