ਅਪਰਾਧਖਬਰਾਂ

ਪੰਜਾਬ ਦਾ ਸੁਰੱਖਿਆ ਤੰਤਰ ਸਵਾਲਾਂ ਚ-ਯੂਥ ਅਕਾਲੀ ਆਗੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

ਮੋਹਾਲੀ-ਹਾਲੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਸ਼ਰੇਆਮ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਕਤਲ ਕਰਨ ਦਾ ਮਾਮਲਾ ਮੱਠਾ ਨਹੀਂ ਪਿਆ ਤੇ ਇਸ ਮਾਮਲੇ ਚ ਪੁਲਸ ਦੇ ਹੱਥ ਖਾਲੀ ਹੀ ਨੇ, ਕਿ ਮੋਹਾਲੀ ਵਿੱਚ ਸਨਸਨੀਖੇਜ਼ ਵਾਰਦਾਤ ਵਾਪਰ ਗਈ, ਜਿੱਥੇ ਸ਼ਰੇਆਮ ਇਕ ਨੌਜਵਾਨ ਨੂੰ ਬਦਮਾਸ਼ਾਂ ਨੇ ਘੇਰ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ। ਮੁਹਾਲੀ ਦੇ ਵਾਰਡ ਨੰਬਰ-38 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਨਗਰ ਨਿਗਮ ਦੀ ਚੋਣ ਲੜਨ ਵਾਲੇ ਸੀਨੀਅਰ ਯੂਥ ਆਗੂ ਅਜੈਪਾਲ ਸਿੰਘ ਮਿੱਢੂਖੇੜਾ ਦੇ ਛੋਟੇ ਭਰਾ ਅਤੇ ਐੱਸਓਆਈ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਢੂਖੇੜਾ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ। ਘਟਨਾ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਹੈ। ਇਹ ਘਟਨਾ ਮੁਹਾਲੀ ਦੇ ਸੈਕਟਰ-71 ਸਥਿਤ ਕਮਿਊਨਿਟੀ ਸੈਂਟਰ ਨੇੜੇ ਦੀ ਹੈ। ਪਿੰਡ ਵਾਸੀ ਮਨਦੀਪ ਸਿੰਘ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਵਿੱਕੀ ਨੂੰ ਤੁਰੰਤ ਨੇੜੇ ਦੇ ਆਈਵੀਵਾਈ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਸੀ ਪਰ ਮੁਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਟੌਰ ਪੁਲਿਸ ਦੇ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ। ਪੁਲਸ ਦੇ ਉਚ ਅਧਿਕਾਰੀ ਵੀ ਮੌਕੇ ਤੇ ਜਾ ਪੁੱਜੇ। ਸੀ ਸੀ ਟੀ ਵੀ ਫੁਟੇਜ ਵੀ ਨਸ਼ਰ ਹੋਈ ਹੈ ਕਿ ਨੌਜਵਾਨ ਵਿੱਕੀ ਨੇ ਹਮਲਾਵਰਾਂ ਤੋਂ ਬਚਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਪਿੱਛਾ ਕਰਕੇ ਤਾਬੜਤੋੜ ਗੋਲੀਆਂ ਵਰਾ ਕੇ ਜਾਨ ਲੈ ਲਈ। ਸ਼ਰੇਆਮ ਵਾਪਰੀ ਇਸ ਘਟਨਾ ਨੇ ਇੱਕ ਵਾਰ ਫੇਰ ਪੰਜਾਬ ਦੇ ਸਮੁੱਚੇ ਸੁਰੱਖਿਆ ਤੰਤਰ ਨੂੰ ਸਵਾਲਾਂ ਵਿੱਚ ਲਿਆ ਖੜਾਇਆ ਹੈ।

Comment here