ਸਿਆਸਤਖਬਰਾਂ

ਪੰਥਕ ਧਿਰਾਂ ਨਵੇਂ ਅਜ਼ਾਦ ਜਥੇਦਾਰ ਦੀ ਚੋਣ ਕਰਨ : ਕੇਂਦਰੀ ਸਿੰਘ ਸਭਾ

ਚੰਡੀਗੜ੍ਹ : ਜਿੱਥੇ ਬਾਦਲ ਅਕਾਲੀ ਦਲ ਦੀ ਪੰਜਾਬ ਵਿਧਾਨ ਚੋਣਾਂ ਵਿਚ ਵੀ ਕਰਾਰੀ ਹਾਰ ਹੋਈ ਹੈ। ਉੱਥੇ ਹੀ ਬਾਦਲ ਅਕਾਲੀ ਦਲ ਦੇ ਹੱਕ ਵਿੱਚ ਭੁਗਤਕੇ ਮੌਜੂਦਾ ਜਥੇਦਾਰ ਨੇ ਅਕਾਲ ਤਖਤ ਉੱਤੇ ਬਣੇ ਰਹਿਣ ਦਾ ਨੈਤਿਕ ਹੱਕ ਖੋਹ ਲਿਆ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਸਿੰਘ ਸਭਾ ਵਲੋਂ ਕੀਤਾ ਗਿਆ ਅਤੇ ਕਿਹਾ, ਦੇਸ਼-ਵਿਦੇਸ਼ ਵਸਦੀਆਂ ਪੰਥਕ ਧਿਰਾਂ ਨਵੇਂ ਅਜ਼ਾਦ ਜਥੇਦਾਰ ਦੀ ਚੋਣ ਕਰਨ ਮੈਦਾਨ ਵਿੱਚ ਨਿਤਰਣ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲ ਅਕਾਲੀ ਦਲ ਨੂੰ ਪੰਥਕ ਏਜੰਡੇ ਉੱਤੇ ਵਾਪਿਸ ਆਉਣ ਦਾ ਸੱਦਾ ਦਿੱਤਾ, ਜਿਹੜਾ 25 ਸਾਲ ਪਹਿਲਾਂ ਹੀ 1996 ਵਿੱਚ ਸਿੱਖਾਂ ਘੱਟ ਗਿਣਤੀ ਦੀ ਸਿਆਸਤ ਨੂੰ ਲੱਤ ਮਾਰ ਕੇ ਪੰਜਾਬੀ ਪਾਰਟੀ ਬਣ ਗਿਆ ਸੀ। ਪੰਜਾਬੀ ਪਾਰਟੀ ਤੋਂ ਅੱਗੇ ਬਾਦਲ ਪਰਿਵਾਰ ਦੀ ਬਣੀ ਸਿਆਸੀ ਧਿਰ ਅਕਾਲੀ ਦਲ ਨੇ ਕੇਂਦਰ ਦਾ ਸਿੱਖ-ਵਿਰੋਧੀ ਏਜੰਡੇ ਅਪਨਾ ਲਏ ਸਨ ਅਤੇ ਸਿੱਖਾਂ ਉੱਤੇ ਤਸ਼ੱਦਦ ਕਰਨ ਵਾਲੀ ਸਰਕਾਰੀ ਮਸ਼ੀਨਰੀ ਨੂੰ ਹੋਰ ਮਜ਼ਬੂਤ ਕੀਤਾ। ਇੱਥੋ ਤੱਕ ਝੂਠੇ- ਮੁਕਾਬਲਿਆਂ ਦੇ ਮਾਹਰ ਸੁਮੇਧ ਸੈਣੀ ਵਰਗਿਆਂ ਨੂੰ ਪੁਲਿਸ ਮੁੱਖੀ ਬਣਾਇਆ। ਜਥੇਦਾਰ ਦੇ ਸੱਦੇ ਨੇ ਸਪਸ਼ਟ ਕਰ ਦਿੱਤਾ ਕਿ ਉਸਨੂੰ ਬਾਦਲ ਪਰਿਵਾਰ ਦੀ ਢਹਿੰਦੇ ਅਕਸ ਨੂੰ ਮੁੜ੍ਹ ਖੜ੍ਹਾ ਕਰਨ ਦਾ ਹੀ ਜ਼ਿਆਦਾ ਫਿਕਰ ਹੈ।  ਕੇਦਰੀ ਸਿੰਘ ਸਭਾ ਨੇ ਕਿਹਾ ਕਿ ਜਥੇਦਾਰ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਬਾਦਲਾਂ ਵੱਲੋਂ ਆਪਣਾ ‘ਵੋਟ ਬੈਂਕ’ ਖੜ੍ਹਾ ਕਰਨ ਦੀਆਂ ਕੋਸ਼ਿਸਾਂ ਦਾ ਹਿੱਸਾ ਸੀ। ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਆਪਣੀ ਕੋਠੀ ਬੁਲਾਕੇ, ਸਿਰਸਾ ਦੇ ਡੇਰੇਦਾਰ ਨੂੰ ਅਕਾਲ ਤਖਤ ਵੱਲੋਂ ਮੁਆਫ ਕਰਨ ਹੁਕਮਨਾਮਾ ਜਾਰੀ ਕਰਨ ਦੇ ਤਾਨਾਸ਼ਾਹੀ ਹੁਕਮ ਦਿੱਤੇ ਸਨ। ਫਿਰ ਬਾਦਲ ਦਲ ਨੇ ਬੇਅਦਬੀ ਦੇ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਰਾਜਸੱਤਾ ਦੇ ਜ਼ੋਰ ਨਾਲ ਕਾਨੂੰਨੀ ਪ੍ਰਕਿਰਿਆ ਤੋਂ ਬਚਾਇਆ ਸੀ। ਅਕਾਲੀ ਦਲ ਦੇਸ਼ ਦੀ ਘੱਟ ਗਿਣਤੀਆਂ ਦੇ ਵਿਰੁੱਧ ਖੜ੍ਹੇ ਹੋਏ ਹਿੰਦੂਵਾਦ ਅਤੇ ਹਿੰਦੂ ਰਾਸ਼ਟਰ ਦੇ ਨਿਰਮਾਣ ਵਿੱਚ ਹਿੱਸੇਦਾਰ ਬਣ ਗਏ ਹਨ। ਅਜਿਹੀ ਕਾਰਗੁਜ਼ਾਰੀ ਵਾਲੇ ਅਕਾਲੀਆਂ ਦੇ ਹੱਕ ਵਿੱਚ ਖੜ੍ਹੇ ਹੋ ਕੇ, ਜਥੇਦਾਰ ਨੇ ਸਮੁੱਚੇ ਸਿੱਖ ਭਾਈਚਾਰੇ ਦਾ ਸਿਰ ਨੀਵਾਂ ਕੀਤਾ। ਦੇਸ਼-ਵਿਦੇਸ਼ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ 100 ਸਾਲ ਪੁਰਾਣੇ ਗੁਰਦੁਆਰਾ ਐਕਟ ਅਤੇ ਉਸਦੀ ਵਰਤੋਂ ਰਾਹੀਂ ਖੜ੍ਹੀ ਕੀਤੀ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਰੱਦ ਕਰਨ ਲਈ ਚੋਣ ਦਾ ਵਿਧੀ ਵਿਧਾਨ ਬਦਲਣ, ਅਕਾਲ ਤਖਤ ਦੇ ਜਥੇਦਾਰ ਨੂੰ ਸਮੁੱਚੇ ਸਿੱਖ ਪੰਥ ਦਾ ਨੁਮਾਇੰਦਾ ਬਣਾਉਣ ਲਈ, ਉਸਦੀ ਸੁਤੰਤਰ ਚੋਣ ਪ੍ਰਣਾਲੀ ਖੜ੍ਹੀ ਕਰਨ। ਬਾਦਲਾਂ ਤੋਂ ਟੁੱਟੇ ਸਾਰੇ ਅਕਾਲੀ ਧੜ੍ਹੇ ਨਾਨਕਸ਼ਾਹੀ ਕਲੰਡਰ ਨੂੰ ਖਤਮ ਕਰਨ, ਬਰਗਾੜ੍ਹੀ ਬੇਅਦਬੀ ਉੱਤੇ ਮਿੱਟੀ ਪਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸਿਆਸੀ ਧਿਰ ਦੀ ਜ਼ਾਗੀਰ ਬਣਾਉਣ ਵਿੱਚ ਹਿੱਸੇਦਾਰ ਹਨ। ਪੰਥ ਦਾ ਨਾਮ ਵਰਤਕੇ, ਰਾਜਸੱਤਾ ਉੱਤੇ ਕਾਬਜ਼ ਹੋਣ  ਲਈ ਅਕਾਲੀ ਦਲ ਨੂੰ ਖੇਤਰੀ ਪਾਰਟੀ ਅਤੇ ਫੈਡਲਰ ਢਾਂਚੇ ਦੀ ਅਲੰਬਰਦਾਰ ਨਹੀਂ ਰਹਿਣ ਦਿੱਤਾ ਸਗੋਂ ਭਾਜਪਾ ਨੇ ਕੱਟੜ ਨੈਸ਼ਨਿਲਜ਼ਮ ਦੇ ਏਜੰਡੇ ਉੱਤੇ ਸਵਾਰ ਕਰ ਦਿੱਤਾ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ,  ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ), ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।

Comment here