ਸਿਆਸਤਖਬਰਾਂਦੁਨੀਆ

ਪੀ ਡੀ ਐੱਮ ਨੇ ਮਹਿੰਗਾਈ ਲਈ ਇਮਰਾਨ ਸਰਕਾਰ ਨੂੰ ਦੱਸਿਆ ਜਿ਼ਮੇਵਾਰ, ਕੱਢੀ ਰੈਲੀ

ਪੇਸ਼ਾਵਰ-ਗ਼ਰੀਬੀ ਦੇ ਦੌਰ ‘ਚੋਂ ਲੰਘ ਰਹੇ ਪਾਕਿਸਤਾਨ ‘ਚ ਮਹਿੰਗਾਈ ਨੇ ਜਨਤਾ ਦਾ ਸੰਤਾਪ ਹੰਢਾਇਆ ਹੋਇਆ ਹੈ। ਇਮਰਾਨ ਖਾਨ ਸਰਕਾਰ ਖਿਲਾਫ ਲੋਕ ਸੜਕਾਂ ‘ਤੇ ਉਤਰ ਆਏ ਹਨ। ਮੁੱਖ ਵਿਰੋਧੀ ਪਾਰਟੀਆਂ ਦੇ ਗੱਠਜੋੜ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਨੇ ਵੀ ਸਰਕਾਰ ਨੂੰ ਘੇਰਨ ਲਈ ਵਧਦੀ ਮਹਿੰਗਾਈ ਦੇ ਖਿਲਾਫ ਪੰਜਾਬ ਸੂਬੇ ਦੇ ਡੇਰਾ ਗਾਜ਼ੀ ਖਾਨ ਵਿਖੇ ਇੱਕ ਰੋਸ ਰੈਲੀ ਕੀਤੀ।ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਪੀਡੀਐਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਅਤੇ ਹੋਰ ਵਿਰੋਧੀ ਆਗੂਆਂ ਨੇ ਰੋਸ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐੱਮਐੱਲ-ਐੱਨ ਦੇ ਸੀਨੀਅਰ ਆਗੂ ਰਾਣਾ ਸਨਾਉੱਲਾ ਨੇ ਕਿਹਾ ਕਿ ਇਮਰਾਨ ਸਰਕਾਰ ਹਰ ਫਰੰਟ ‘ਤੇ ਫੇਲ ਹੋ ਚੁੱਕੀ ਹੈ ਅਤੇ ਦੇਸ਼ ‘ਚ ਗਰੀਬ ਅਤੇ ਮੱਧ ਵਰਗ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਪਾਕਿਸਤਾਨ ‘ਚ ਆਉਣ ਵਾਲੇ ਦਿਨਾਂ ‘ਚ ਮਹਿੰਗਾਈ ਵਧਣ ਦੀ ਸੰਭਾਵਨਾ ‘ਤੇ ਜ਼ੋਰ ਦਿੰਦੇ ਹੋਏ ਰਾਣਾ ਸਨਾਉੱਲਾ ਨੇ ਕਿਹਾ ਹੈ ਕਿ ਸਰਕਾਰ ਨੇ ਦੇਸ਼ ‘ਚ ਗਰੀਬ ਅਤੇ ਮੱਧ ਵਰਗ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਰੈਲੀ ਤੋਂ ਪਹਿਲਾਂ, ਪੀਐਮਐਲ-ਐਨ ਦੀ ਬੁਲਾਰਾ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਇਹ “ਜ਼ਾਲਮ ਸਰਕਾਰ ਵਿਰੁੱਧ ਰਾਏਸ਼ੁਮਾਰੀ” ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਦੇ ਲੋਕ ਸਮਝ ਚੁੱਕੇ ਹਨ ਕਿ “ਇਮਰਾਨ ਸਾਹਬ ਤੋਂ ਛੁਟਕਾਰਾ ਪਾਉਣਾ ਹੀ ਮਹਿੰਗਾਈ ਤੋਂ ਛੁਟਕਾਰਾ ਪਾਉਣ ਦਾ ਇੱਕੋ ਇੱਕ ਰਸਤਾ ਹੈ”। ਵਿਰੋਧੀ ਗੱਠਜੋੜ ਨੇ ਪਾਕਿਸਤਾਨ ਵਿੱਚ ਹਾਲ ਹੀ ਵਿੱਚ ਕੀਮਤਾਂ ਵਿੱਚ ਵਾਧੇ ਦੇ ਖਿਲਾਫ ਪਿਛਲੇ ਹਫਤੇ ਆਪਣੀ ਵਿਰੋਧ ਮੁਹਿੰਮ ਦੀ ਸ਼ੁਰੂਆਤ ਕੀਤੀ, ਲਾਹੌਰ, ਕਰਾਚੀ, ਪੇਸ਼ਾਵਰ ਅਤੇ ਹੋਰਾਂ ਵਰਗੇ ਵੱਡੇ ਸ਼ਹਿਰਾਂ ਵਿੱਚ ਰੋਸ ਰੈਲੀਆਂ ਕੀਤੀਆਂ।

Comment here