ਸਾਹਿਤਕ ਸੱਥਬਾਲ ਵਰੇਸ

ਪਿਆਰ ਦੀ ਭਾਸ਼ਾ

ਜੰਗਲ ਨਾਲ ਲੱਗਦੇ ਪਿੰਡ ਵਿੱਚ ਇੱਕ ਲੱਕੜਹਾਰਾ ਰਹਿੰਦਾ ