ਸਿਆਸਤਖਬਰਾਂਚਲੰਤ ਮਾਮਲੇ

ਪੰਜਾਬ ਚ ਐਨਡੀਏ ਦੀ ਹੀ ਸਰਕਾਰ ਬਣੇਗੀ : ਪੀਐੱਮ ਮੋਦੀ

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪ੍ਰਚਾਰ ਕਰਦੀਆਂ ਨਜ਼ਰ ਆ ਰਹੀਆਂ ਹਨ, ਉੱਥੇ ਹੀ ਭਾਜਪਾ ਗਠਜੋੜ ਦੀ ਰੈਲੀ ਇੱਥੇ ਪੀਏਪੀ ਗਰਾਊਂਡ ਵਿੱਚ ਕੀਤੀ ਗਈ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿਚ ਕੇਸਰੀ ਪੱਗ ਬੰਨ੍ਹ ਕੇ ਮੰਚ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਸਵਾਗਤ ਲਈ ਮੰਚ ’ਤੇ ਮੌਜੂਦ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ। ਉਨ੍ਹਾਂ ਨੂੰ ਸ੍ਰੀ ਦੇਵੀ ਤਲਾਬ ਮੰਦਰ ਪੀਠ ਦੀ ਚੁੰਨੀ, ਸ਼ਾਲ ਤੇ ਕਿਰਪਾਨ ਭੇਟ ਕੀਤੀ ਗਈ। ਪੀਐਮ ਮੋਦੀ ਦਾ ਸਮਾਗਮ ਬੋਲੇ ਸੋ ਨਿਹਾਲ, ਜੈ ਭੀਮ, ਜੈ ਬਜਰੰਗੀ ਮਹਾਰਾਜ ਤੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਪੀਰਾਂ ਫਕੀਰਾਂ, ਗੁਰੂਆਂ, ਸ਼ਹੀਦਾਂ ਤੇ ਜਰਨੈਲਾਂ ਦੀ ਧਰਤੀ ਉੱਤੇ ਆ ਕੇ ਮਾਣ ਅਤੇ ਫ਼ਕਰ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ‘ਨਵਾਂ ਪੰਜਾਬ’ ਦਾ ਨਾਅਰਾ ਦਿੰਦਿਆਂ ਕਿਹਾ ਕਿ ‘ਨਵਾਂ ਪੰਜਾਬ ਭਾਜਪਾ ਦੇ ਨਾਲ, ਨਵਾਂ ਪੰਜਾਬ ਨਵੀਂ ਟੀਮ ਨਾਲ’।  ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਫਤਿਹ ਬੁਲਾ ਕੇ ਕੀਤੀ ਅਤੇ ਉਨ੍ਹਾਂ ਕਿਹਾ ਕਿ ਮੈਂ ਜਲੰਧਰ ਦੇ ਦੇਵੀ ਤਾਲਾਬ ਮੰਦਿਰ ‘ਚ ਮਾਤਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦਾ ਸੀ ਪਰ ਇੱਥੋਂ ਦੀ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ। ਇਹ ਹੈ ਪੰਜਾਬ ਵਿੱਚ ਪ੍ਰਸ਼ਾਸਨ ਦੀ ਹਾਲਤ। ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਵੀਰ ਬਹਾਦਰ ਸ਼ਹੀਦਾਂ ਨੂੰ ਯਾਦ ਕਰਦਿਆਂ ਨਮਨ ਕੀਤਾ। ਉਨ੍ਹਾਂ ਰਵਿਦਾਸ ਜੈਅੰਤੀ ਮੌਕੇ ਕਾਂਸ਼ੀ ਵਿਚ ਗੁਰੂ ਰਵਿਦਾਸ ਜੀ ਦਾ ਅਦਭੁੱਤ ਯਾਦਗਾਰ ਬਣਾਉਣ ਦਾ ਵਾਧਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਮੈਂ ਭਾਜਪਾ ਦੇ ਇਕ ਮਾਮੂਲੀ ਵਰਕਰ ਸੀ ਉਦੋਂ ਪੰਜਾਬ ਨੇ ਮੈਨੂੰ ਉਸ ਵੇਲੇ ਪੰਜਾਬ ਨੇ ਰੋਟੀ ਦਿੱਤੀ। ਉਨ੍ਹਾਂ ਨੇ ਪੰਜਾਬ ਵਿੱਚ ਐਨ ਡੀ ਏ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ।