ਸਿਆਸਤਖਬਰਾਂ

ਬੀਐੱਸਐੱਫ ਅਧਿਕਾਰ ਮਾਮਲਾ-ਸਰਬਦਲੀ ਮੀਟਿੰਗ ਕਰਕੇ ਅਦਾਲਤ ’ਚ ਦਿਓ ਚੁਣੌਤੀ—ਬਾਦਲ

ਚੰਡੀਗੜ੍ਹ-ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦੇ ਮਾਮਲੇ ਵਿੱਚ ਕਿਹਾ, ‘ਮੈਂ ਸਾਰੇ ਸਿਆਸੀ ਦਲਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਸ ਵਿਚ ਲੜਨਾ ਬੰਦ ਕੀਤਾ ਜਾਵੇ ਅਤੇ ਕੇਂਦਰ ਦੇ ਅਜਿਹੇ ਕਦਮਾਂ ਖ਼ਿਲਾਫ਼ ਮਿਲ ਕੇ ਲੜਿਆ ਜਾਵੇ। ਇਹ ਕਿਸੇ ਪਾਰਟੀ ਦੇ ਮਾਣ-ਮਰਿਆਦਾ ਦਾ ਸਵਾਲ ਨਹੀਂ ਹੈ, ਜੋ ਵੀ ਪਾਰਟੀ ਇਸ ਦੇ ਖ਼ਿਲਾਫ਼ ਲੜੇਗੀ, ਅਕਾਲੀ ਦਲ ਉਸ ਅਨੁਸਾਰ ਚੱਲਣ ਲਈ ਤਿਆਰ ਹੈ। ਸ਼੍ਰੋਮਣੀ ਅਕਾਲੀ ਦਲ ਸੁਰਖੀਆਂ ’ਚ ਨਹੀਂ ਆਉਣਾ ਚਾਹੁੰਦਾ।’
ਪ੍ਰਕਾਸ਼ ਸਿੰਘ ਬਾਦਲ ਦੇ ਇਸ ਬਿਆਨ ਨੂੰ ਕਾਂਗਰਸ ਦੇ ਸੀਨੀਅਰ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਹੋਰ ਅੱਗੇ ਵਧਾਇਆ ਹੈ। ਉਨ੍ਹਾਂ ਇਕ ਟਵੀਟ ਕਰਕੇ ਕਿਹਾ, ‘ਪ੍ਰਕਾਸ਼ ਸਿੰਘ ਬਾਦਲ ਜੋ ਸੁਝਾਅ ਦੇ ਰਹੇ ਹਨ, ਉਸ ਦਾ ਵਿਸ਼ੇਸ਼ ਮਹੱਤਵ ਹੈ। ਪੱਖਪਾਤਪੂਰਨ ਵਿਚਾਰਾਂ ਤੋਂ ਉੱਪਰ ਉੱਠ ਕੇ ਇਸ ਮੁੱਦੇ ’ਤੇ ਸਾਂਝੇ ਰੂਪ ਵਿਚ ਲੜਨਾ ਚਾਹੀਦਾ ਹੈ।’ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਤਿੰਨ ਸੁਝਾਅ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਦੀ ਮੀਟਿੰਗ ਬੁਲਾਈ ਜਾਵੇ। ਸਰਬਦਲੀ ਮੀਟਿੰਗ ਬੁਲਾ ਕੇ ਇਸ ਫ਼ੈਸਲੇ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਜਾਵੇ।
ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਨਤਕ ਮੰਚ ’ਤੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਆਗੂ ਇਕ-ਦੂਜੇ ਦੇ ਵਿਚਾਰਾਂ ਦਾ ਸਮਰਥਨ ਕਰ ਰਹੇ ਹਨ। ਹਾਲਾਂਕਿ ਇਸ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਆਗੂਆਂ ਦੇ ਠੀਕ ਉਲਟ ਵਿਚਾਰ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੀਐੱਸਐੱਫ ਦਾ ਦਾਇਰਾ ਵਧਣ ਨਾਲ ਸਰਹੱਦ ਪਾਰੋਂ ਆਉਣ ਵਾਲੇ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਕਮੀ ਆਵੇਗੀ ਪਰ ਜ਼ਿਆਦਾਤਰ ਪਾਰਟੀਆਂ ਇਸ ਨੂੰ ਰਾਜਾਂ ਦੇ ਅਧਿਕਾਰਾਂ ਦੇ ਹਨਨ ਦੇ ਰੂਪ ਵਿਚ ਦੇਖ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ, ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਇਸ ਨੂੰ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੇ ਰੂਪ ਵਿਚ ਪ੍ਰਚਾਰ ਰਹੇ ਹਨ। ਚੀਮਾ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮੁੱਦੇ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤੁਰੰਤ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਚਾਹੀਦਾ ਹੈ।
‘ਆਪ’ ਨੇ ਮੰਗੀ ਚੰਨੀ ਤੋਂ ਜਵਾਬਦੇਹੀ
ਆਮ ਆਦਮੀ ਪਾਰਟੀ ਕੇਂਦਰ ਦੇ ਇਸ ਕਦਮ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਵਾਬਦੇਹ ਮੰਨ ਰਹੀ ਹੈ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ’ਚ ਕੇਜਰੀਵਾਲ ਸਰਕਾਰ 2015 ਤੋਂ ਅੱਜ ਤਕ ਦਿੱਲੀ ਦੀ ਜਨਤਾ ਦੇ ਹੱਕ ਅਤੇ ਅਧਿਕਾਰਾਂ ਲਈ ਨਰਿੰਦਰ ਮੋਦੀ ਸਰਕਾਰ ਨਾਲ ਲੜਦੀ ਆ ਰਹੀ ਹੈ। ਮੁੱਖ ਮੰਤਰੀ ਕੇਜਰੀਵਾਲ ਦੇ ਬਲਬੂਤੇ ਦਿੱਲੀ ’ਚ ਸੰਘੀ ਢਾਂਚਾ ਮਜ਼ਬੂਤ ਹੈ ਅਤੇ ਦਿੱਲੀ ਦੇ ਵੋਟਰਾਂ ਦੀ ਸ਼ਕਤੀ ਨਾਲ ਸੰਘੀ ਢਾਂਚਾ ਕਾਇਮ ਹੈ।
ਪੰਜਾਬ ’ਚ ਡਰ ਦਾ ਮਾਹੌਲ : ਰੰਧਾਵਾ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨਿਚਰਵਾਰ ਨੂੰ ਸਰਹੱਦ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ ਕਿ ਬੀਐੱਸਐੱਫ 50 ਕਿਲੋਮੀਟਰ ਤਕ ਦੇ ਖੇਤਰ ਵਿਚ ਆਵੇ। ਪੰਜਾਬ ਦਾ ਮਾਹੌਲ ਸ਼ਾਂਤ ਹੈ। ਕੇਂਦਰ ਸਰਕਾਰ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਉਥੇ ਫ਼ਰੀਦਕੋਟ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਪੰਜਾਬ ਦੇ ਅਧਿਕਾਰ ਖੇਤਰ ਵਿਚ ਦਖਲ ਦੇ ਰਿਹਾ ਹੈ। ਪੰਜਾਬ ਸਰਕਾਰ ਤੇ ਕੇਂਦਰ ’ਚ ਸਮਝੌਤੇ ਕਾਰਨ ਹੀ ਅਜਿਹਾ ਹੋਇਆ ਹੈ।

Comment here