ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਸਰਕਾਰ ਖੇਡ ਸਭਿਆਚਾਰ ਨੂੰ ਮੁੜ ਸੁਰਜੀਤ ਕਰਨ ’ਚ ਕਾਮਯਾਬ ਹੋਈ-ਮਾਨ

ਲੁਧਿਆਣਾ-ਮੁੱਖ ਮੰਤਰੀ ਭਗਵੰਤ ਮਾਨ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਾਂ ਵਤਨ ਪੰਜਾਬੀ ਦੀਆਂ ਦੇ ਸਮਾਪਤੀ ਸਮਾਰੋਹ ਵਿੱਚ ਪੁੱਜੇ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਖੇਡ ਮੰਤਰੀ ਮੀਤ ਹੇਅਰ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸੀਐਮ ਮਾਨ ਨੇ 9961 ਖਿਡਾਰੀਆਂ ਨੂੰ 6.85 ਕਰੋੜ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਤ ਕੀਤਾ। ਇਤਿਹਾਸ ‘ਚ ਪਹਿਲੀ ਵਾਰ ਡੀਬੀਟੀ ਰਾਹੀਂ ਸਿੱਧੇ ਖਾਤਿਆਂ ‘ਚ ਇਨਾਮੀ ਰਾਸ਼ੀ ਪਾਈ ਗਈ। ਇਸ ਮੌਕੇ ਭਗਵੰਤ ਮਾਨ ਨੇ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਕਰਾਉਣ ਦੀ ਗੱਲ ਆਖੀ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਖਰਚੇ ‘ਤੇ ਖਿਡਾਰੀਆਂ ਨੂੰ ਹੋਰਨਾਂ ਸੂਬਿਆਂ ਤੇ ਵੱਖ-ਵੱਖ ਮੁਲਕਾਂ ਵਿਚ ਭੇਜੇਗੀ। ਇਹ ਮੇਰੀ ਦਿਲ ਦੀ ਇੱਛਾ ਹੈ ਕਿ ਹੈ ਜਦੋਂ ਵੀ ਕੋਈ ਕੌਮਾਂਤਰੀ ਮੁਕਾਬਲੇ ਹੋਣ ਉਸ ਵਿਚ ਵੱਧ ਤੋਂ ਵੱਧ ਤਗਮੇ ਪੰਜਾਬ ਦੇ ਖਿਡਾਰੀ ਜਿੱਤ ਕੇ ਆਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਅੰਦਰ ਖੇਡ ਸਭਿਆਚਾਰ ਮੁੜ ਸੁਰਜੀਤ ਕਰਨ ਵਿਚ ਕਾਮਯਾਬ ਹੋਈ ਹੈ। ਇਸ ਵਾਰੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ 570 ਤਗਮਿਆਂ ਨਾਲ ਪਟਿਆਲਾ ਪਹਿਲਾ ਸਥਾਨ, ਲੁਧਿਆਣਾ 443 ਤਗਮਿਆਂ ਨਾਲ ਦੂਸਰੇ ਅਤੇ ਮੋਹਾਲੀ 321 ਤਗਮਿਆਂ ਨਾਲ ਤੀਸਰੇ ਸਥਾਨ ’ਤੇ ਰਿਹਾ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟ ਕੀਤਾ ਕਿ ਪੰਜਾਬ ‘ਚ ਸਾਲਾਂ ਬਾਅਦ ਖੇਡਾਂ ਦੇ ਖੇਤਰ ‘ਚ ਦੁਬਾਰਾ ਰੌਣਕਾਂ ਪਰਤੀਆਂ ਨੇ…ਪਹਿਲੀ ਵਾਰ ਅਜਿਹੀਆਂ ਖੇਡਾਂ ਦਾ ਸਮਾਗਮ ਪੰਜਾਬ ‘ਚ ਕਰਵਾਇਆ ਗਿਆ…ਪਹਿਲੀ ਵਾਰ 9961 ਜੇਤੂ ਖਿਡਾਰੀਆਂ ਦੇ ਖਾਤੇ ‘ਚ ਡੀਬੀਟੀ ਰਾਹੀਂ 6.85 ਕਰੋੜ ਦੀ ਇਨਾਮ ਰਾਸ਼ੀ ਟਰਾਂਸਫਰ ਕੀਤੀ ਗਈ… ਪੰਜਾਬ ਦੀ ਖੇਡਾਂ ‘ਚ ਗੁਆਚੀ ਸ਼ਾਨ ਦੁਬਾਰਾ ਬਹਾਲ ਕਰਨ ਲਈ ਮੇਰੀ ਸਰਕਾਰ ਵਚਨਬੱਧ ਹੈ…
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਅੰਦਰ ਖੇਡ ਸੱਭਿਆਚਾਰ ਮੁੜ ਸੁਰਜੀਤ ਕਰਨ ਵਿਚ ਕਾਮਯਾਬ ਹੋਈਆ ਹਨ। ਇਸ ਟੂਰਨਾਮੈਂਟ ਵਿਚ ਪਹਿਲੀ ਵਾਰ 3 ਲੱਖ ਖਿਡਾਰੀਆਂ ਨੇ ਹਿੱਸਾ ਲਿਆ ਹੈ।

Comment here