ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਬਹੁਤੀ ਵਧੀਆ ਨਹੀਂ ਕਾਂਗਰਸ ਦੀ ਸਥਿਤੀ

ਬੜੀ ਲੰਮੀ ਹਿਚਕਿਚਾਹਟ ਤੋਂ ਬਾਅਦ ਪਿਛਲੇ ਸਨਿਚਰਵਾਰ ਕਾਂਗਰਸ ਨੇ ਪੰਜਾਬ ਦੀਆਂ 117 ਸੀਟਾਂ ‘ਚੋਂ 86 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਇਨ੍ਹਾਂ ‘ਚੋਂ ਬਹੁਤੀਆਂ ਅਜਿਹੀਆਂ ਸੀਟਾਂ ਸਨ, ਜਿਨ੍ਹਾਂ ਬਾਰੇ ਪਾਰਟੀ ਅੰਦਰ ਇਹ ਵਿਚਾਰ ਸੀ ਕਿ ਇਨ੍ਹਾਂ ਤੋਂ ਉਮੀਦਵਾਰਾਂ ਦਾ ਐਲਾਨ ਕਰਨ ‘ਤੇ ਬਹੁਤਾ ਵਿਵਾਦ ਨਹੀਂ ਛਿੜੇਗਾ। ਪਰ ਇਸ ਸੰਬੰਧੀ ਐਲਾਨ ਨਾਲ ਪਾਰਟੀ ਸਫ਼ਾਂ ਅੰਦਰ ਵਿਵਾਦ ਹੀ ਨਹੀਂ ਛਿੜਿਆ ਸਗੋਂ ਅਜਿਹੀ ਕਸ਼ਮਕਸ਼ ਦੇ ਆਸਾਰ ਬਣ ਗਏ ਹਨ, ਜਿਸ ਦਾ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਸਾਹਮਣੇ ਆਈ ਸੂਚੀ ਇਹ ਵੀ ਪ੍ਰਭਾਵ ਦਿੰਦੀ ਹੈ ਕਿ ਪਾਰਟੀ ਵਲੋਂ ਸਿਆਸਤਦਾਨਾਂ ਨੂੰ ਆਪਣੀਆਂ ਰਿਸ਼ਤੇਦਾਰੀਆਂ ਪਾਲਣ ਤੋਂ ਰੋਕਣ ਦਾ ਯਤਨ ਕੀਤਾ ਗਿਆ ਹੈ। ਇਸੇ ਲਈ ਉਸ ਨੇ ਪਿਉ-ਪੁੱਤਰਾਂ, ਪਤੀ-ਪਤਨੀ, ਚਾਚਿਆਂ-ਭਤੀਜਿਆਂ ਅਤੇ ਹੋਰ ਨੇੜਲੇ ਰਿਸ਼ਤੇਦਾਰਾਂ ਨੂੰ ਇਕੱਠਿਆਂ ਟਿਕਟਾਂ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਚਾਹੇ ਕੁਝ ਸੰਸਦ ਮੈਂਬਰਾਂ ਦੇ ਪੁੱਤਰਾਂ ਨੂੰ ਵਿਧਾਨ ਸਭਾ ਦੀ ਚੋਣ ਲਈ ਜ਼ਰੂਰ ਉਤਾਰਿਆ ਗਿਆ ਹੈ। ਉਂਜ ਵੀ ਮਹੀਨਿਆਂ ਤੋਂ ਪਾਰਟੀ ਅੰਦਰ ਅਜਿਹੀ ਕੁੱਕੜ ਖੋਹੀ ਚਲਦੀ ਆ ਰਹੀ ਹੈ ਕਿ ਜ਼ਾਬਤਾ ਨਾਂਅ ਦੀ ਕੋਈ ਗੱਲ ਬਾਕੀ ਨਹੀਂ ਰਹੀ। ਹਰ ਕੋਈ ਆਗੂ ਆਪੋ-ਆਪਣੇ ਢੰਗ ਨਾਲ ਆਜ਼ਾਦ ਰੂਪ ਵਿਚ ਬਿਆਨਾਂ ਦੇ ਤੀਰ ਚਲਾਉਂਦਾ ਰਿਹਾ ਸੀ। ਬਣੇ ਅਜਿਹੇ ਮਾਹੌਲ ਨਾਲ ਪਾਰਟੀ ਦਾ ਤਾਣਾ-ਬਾਣਾ ਢਿੱਲਾ ਹੋਣਾ ਕੁਦਰਤੀ ਸੀ, ਜਿਸ ਦੀ ਝਲਕ ਅੱਜ ਵੀ ਵੇਖੀ ਜਾ ਸਕਦੀ ਹੈ। ਜਿਸ ਵੀ ਉਮੀਦਵਾਰ ਨੂੰ ਟਿਕਟ ਨਹੀਂ ਮਿਲਦੀ, ਉਹ ਕਿਸੇ ਨਾ ਕਿਸੇ ਵਿਰੁੱਧ ਆਪਣਾ ਝੰਡਾ ਚੁੱਕ ਲੈਂਦਾ ਹੈ। ਦਿਨ-ਬ-ਦਿਨ ਇਨ੍ਹਾਂ ਝੰਡਿਆਂ ਦੀ ਗਿਣਤੀ ਵਧਦੀ ਨਜ਼ਰ ਆ ਰਹੀ ਹੈ। ਜੇਕਰ ਮੁੱਖ ਮੰਤਰੀ ਦਾ ਭਰਾ ਹੀ ਆਪਣੇ ਇਲਾਕੇ ਦੇ ਕਾਂਗਰਸੀ ਵਿਧਾਇਕ ਦੇ ਵਿਰੁੱਧ ਖੜ੍ਹਾ ਹੋ ਜਾਏ ਤਾਂ ਬਾਕੀ ਕੀ ਬਚਿਆ ਰਹਿੰਦਾ ਹੈ? ਬੱਸੀ ਪਠਾਣਾ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਆਪਣੀ ਪਾਰਟੀ ਦੇ ਪਹਿਲੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਟਿਕਟ ਮਿਲਣ ‘ਤੇ ਆਜ਼ਾਦ ਖੜ੍ਹੇ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸੇ ਹੀ ਤਰ੍ਹਾਂ ਦੁਆਬੇ ਵਿਚ ਆਦਮਪੁਰ ਤੋਂ ਟਿਕਟ ਦੇ ਐਲਾਨ ਤੋਂ ਬਾਅਦ ਸੂਬਾ ਕਾਂਗਰਸ ਦੇ ਪ੍ਰਧਾਨ ਰਹੇ ਅਤੇ ਸਮੇਂ-ਸਮੇਂ ਕੈਬਨਿਟ ਮੰਤਰੀ ਬਣਦੇ ਰਹੇ ਮਹਿੰਦਰ ਸਿੰਘ ਕੇ.ਪੀ. ਨੇ ਆਪਣੇ ਬਗ਼ਾਵਤੀ ਤੇਵਰ ਦਿਖਾਉਂਦੇ ਹੋਏ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ। ਚਰਚਾ ਵਿਚ ਰਹੇ ਮੋਗਾ ਤੋਂ ਫ਼ਿਲਮੀ ਕਲਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੂੰ ਟਿਕਟ ਦੇ ਐਲਾਨ ਤੋਂ ਬਾਅਦ ਉਥੋਂ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਪਾਰਟੀ ਤੋਂ ਬਗ਼ਾਵਤ ਕਰਦੇ ਹੋਏ ਭਾਜਪਾ ਵਿਚ ਜਾਣ ਦਾ ਐਲਾਨ ਕਰ ਦਿੱਤਾ ਹੈ। ਆਉਂਦੇ ਦਿਨੀਂ ਜੇ ਡਾ. ਹਰਜੋਤ ਇਥੋਂ ਆਪਣੀ ਨਵੀਂ ਪਾਰਟੀ ਵਲੋਂ ਖੜ੍ਹੇ ਹੁੰਦੇ ਹਨ ਤਾਂ ਕਾਂਗਰਸ ਲਈ ਇਹ ਸੌਦਾ ਖਸਾਰੇ ਵਾਲਾ ਸਾਬਤ ਹੋ ਸਕਦਾ ਹੈ। ਕੁਝ ਮੰਤਰੀ ਅਤੇ ਵਿਧਾਇਕ ਆਪਣੇ ਪੁੱਤਰਾਂ ਨੂੰ ਅੱਗੇ ਕਰਨ ਲਈ ਕਾਂਗਰਸ ਦੇ ਹੀ ਤਾਣੇ-ਬਾਣੇ ਨੂੰ ਝਟਕੇ ਦੇਣ ਲੱਗੇ ਹੋਏ ਹਨ। ਕਪੂਰਥਲਾ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਨਾਲ ਲਗਦੇ ਵਿਧਾਨ ਸਭਾ ਹਲਕੇ ਸੁਲਤਾਨਪੁਰ ਲੋਧੀ ‘ਤੋਂ ਆਪਣੇ ਪੁੱਤਰ ਨੂੰ ਆਜ਼ਾਦ ਤੌਰ ‘ਤੇ ਖੜ੍ਹਾ ਕਰ ਦਿੱਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪਹਿਲੇ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਹੁੰਦਿਆਂ ਹੀ ਇਸ ਇਲਾਕੇ ਵਿਚ ਸਿਆਸੀ ਘੁਸਪੈਠ ਸ਼ੁਰੂ ਕਰ ਦਿੱਤੀ ਸੀ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਪਣੇ ਹਲਕੇ ਫ਼ਤਹਿਗੜ੍ਹ ਚੂੜੀਆਂ ਤੋਂ ਹੀ ਸੰਤੁਸ਼ਟ ਨਹੀਂ ਹੋਏ, ਸਗੋਂ ਉਨ੍ਹਾਂ ਨੇ ਆਪਣੇ ਜ਼ਿਲ੍ਹੇ ਦੇ ਬਟਾਲਾ ਹਲਕੇ ਤੋਂ ਆਪਣੇ ਪੁੱਤਰ ਰਵੀਨੰਦਨ ਸਿੰਘ ਬਾਜਵਾ ਨੂੰ ਮੈਦਾਨ ਵਿਚ ਉਤਾਰਨ ਲਈ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਹੈ। ਇਸੇ ਹੀ ਜ਼ਿਲ੍ਹੇ ਵਿਚ ਵੱਡੇ ਅਤੇ ਧੜੱਲੇਦਾਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਤੇ ਆਪਣੇ ਭਰਾ ਫਤਹਿਜੰਗ ਸਿੰਘ ਬਾਜਵਾ ਦੀ ਥਾਂ ਚੋਣ ਲੜਨ ਦੀਆਂ ਕਨਸੋਆਂ ਮਿਲਣ ‘ਤੇ ਫਤਹਿਜੰਗ ਸਿੰਘ ਬਾਜਵਾ ਨੇ ਪਾਰਟੀ ਤੋਂ ਬਗ਼ਾਵਤ ਕਰਕੇ ਭਾਜਪਾ ਦਾ ਹੱਥ ਫੜ ਲਿਆ ਹੈ। ਕੱਲ੍ਹ ਨੂੰ ਉਹ ਕਿਸ ਕਾਂਗਰਸੀ ਉਮੀਦਵਾਰ ਦੇ ਹਲਕੇ ਵਿਚ ਜਾ ਕੇ ਸੰਨ੍ਹ ਲਗਾਉਂਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ? ਸ੍ਰੀ ਹਰਿਗੋਬਿੰਦਪੁਰ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਟਿਕਟ ਨਾ ਮਿਲਣ ਕਾਰਨ ਡੱਕੋ-ਡੋਲੇ ਖਾਂਦੇ ਦਿਖਾਈ ਦੇ ਰਹੇ ਹਨ। ਉਹ ਪਹਿਲਾਂ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ ਪਰ ਅਗਲੇ ਹੀ ਦਿਨ ਉਨ੍ਹਾਂ ਨੇ ਕਾਂਗਰਸ ਵਿਚ ਵਾਪਸੀ ਕਰ ਲਈ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਟਕਸਾਲੀ ਕਾਂਗਰਸੀ ਪਰਿਵਾਰ ‘ਚੋਂ ਖੁਸ਼ਹਾਲ ਬਹਿਲ ਦੇ ਪੁੱਤਰ ਰਮਨ ਬਹਿਲ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ। ਸਰਵਣ ਸਿੰਘ ਫਿਲੌਰ ਨੇ ਵੀ ਫਿਲੌਰ ਸੀਟ ‘ਤੇ ਆਪਣਾ ਹੱਕ ਜਤਾਉਂਦਿਆਂ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ ਫੜ ਲਿਆ ਹੈ। ਕਾਂਗਰਸ ਦਾ ਅੰਮ੍ਰਿਤਸਰ ਤੋਂ ਦਿਹਾਤੀ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਪਹਿਲਾਂ ਟਿਕਟ ਨਾ ਮਿਲਣ ‘ਤੇ ਟਪੂਸੀ ਮਾਰ ਕੇ ਭਾਜਪਾ ਵਿਚ ਸ਼ਾਮਿਲ ਹੋ ਗਿਆ ਪਰ ਉਥੇ ਦਿਨ ਭਰ ਵੀ ਨਾ ਟਿਕ ਸਕਿਆ ਅਤੇ ‘ਮਾਝਾ ਬ੍ਰਿਗੇਡ’ ਦੇ ਮਨਾਉਣ ‘ਤੇ ਮੁੜ ਕਾਂਗਰਸ ਵਿਚ ਸ਼ਾਮਿਲ ਹੋ ਗਿਆ। ਉਸ ਦੀ ਮੰਗ ਮਜੀਠਾ ਹਲਕੇ ਤੋਂ ਟਿਕਟ ਦੀ ਹੈ। ਜੇ ਪਾਰਟੀ ਇਹ ਮੰਗ ਪੂਰੀ ਕਰਦੀ ਹੈ ਤਾਂ ਉਥੇ ਲਾਲੀ ਭਰਾਵਾਂ ਨਾਲ ਉਸ ਦੀ ਗਹਿਗੱਚ ਲੜਾਈ ਹੋਵੇਗੀ। ਇਹ ਦੰਗਲ ਤਾਂ ਹਾਲੇ ਮੁੱਕਣ ਵਾਲਾ ਨਹੀਂ ਜਾਪਦਾ ਪਰ ਇਸ ਦੇ ਨਾਲ ਹੀ ਰਹਿੰਦੀਆਂ 31 ਸੀਟਾਂ ‘ਤੇ 12 ਪਹਿਲੇ ਵਿਧਾਇਕ ਮੌਜੂਦ ਹਨ ਜੋ ਮੌਕੇ ਦੀ ਇੰਤਜ਼ਾਰ ਵਿਚ ਹਨ। ਇਨ੍ਹਾਂ ‘ਚੋਂ ਜਿਸ ਦੀ ਵੀ ਟਿਕਟ ਕੱਟੀ ਗਈ, ਉਹ ਬਗ਼ਾਵਤੀ ਝੰਡਾ ਚੁੱਕ ਲਏਗਾ ਅਤੇ ਆਪਣੀ ਹੀ ਪਾਰਟੀ ਦੇ ਖਿਲਾਫ਼ ਮੈਦਾਨ ਵਿਚ ਖੜ੍ਹਾ ਹੋ ਜਾਵੇਗਾ। ਇਨ੍ਹਾਂ ਵਿਚ ਰਮਿੰਦਰ ਸਿੰਘ ਆਂਵਲਾ, ਦਵਿੰਦਰ ਸਿੰਘ ਘੁਬਾਇਆ, ਰਮਨਜੀਤ ਸਿੰਘ ਸਿੱਕੀ, ਸਤਕਾਰ ਕੌਰ, ਅੰਗਦ ਸਿੰਘ ਤੇ ਸੁਖਪਾਲ ਸਿੰਘ ਵਰਗੇ ਕਾਂਗਰਸੀਆਂ ਨੇ ਪਹਿਲਾਂ ਹੀ ਆਪੋ-ਆਪਣੀਆਂ ਸੀਟਾਂ ਸਾਂਭੀਆਂ ਹੋਈਆਂ ਹਨ। ਮਾਲਵੇ ਦੇ ਇਲਾਕੇ ਵਿਚ ਵੀ ਵੱਡੀ ਪੱਧਰ ‘ਤੇ ਅਜਿਹਾ ਕੁਝ ਹੁੰਦਾ ਹੀ ਦਿਖਾਈ ਦੇ ਰਿਹਾ ਹੈ। ਇਸ ਤੋਂ ਹੀ ਕਾਂਗਰਸ ਦੇ ਭਵਿੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅਤੇ ਇਹ ਵੀ ਕਿ ਜਿਹੜੀ ਪਾਰਟੀ ਆਪਣੇ ਜਰਨੈਲਾਂ ਨੂੰ ਹੀ ਨਹੀਂ ਸਾਂਭ ਸਕਦੀ, ਉਹ ਕੱਲ੍ਹ ਨੂੰ ਪੰਜਾਬ ਦੀ ਵਾਗਡੋਰ ਕਿਸ ਤਰ੍ਹਾਂ ਸਾਂਭ ਸਕੇਗੀ? ਪਿਛਲੇ ਕਈ ਦਹਾਕਿਆਂ ਤੋਂ ਸਾਨੂੰ ਅਜਿਹੀ ਹੀ ਸਿਆਸਤ ਅਤੇ ਅਜਿਹੀਆਂ ਹੀ ਸਰਕਾਰਾਂ ਦੇਖਣ ਨੂੰ ਮਿਲਦੀਆਂ ਰਹੀਆਂ ਹਨ।

-ਬਰਜਿੰਦਰ ਸਿੰਘ ਹਮਦਰਦ

Comment here