ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਪੰਜਾਬ ਨੂੰ ਖੇਤਰੀ ਵਿਚਾਰਧਾਰਾ ਵਾਲੇ ਰਾਜਸੀ ਬਦਲ ਦੀ ਲੋੜ 

ਭਾਰਤ ਦੁਨੀਆਂ ਦਾ ਉਹ ਹਿੱਸਾ ਹੈ, ਜਿੱਥੇ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਵੱਖ ਵੱਖ ਭਾਸ਼ਾਵਾਂ ਅਤੇ ਬੋਲੀਆਂ ਵਾਲੇ ਲੋਕ ਸਦੀਆਂ ਤੋਂ ਵੱਖਰਾ ਖਾਣ ਪੀਣ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਨਾਲ ਆਪਸੀ ਮੇਲ ਮਿਲਾਪ ਦੀ ਗੂੜ੍ਹੀ ਸਾਂਝ ਰੱਖਦੇ ਹਨ। ਆਮ ਲੋਕ ਚਾਹੁੰਦੇ ਹੋਣ, ਭਾਵੇਂ ਨਾ ਚਾਹੁੰਦੇ ਹੋਣ ਪਰ ਫੇਰ ਵੀ ਧਰਮ ਅਤੇ ਜਾਤ ਸਾਡੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਬਹੁਤੇ ਵਾਰੀ ਸਰਕਾਰਾਂ ਬਣਾਉਣ ਤਕ ਦੇ ਫੈਸਲੇ ਵੀ ਬਹੁਤ ਹੱਦ ਤਕ ਧਰਮ ਅਤੇ ਜਾਤ ਤੋਂ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆਉਂਦੇ ਹਨ। ਦੇਸ਼ ਦੇ ਵਿੱਚ ਹੋਣ ਵਾਲੇ ਕਿਸੇ ਵੀ ਰਾਜਸੀ ਬਦਲਾਅ ਦਾ ਅਸਰ ਪੰਜਾਬ ’ਤੇ ਹੋਣਾ ਵੀ ਇੱਕ ਸੁਭਾਵਿਕ ਜਿਹੀ ਗੱਲ ਮੰਨੀ ਜਾ ਸਕਦੀ ਹੈ।
ਪੰਜਾਬ ਦੀਆਂ ਮੰਗਾਂ ਦੀ ਗੱਲ ਜਦੋਂ ਵੀ ਕੀਤੀ ਗਈ ਤਾਂ ਇਸ ਨੂੰ ਪੰਜਾਬ ਦੀ ਸਿੱਖ ਵਸੋਂ ਵੱਲੋਂ ਕੀਤੀ ਜਾ ਰਹੀ ਮੰਗ ਹੀ ਮੰਨਿਆ ਗਿਆ। ਪੰਜਾਬ ਦਾ ਹਿੰਦੂ ਭਾਈਚਾਰਾ ਕਦੇ ਵੀ ਇਹਨਾਂ ਮੰਗਾਂ ਲਈ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ। ਪੰਜਾਬ ਦੇ ਵਿੱਚ ਇੱਕ ਵੱਡੀ ਗਿਣਤੀ ਅਨੁਸੂਚਿਤ ਜਾਤੀਆਂ ਦਾ ਵੱਡਾ ਹਿੱਸਾ ਭਾਵੇਂ ਸਿੱਖ ਧਰਮ ਨੂੰ ਮੰਨਣ ਵਾਲਾ ਹੈ, ਪਰ ਉਸਦਾ ਝੁਕਾਅ ਆਮ ਤੌਰ ’ਤੇ ਕਾਂਗਰਸ ਵਾਲੇ ਪਾਸੇ ਹੀ ਬਣਿਆ ਰਿਹਾ ਹੈ। ਸਿੱਖਾਂ ਦੀ ਸ਼ਰਧਾ ਦੇ ਸਭ ਤੋਂ ਵੱਡੇ ਅਸਥਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 1984 ਵਾਲੀ ਫੌਜੀ ਕਾਰਵਾਈ ਤੋਂ ਬਾਅਦ ਸਿੱਖ ਭਾਈਚਾਰੇ ਦੇ ਮਨਾਂ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਲਈ ਹੋਰ ਵੀ ਬੇਗਾਨਗੀ ਪੈਦਾ ਹੋ ਗਈ। ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਖਿਲਾਫ਼ ਹੋਏ ਦੇਸ਼ ਪੱਧਰੀ ਨਸਲਕੁਸ਼ੀ ਨੇ ਵੀ ਦੇਸ਼ ਦੀ ਸਿੱਖ ਵਸੋਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ। ਕਾਂਗਰਸ ਨਾਲ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਸਿੱਧਾ ਰਾਜਨੀਤਕ ਮੁਕਾਬਲਾ ਹੋਣ ਕਰਕੇ ਦੋਹਾਂ ਧਿਰਾਂ ਦੇ ਵਿਚਾਲੇ ਦੂਰੀ ਵਧਦੀ ਗਈ ਅਤੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਨੇੜੇ ਹੁੰਦਾ ਗਿਆ।
ਐਮਰਜੈਂਸੀ ਤੋਂ ਬਾਅਦ 1977 ਸਮੇਂ ਭਾਵੇਂ ਅਕਾਲੀ ਦਲ ਦੀ ਨੇੜਤਾ ਤੀਜੇ ਮੋਰਚੇ ਨਾਲ ਵੀ ਰਹੀ ਪਰ ਕਾਂਗਰਸ ਕਰਕੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਨੇੜਤਾ ਵਧਦੀ ਰਹੀ। ਖੇਤਰੀ ਪਾਰਟੀ ਦੇ ਤੌਰ ’ਤੇ ਅਕਾਲੀ ਦਲ ਦੇ ਕਾਂਗਰਸ ਨੂੰ ਛੱਡਕੇ ਦੂਜੀਆਂ ਖੇਤਰੀ ਪਾਰਟੀਆਂ ਅਤੇ ਹੋਰ ਰਾਜਸੀ ਧਿਰਾਂ ਨਾਲ ਵੀ ਕਾਫੀ ਸਮੇਂ ਤਕ ਵਧੀਆ ਸਬੰਧ ਬਣੇ ਰਹੇ, ਪਰ ਭਾਰਤੀ ਜਨਤਾ ਪਾਰਟੀ ਨਾਲ ਜ਼ਿਆਦਾ ਨੇੜਤਾ ਹੋਣ ਨਾਲ ਇਹਨਾਂ ਸਬੰਧਾਂ ਵਿੱਚ ਵੀ ਫਰਕ ਪੈਂਦਾ ਗਿਆ। ਪਰਿਵਾਰਵਾਦ, ਪੰਜਾਬ ਦੀਆਂ ਮੰਗਾਂ ਤੇ ਧਾਰੀ ਚੁੱਪ, ਚਿੱਟੇ ਵਰਗੇ ਨਸ਼ੇ ਨੂੰ ਕੰਟਰੋਲ ਨਾ ਕਰ ਸਕਣਾ ਅਤੇ ਬੇਅਦਬੀ ਵਰਗੇ ਮਸਲੇ ਸਮੇਤ ਕਈ ਹੋਰ ਕਮੀਆਂ ਕਰਕੇ ਲੋਕਾਂ ਦਾ ਵਿਸ਼ਵਾਸ ਅਕਾਲੀ ਦਲ ਤੋਂ ਘਟਦਾ ਗਿਆ। ਅਕਾਲੀ ਦਲ ਅੱਜ ਦੇ ਸਮੇਂ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਅਕਾਲੀ ਦਲ ਤੋਂ ਇੱਥੇ ਸਾਡਾ ਭਾਵ ਅਕਾਲੀ ਦਲ ਦੇ ਬਾਦਲ ਧੜੇ ਤੋਂ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋ ਜਾਣ ਨਾਲ ਇੱਥੇ ਕਾਂਗਰਸ ਤੋਂ ਬਾਅਦ ਦੂਜੀ ਦੇਸ਼ ਪੱਧਰੀ ਰਾਜਨੀਤੀ ਕਰਨ ਵਾਲੀ ਰਾਜਸੀ ਧਿਰ ਦਾ ਬੋਲਬਾਲਾ ਹੋ ਗਿਆ ਹੈ। ਦੇਸ਼ ਪੱਧਰੀ ਰਾਜਨੀਤੀ ਕਰਨ ਵਾਲੀਆਂ ਰਾਜਸੀ ਧਿਰਾਂ ਕਦੇ ਵੀ ਪੰਜਾਬ ਦੇ ਮਸਲਿਆਂ ਨੂੰ ਖੇਤਰੀ ਪਾਰਟੀ ਦੀ ਤਰਜ਼ ’ਤੇ ਨਹੀਂ ਚੁੱਕ ਸਕਦੀਆਂ, ਕਿਉਂਕਿ ਉਹਨਾਂ ਨੂੰ ਖ਼ੇਤਰੀ ਮਸਲਿਆਂ ਦੀ ਥਾਂ ਦੇਸ਼ ਪੱਧਰੀ ਮਸਲਿਆਂ ਦਾ ਫ਼ਿਕਰ ਜ਼ਿਆਦਾ ਹੁੰਦਾ ਹੈ। ਪੰਜਾਬ, ਬੰਗਾਲ, ਤਾਮਿਲਨਾਡੂ ਅਤੇ ਨਾਰਥ ਈਸਟ ਵਰਗੇ ਸੂਬਿਆਂ ਨੂੰ ਦੇਸ਼ ਪੱਧਰੀ ਰਾਜਨੀਤੀ ਕਰਨ ਵਾਲੀਆਂ ਰਾਜਸੀ ਧਿਰਾਂ ਬਹੁਤਾ ਰਾਸ ਨਹੀਂ ਆ ਸਕਦੀਆਂ, ਕਿਉਂਕਿ ਇਹਨਾਂ ਸੂਬਿਆਂ ਦੇ ਲੋਕਾਂ ਦੀ ਬੋਲੀ, ਭਾਸ਼ਾ, ਖਾਣ ਪੀਣ, ਰੀਤੀ ਰਿਵਾਜ ਅਤੇ ਪਹਿਰਾਵਾ ਵੱਖਰਾ ਹੋਣ ਕਰਕੇ ਉਹਨਾਂ ਦੀ ਇੱਕ ਵੱਖਰੀ ਪਹਿਚਾਣ ਨਜ਼ਰ ਆਉਂਦੀ ਹੈ। ਦੇਸ਼ ਪੱਧਰੀ ਰਾਜਨੀਤੀ ਕਰਨ ਵਾਲੀਆਂ ਰਾਜਸੀ ਧਿਰਾਂ ਨੂੰ ਖ਼ੇਤਰੀ ਪਾਰਟੀਆਂ ਨਾਲ ਤਾਲਮੇਲ ਕਰਕੇ ਸਮੁੱਚੀ ਰਾਜਨੀਤੀ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਦਿੱਲੀ ਦੇ ਵਿੱਚ ਬੈਠ ਕੇ ਦੇਸ਼ ਪੱਧਰੀ ਰਾਜਨੀਤੀ ਕਰਨ ਵਾਲੀਆਂ ਰਾਜਸੀ ਧਿਰਾਂ ਸੂਬਿਆਂ ਦੀ ਵਿਲੱਖਣਤਾ ਨੂੰ ਉਸ ਤਰੀਕੇ ਨਾਲ ਸਾਹਮਣੇ ਨਹੀਂ ਲਿਆ ਸਕਦੀਆਂ, ਜਿਸ ਤਰ੍ਹਾਂ ਇੱਕ ਖੇਤਰੀ ਪਾਰਟੀ ਲਿਆ ਸਕਦੀ ਹੈ। ਖੇਤਰੀ ਪਾਰਟੀ ਦੀ ਲੀਡਰਸ਼ਿੱਪ ਸੂਬੇ ਦੇ ਲੋਕਾਂ ਨਾਲ ਜ਼ਿਆਦਾ ਨੇੜਤਾ ਵਾਲਾ ਰਿਸ਼ਤਾ ਰੱਖ ਸਕਦੀ ਹੈ, ਕਿਉਂਕਿ ਉਹਨਾਂ ਦੇ ਵਰਕਰਾਂ ਦੀ ਪਹੁੰਚ ਸਿੱਧੀ ਪਾਰਟੀ ਦੇ ਆਗੂਆਂ ਨਾਲ ਹੁੰਦੀ ਹੈ। ਜੇਕਰ ਕੋਈ ਫੈਸਲਾ ਲੈਣਾ ਹੋਵੇ ਤਾਂ ਖ਼ੇਤਰੀ ਪਾਰਟੀ ਦੇ ਆਗੂਆਂ ਨੂੰ ਦਿੱਲੀ ਵਿੱਚ ਬੈਠੇ ਕਿਸੇ ਹਾਈਕਮਾਨ ਤੋਂ ਇਜਾਜ਼ਤ ਲੈਣ ਦੀ ਲੋੜ ਨਹੀਂ ਹੁੰਦੀ। ਤਾਮਿਲਨਾਡੂ ਦੀ ਤਰਜ਼ ’ਤੇ ਪੰਜਾਬ ਦੇ ਲਈ ਵੀ ਇੱਕ ਦੀ ਥਾਂ ਦੋ ਖ਼ੇਤਰੀ ਪਾਰਟੀਆਂ ਦਾ ਹੋਣਾ ਇੱਥੋਂ ਦੇ ਲੋਕਾਂ ਲਈ ਜ਼ਿਆਦਾ ਲਾਹੇਵੰਦ ਹੋ ਸਕਦਾ ਹੈ। ਦੇਸ਼ ਦੀਆਂ ਸਾਰੀਆਂ ਖ਼ੇਤਰੀ ਪਾਰਟੀਆਂ ਨੂੰ ਇੱਕ ਦੂਜੇ ਦੇ ਸੰਪਰਕ ਵਿੱਚ ਰਹਿ ਕੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਲਈ ਇੱਕ ਸੁਰ ਹੋ ਕੇ ਕੰਮ ਕਰਨਾ ਚਾਹੀਦਾ ਹੈ। ਸਾਡਾ ਦੇਸ਼ ਇੱਕ ਬਾਗ਼ ਦੀ ਤਰ੍ਹਾਂ ਹੈ, ਜਿਸ ਵਿੱਚ ਸਾਰੀ ਤਰ੍ਹਾਂ ਦੇ ਬੂਟੇ ਪ੍ਰਫੁਲਿਤ ਹੋਣ, ਤਾਂ ਕਿ ਇਹਨਾਂ ਬੂਟਿਆਂ ਦੇ ਫੁੱਲਾਂ ਦੀ ਖੁਸ਼ਬੂ ਸਾਰੀ ਦੁਨੀਆਂ ਦੇ ਵਿੱਚ ਮਹਿਕ ਖਲਾਰ ਸਕੇ।
ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਇਹ ਗਿਲਾ ਰਿਹਾ ਹੈ ਕਿ ਉਹਨਾਂ ਵੱਲੋਂ ਦੇਸ਼ ਲਈ ਜੋ ਕੁਝ ਵੀ ਕੀਤਾ ਗਿਆ, ਉਸਦੇ ਲਈ ਉਹਨਾਂ ਨੂੰ ਬਣਦਾ ਮਾਣ ਸਨਮਾਨ ਨਹੀਂ ਮਿਲਿਆ। ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਵੱਡੀ ਆਬਾਦੀ ਲਈ ਅੰਨ ਦੇ ਭੰਡਾਰ ਭਰਨ ਦਾ ਸ਼ਾਨਦਾਰ ਉਪਰਾਲਾ ਕੀਤਾ। ਪਾਕਿਸਤਾਨ ਦੀਆਂ ਜੰਗਾਂ, ਬੰਗਲਾਦੇਸ਼ ਦੀ ਬਣਤਰ ਜਾਂ ਫਿਰ ਚੀਨ ਨਾਲ ਹੋਈ ਲੜਾਈ, ਹਰ ਥਾਂ ’ਤੇ ਪੰਜਾਬ ਦੇ ਲੋਕਾਂ ਨੇ, ਖ਼ਾਸ ਤੌਰ ’ਤੇ ਸਿੱਖ ਭਾਈਚਾਰੇ ਨੇ ਦੇਸ਼ ਲਈ ਵੱਡਾ ਯੋਗਦਾਨ ਪਾਉਣ ਦਾ ਕੰਮ ਕੀਤਾ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਮਨ ਵਿੱਚ ਅਤੇ ਸਿੱਖਾਂ ਦੇ ਮਨ ਵਿੱਚ ਹਮੇਸ਼ਾ ਪੰਜਾਬ ਦੇ ਵਿੱਚ ਇੱਕ ਵਧੀਆ ਅਤੇ ਅਗਾਂਹਵਧੂ ਸਰਕਾਰ ਦਾ ਸੁਪਨਾ ਤੈਰਦਾ ਰਹਿੰਦਾ ਹੈ। ਇਸ ਸੁਪਨੇ ਕਰਕੇ ਹੀ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਨੂੰ ਪਾਸੇ ਕਰਦੇ ਹੋਏ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਦੇ ਕੇ ਸਰਕਾਰ ਬਣਾਈ ਹੈ। ਪਰ ਆਮ ਆਦਮੀ ਪਾਰਟੀ ਵੀ ਦੂਜੇ ਸੂਬਿਆਂ ਦੀ ਰਾਜਨੀਤੀ ਨੂੰ ਧਿਆਨ ਵਿੱਚ ਰੱਖ ਕੇ ਹੀ ਚਲਦੀ ਹੋਈ ਨਜ਼ਰ ਆ ਰਹੀ ਹੈ, ਜਿਸ ਕਰਕੇ ਉਹ ਪੰਜਾਬ ਦੇ ਮਸਲਿਆਂ ਦਾ ਸ਼ਾਇਦ ਹੀ ਕੋਈ ਹੱਲ ਕੱਢ ਸਕੇ। ਪੰਜਾਬ ਦੀ ਵੱਖਰੀ ਪਹਿਚਾਣ ਅਤੇ ਇੱਥੋਂ ਦੀ ਵੱਡੀ ਆਬਾਦੀ ਸਿੱਖ ਧਰਮ ਨਾਲ ਸਬੰਧਤ ਹੋਣ ਕਰਕੇ ਇੱਥੋਂ ਦੇ ਲੋਕਾਂ ਨੂੰ ਖ਼ੇਤਰੀ ਵਿਚਾਰਧਾਰਾ ਵਾਲੇ ਰਾਜਸੀ ਬਦਲ ਬਾਰੇ ਦੇਰ ਸਵੇਰ ਵਿਚਾਰ ਕਰਨਾ ਹੀ ਪੈਣਾ ਹੈ।
-ਹਰਬੰਸ ਸਿੰਘ

Comment here