ਉਹਨਾਂ ਕਿਹਾ ਕਿ ਨਵਾਂ ਭਾਰਤ ਬਣਾਉਣ ਦਾ ਸੁਪਨਾ ਤਾਂ ਹੀ ਸਾਕਾਰ ਹੋ ਸਕੇਗਾ ਜਦ ਨਵਾਂ ਪੰਜਾਬ ਬਣੇਗਾ। ਇਹ ਨਵਾਂ ਪੰਜਾਬ ਤਾਂ ਹੀ ਬਣੇਗਾ ਜਦੋਂ  ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਹੋਵੇਗਾ। ਪੰਜਾਬ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਹੋਣਗੇ। ਨਵਾਂ ਪੰਜਾਬ ਕਰਜ਼ਮੁਕਤ ਹੋਵੇਗਾ। ਮੈਨੂੰ ਉਮੀਦ ਹੈ ਪੰਜਾਬ ਨਾ ਮੌਕਾਵਾਦੀਆਂ ਤੇ ਨਾ ਬਟਵਾਰਾਵਾਦੀਆਂ ਨੂੰ ਮੌਕਾ ਦੇਵੇਗਾ। ਹੁਣ ਪੰਜਾਬ ਭਾਜਪਾ ਗਠਜੋਡ਼ ਨੂੰ ਮੌਕਾ ਦੇਵੇਗਾ ਤੇ ਨਵਾਂ ਤੇ ਖੁਸ਼ਹਾਲ ਪੰਜਾਬ ਸਿਰਜਿਆ ਜਾਵੇਗਾ।  ਇਸ ਰੈਲੀ ਵਿੱਚ ਮੰਚ ਉੱਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਦਿੱਲੀ ਤੋਂ ਐੱਮਪੀ ਹੰਸ ਰਾਜ ਹੰਸ, ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ, ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਸੇਵਾਮੁਕਤ ਡੀਜੀਪੀ ਐੱਸਐੱਸ ਵਿਰਕ ਅਤੇ ਸੇਵਾਮੁਕਤ ਡੀਜੀਪੀ ਪਰਮਦੀਪ ਸਿੰਘ ਗਿੱਲ ਅਤੇ ਹੋਰ ਬਿਰਾਜਮਾਨ ਹਨ। ਰੈਲੀ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਰੈਲੀ ਵਾਲੀ ਥਾਂ ਅਤੇ ਆਸਪਾਸ ਥਾਂ-ਥਾਂ ਪੁਲਿਸ ਤਾਇਨਾਤ ਹੈ। ਰੈਲੀ ‘ਚ ਮਸ਼ਹੂਰ ਸੂਫੀ ਗਾਇਕ ਅਤੇ ਸੰਸਦ ਮੈਂਬਰ ਹੰਸਰਾਜ ਹੰਸ ਨੇ ਆਪਣੇ ਖਾਸ ਅੰਦਾਜ਼ ‘ਚ ਗੀਤ ਗਾਉਂਦੇ ਹੋਏ ਆਪਣਾ ਭਾਸ਼ਣ ਦਿੱਤਾ। ਰੈਲੀ ਦੀ ਸਟੇਜ ‘ਤੇ ਭਾਜਪਾ ਉੱਤਰੀ ਦੇ ਉਮੀਦਵਾਰ ਕੇਡੀ ਭੰਡਾਰੀ, ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਰਬਜੀਤ ਸਿੰਘ ਮੱਕੜ, ਮਨੋਰੰਜਨ ਕਾਲੀਆ,ਸੁੰਦਰ ਮਹੇਸ਼ ਵੀ ਮੌਜੂਦ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਵਿੱਚ ਇੱਕ ਵਰਚੁਅਲ ਰੈਲੀ ਕੀਤੀ ਸੀ। ਰੈਲੀ ਵਾਲੀ ਥਾਂ ‘ਤੇ ਭਾਜਪਾ ਦੇ ਸੀਨੀਅਰ ਆਗੂ ਮੌਜੂਦ ਹਨ ਅਤੇ ਲੋਕਾਂ ਦਾ ਆਉਣਾ-ਜਾਣਾ ਜਾਰੀ ਹੈ। ਜਲੰਧਰ ਤੋਂ ਬਾਅਦ ਪ੍ਰਧਾਨ ਮੰਤਰੀ ਵਲੋਂ ਪੰਜਾਬ ਵਿੱਚ ਦੋ ਹੋਰ ਰੈਲੀਆਂ ਕੀਤੀਆਂ ਜਾਣਗੀਆਂ। ਇਹ 16 ਫਰਵਰੀ ਨੂੰ ਪਠਾਨਕੋਟ ਅਤੇ 17 ਫਰਵਰੀ ਨੂੰ ਅਬੋਹਰ ਵਿੱਚ ਹੋਵੇਗੀ।

Comment here