ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਵੋਲਵੋ ਬੱਸ ਸਰਵਿਸ ਸ਼ੁਰੂ

ਹਰੀ ਝੰਡੀ ਲਈ ਕੇਜਰੀਵਾਲ ਵਿਸ਼ੇਸ਼ ਤੌਰ ਤੇ ਪੁੱਜੇ
ਜਲੰਧਰ-ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਅੱਜ ਤੋਂ ਸਰਕਾਰ ਵੱਲੋਂ ਵੋਲਵੋ ਬੱਸ ਸਰਵਿਸ ਸ਼ੁਰੂ ਕੀਤੀ ਗਈ ਹੈ। ਇਸ ਨੂੰ ਹਰੀ ਝੰਡੀ ਦੇਣ ਦੇ ਲਈ ਜਲੰਧਰ ਬੱਸ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਪਹੁੰਚੇ।ਇਸ ਮੌਕੇ ਭਗਵੰਤ ਮਾਨ ਨੇ ਬੱਸ ਮਾਫ਼ੀਆ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਲੰਮੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਪਹਿਲਾਂ ਬੱਸ ਮਾਫ਼ੀਆ ਨੇ ਲੋਕਾਂ ਨੂੰ ਬੇਹੱਦ ਲੁੱਟਿਆ ਹੈ। ਅੱਜ ਬੱਸ ਮਾਫ਼ੀਆ ਦੀ ਲੁੱਟ ਬੰਦ ਹੋਣ ਜਾ ਰਹੀ ਹੈ।
ਭਗੰਵਤ ਮਾਨ ਨੇ ਕਿਹਾ ਕਿ ਮੈਨੂੰ ਕਈ ਸ਼ਿਕਾਇਤਾਂ ਲੁੱਟਣ ਦੀਆਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਚਲਾਉਣਾ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਹੋਣ ਤੋਂ ਬਚਾਉਣਾ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਮਿਲਣ ਆਏ ਪ੍ਰਵਾਸੀ ਕਿਸੇ ਲੁੱਟ ਦਾ ਸ਼ਿਕਾਰ ਹੋਣ। ਪਿਛਲੀਆਂ ਸਰਕਾਰਾਂ ’ਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਜਨਤਾ ਨੂੰ ਲੁੱਟਣ ਵਾਲੇ ਸਨ ਪਰ ਹੁਣ ਜਨਤਾ ਨੂੰ ਪਿਆਰ ਕਰਨ ਵਾਲੇ ਆ ਗਏ ਹਨ। ਕੇਜਰੀਵਾਲ ਨੂੰ ‘ਕੈਪਟਨ’ ਕਹਿ ਕੇ ਬੁਲਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਅਰਵਿੰਦ ਕੇਜਰੀਵਾਲ ਜਲੰਧਰ ਆਏ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਖ਼ਾਸ ਤੌਰ ’ਤੇ ਬੁਲਾਇਆ ਗਿਆ ਹੈ ਕਿਉਂਕਿ ਇਥੇ ਕੈਪਟਨ ਯਾਨੀ ਕਿ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਪਹੁੰਚੇ ਹਨ ਅਤੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ 55 ਬੱਸਾਂ ਦਿੱਲੀ ਹਵਾਈ ਅੱਡੇ ਲਈ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਕਿਰਾਇਆ ਅੰਮ੍ਰਿਤਸਰ ਛੱਡ ਕੇ ਬਾਕੀ ਥਾਵਾਂ ਤੋਂ 1170 ਰੁਪਏ ਹੀ ਲੱਗਣਗੇ। ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਤੱਕ ਦਾ ਇਸ ਬੱਸ ਦਾ ਕਿਰਾਇਆ 1390 ਰੁਪਏ ਹਨ। ਬੱਸਾਂ ਦੇ ਰੂਟ ਪਟਿਆਲਾ, ਹੁਸ਼ਿਆਰਪੁਰ, ਚੰਡੀਗੜ੍ਹ, ਲੁਧਿਆਣਾ ਵੀ ਹਨ। ਆਮ ਲੋਕਾਂ ਨੂੰ ਘੱਟ ਕਿਰਾਏ ਦੇ ਨਾਲ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ।
ਇਕ ਗੇੜੇ ਦੇ ਵੋਲਵੋ ਬੱਸ ਕਮਾਉਂਦੀ ਹੈ 1 ਲੱਖ ਰੁਪਏ
ਜਲੰਧਰ ਡਿਪੂ ਵਿਚ 7 ਵੋਲਵੋ ਬੱਸਾਂ ਹਨ। ਇਕ ਬੱਸ ਦੀ ਕੀਮਤ ਤਕਰੀਬਨ ਸਵਾ ਕਰੋੜ ਰੁਪਏ ਹੈ। ਪਨਬਸ ਡੀਪੂ ਦੇ ਅਧਿਕਾਰੀਆਂ ਮੁਤਾਬਕ ਇਕ ਬੱਸ ਜਲੰਧਰ ਤੋਂ ਦਿੱਲੀ ਤੱਕ ਗੇੜਾ ਲਾਉਂਦੀ ਹੈ ਤਾਂ ਇਕ ਗੇੜੇ ਵਿੱਚ ਇਕ ਲੱਖ ਰੁਪਿਆ ਕਮਾਉਂਦੀ ਹੈ। ਇਸ ਤਹਿਤ ਜਲੰਧਰ ਡਿਪੂ ਕੋਲ ਸੱਤ ਬੱਸਾਂ ਹਨ ਤਾਂ ਇਕ ਦਿਨ ਵਿੱਚ ਸੱਤ ਲੱਖ ਦੀ ਆਮਦਨ ਹੋਣ ਦਾ ਅੰਦਾਜ਼ਾ ਹੈ।
ਪਨਬਸ ਅਧਿਕਾਰੀਆਂ ਮੁਤਾਬਕ ਪਹਿਲੇ ਦਿਨ ਹੀ ਉਨ੍ਹਾਂ ਦੀਆਂ ਸਾਰੀਆਂ ਬੱਸਾਂ ਬੁੱਕ ਹੋ ਚੁੱਕੀਆਂ ਹਨ। ਏਅਰਪੋਰਟ ‘ਤੇ ਜਾਣ ਲਈ ਸਵਾਰੀਆਂ ਨੇ ਪਹਿਲਾਂ ਹੀ ਆਨਲਾਈਨ ਬੁਕਿੰਗ ਕਰ ਲਈ ਹੈ। ਦਿੱਲੀ ਏਅਰਪੋਰਟ ਦਾ ਸਫ਼ਰ ਸਰਕਾਰੀ ਬੱਸਾਂ ਲਈ ਪਹਿਲਾਂ ਜਦੋਂ ਬੰਦ ਕਰ ਦਿੱਤਾ ਗਿਆ ਸੀ ਤਾਂ ਉਦੋਂ ਇਕ ਮਹੀਨੇ ਵਿਚ ਜਲੰਧਰ ਡਿਪੂ ਨੂੰ ਤਕਰੀਬਨ ਡੇਢ ਕਰੋੜ ਰੁਪਿਆ ਆਮਦਨ ਹੁੰਦੀ ਸੀ। ਸਿਆਸਤ ਦਾ ਸ਼ਿਕਾਰ ਹੋਣ ਤੋਂ ਬਾਅਦ ਸਰਕਾਰੀ ਵੋਲਵੋ ਬੱਸਾਂ ਏਅਰਪੋਰਟ ‘ਤੇ ਨਹੀਂ ਜਾ ਰਹੀਆਂ ਸਨ। ਲੋਕ ਡਾਊਨ ਕਾਰਨ ਵੀ ਪੰਜਾਬ ਵਿੱਚ ਵੀ ਸਰਕਾਰੀ ਵੋਲਵੋ ਬੱਸਾਂ ਬੰਦ ਹੋ ਗਈਆਂ ਸਨ, ਜਿਸ ਕਰਕੇ ਰੋਡਵੇਜ਼ ਕਾਫ਼ੀ ਘਾਟੇ ਵਿੱਚ ਜਾ ਰਹੀ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਉਪਰਾਲਾ ਕੀਤਾ ਗਿਆ, ਇਸ ਦੇ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਪੰਜਾਬ ਰੋਡਵੇਜ਼ ਦੇ ਬਜਟ ਵਿੱਚ ਜ਼ਰੂਰ ਵਾਧਾ ਹੋਵੇਗਾ।
ਜਲੰਧਰ ਡਿਪੂ ਬੰਨ੍ਹ ਲਈ ਸੱਤ ਬੱਸਾਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਨ। ਦਿੱਲੀ ਏਅਰਪੋਰਟ ਜਾਣ ਲਈ ਇਕ ਬੱਸ ਦੀ ਰਿਪੇਅਰ ‘ਤੇ ਤਕਰੀਬਨ 25-30 ਹਜ਼ਾਰ ਰੁਪਏ ਖ਼ਰਚ ਆਇਆ ਹੈ। ਏ. ਸੀ. ਸਰਵਿਸ, ਲਾਈਟਾਂ, ਸੀਟ ਕਵਰ, ਪਰਦੇ ਇਹ ਸਾਰੇ ਰੈਨੋਵੇਟ ਕੀਤੇ ਗਏ ਹਨ।
ਸਰਕਾਰ ਕਰ ਰਹੀ ਹੈ ਵਾਅਦੇ ਪੂਰੇ-ਧਾਲੀਵਾਲ
ਇਸ ਸਬੰਧ ’ਚ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ, ਉਹ ਸਾਰੇ ਪੂਰੇ ਕੀਤੇ ਜਾ ਰਹੇ ਹਨ। ਕਾਂਗਰਸ ਅਤੇ ਅਕਾਲੀ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੀਆਂ ਹਮੇਸ਼ਾਂ ਗੱਲਾਂ ਹੀ ਕੀਤੀਆਂ ਹਨ ਪਰ ਦਿੱਤੀਆਂ ਨਹੀਂ। ਵਿਰੋਧੀ ਸਰਕਾਰ ਕਹਿੰਦੀ ਕੁਝ ਸੀ ਅਤੇ ਕਰਦੀ ਕੁਝ ਹੋਰ ਸੀ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਵੋਲਵੋ ਬੱਸਾਂ ਨਾਲ ਪੰਜਾਬ ਦੇ ਲੋਕਾਂ ਨੂੰ ਸਫਰ ਕਰਨ ’ਚ ਆਸਾਨੀ ਹੋਵੇਗੀ। ਵੋਲਵੋ ਬੱਸਾਂ ਦੀ ਸ਼ੁਰੂਆਤ ਪੰਜਾਬ ਦੇ ਸਾਰੇ ਜ਼ਿਲਿ੍ਹਆ ’ਚ ਕੀਤੀ ਜਾਵੇਗੀ। ਵੋਲਵੋ ਬੱਸਾਂ ਚਲਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਗਏ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਕਾਂਗਰਸ ’ਚ ਕੋਈ ਗੱਲ ਨਹੀਂ ਸੁਣਦਾ, ਕਿਸੇ ਨੇ ਉਸ ਦੀ ਕੀ ਗੱਲ ਸੁਣਨੀ।
ਜ਼ਮੀਨ ਦੇ ਮਾਮਲੇ ’ਚ ਸਮਣ ਜਾਰੀ ਹੋਣ ’ਤੇ ਧਾਲੀਵਾਲ ਨੇ ਕਿਹਾ ਕਿ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ ਬੁਲਾਇਆ ਹੈ ਅਤੇ ਉਹ ਜ਼ਰੂਰ ਜਾਣਗੇ, ਕਿਉਂਕਿ ਅਸੀਂ ਕੋਈ ਗ਼ਲਤ ਕੰਮ ਨਹੀਂ ਕੀਤਾ। ਕਾਂਗਰਸ ਦੇ ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਧਾਲੀਵਾਲ ਨੇ ਕਿਹਾ ਕਿ ਇਸ ਸਬੰਧ ’ਚ ਉਹ ਗੱਲਬਾਤ ਫਿਰ ਕਰਨਗੇ, ਕਿਉਂਕਿ ਅੱਜ ਉਹ ਸਿਰਫ਼ ਬੱਸਾਂ ਦੇ ਸਬੰਧ ’ਚ ਹੀ ਗੱਲ ਕਰਨਗੇ। ਤ੍ਰਿਪਤ ਬਾਜਵਾ ਨੂੰ ਉਹ ਬਾਅਦ ’ਚ ਯਾਦ ਕਰਨਗੇ।
ਫੇਰੀ ਦੌਰਾਨ ਮਿੰਨੀ ਬੱਸ ਅਪਰੇਟਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜਲੰਧਰ ਫੇਰੀ ਨੂੰ ਲੈ ਕੇ ਪੰਜਾਬ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੁੱਖ ਮੰਤਰੀ ਦੀ ਇਸ ਫੇਰੀ ਦੌਰਾਨ ਪ੍ਰਾਈਵੇਟ ਮਿੰਨੀ ਬੱਸ ਅਪਰੇਟਰਾਂ ਵਲੋਂ ਕਾਲੇ ਝੰਡੇ ਲਹਿਰਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਪਰੇਟਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਆਪਣੀਆਂ ਹੱਕੀ ਮੰਗਾਂ ‘ਤੇ ਵਿਚਾਰ ਕਰਨ ਦੀ ਮੰਗ ਕੀਤੀ ਸੀ ਪਰ ਨਿਯੁਕਤੀ ਨਹੀਂ ਕੀਤੀ ਗਈ। ਇਸੇ ਮੰਗ ਨੂੰ ਲੈ ਕੇ ਪ੍ਰਾਈਵੇਟ ਮਿੰਨੀ ਬੱਸ ਅਪਰੇਟਰਾਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ।
ਦਿੱਲੀ ਹਵਾਈ ਅੱਡੇ ਲਈ ਸਰਕਾਰੀ ਬੱਸਾਂ ਦਾ ਟਾਈਮ ਟੇਬਲ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੀਆਂ ਬੱਸਾਂ ਦੀ ਸਮਾਂ-ਸਾਰਣੀ ਵੀ ਸਾਹਮਣੇ ਆ ਚੁੱਕੀ ਹੈ, ਜੋ ਇਸ ਪ੍ਰਕਾਰ ਹੈ :-
ਜਲੰਧਰ-ਸਵੇਰੇ 11.00 ਵਜੇ, ਦੁਪਹਿਰ 1.15 ਵਜੇ, ਬਾਅਦ ਦੁਪਹਿਰ 3.30 ਵਜੇ, ਸ਼ਾਮ 7.00 ਵਜੇ, ਰਾਤ 8.30 ਵਜੇ
ਲੁਧਿਆਣਾ-ਸਵੇਰੇ 7.40 ਅਤੇ 9.00 ਵਜੇ
ਚੰਡੀਗੜ੍ਹ- ਦੁਪਹਿਰ 1.40 ਅਤੇ ਸ਼ਾਮ 5.50 ਵਜੇ
ਰੂਪਨਗਰ- ਸਵੇਰੇ 7.40 ਅਤੇ ਸ਼ਾਮ 4.35 ਵਜੇ
ਹੁਸ਼ਿਆਰਪੁਰ-ਸਵੇਰੇ 6.40 ਵਜੇ
ਕਪੂਰਥਲਾ-ਪੀਆਰਟੀਸੀ ਸਵੇਰੇ 10.45 ਵਜੇ
ਪਟਿਆਲਾ-ਪੀਆਰਟੀਸੀ ਦੁਪਹਿਰ 12.40 ਅਤੇ ਸ਼ਾਮ 4.00 ਵਜੇ
ਪਠਾਨਕੋਟ- ਦੁਪਹਿਰ 1.40 ਵਜੇ
ਅੰਮ੍ਰਿਤਸਰ-ਸਵੇਰੇ 9.00 ਵਜੇ, ਪੀਆਰਟੀਸੀ ਦੁਪਹਿਰ 12.00  ਅਤੇ 1.40 ਵਜੇ
ਹੈਲਪਲਾਈਨ ਨੰਬਰ-ਪਨਬੱਸ 91-8047107878
ਪੀ. ਆਰ. ਟੀ. ਸੀ ਰੂਟ 08047192131
ਆਨਲਾਈਨ ਬੁਕਿੰਗ – www.punbusonline.comwww.pepsuonline.com
ਕਿਰਾਇਆ-ਪਹਿਲਾਂ ਲਗਜ਼ਰੀ ਬੱਸਾਂ ਦਾ ਜਲੰਧਰ ਤੋਂ ਦਿੱਲੀ ਹਵਾਈਅੱਡੇ ਤੱਕ ਦਾ ਕਿਰਾਇਆ 3000 ਰੁਪਏ ਤੱਕ ਹੁੰਦਾ ਹੈ। ਹੁਣ ਕਰੀਬ 1800 ਰੁਪਏ ਤੱਕ ਦੀ ਬੱਚਤ ਹੋਵੇਗੀ।

Comment here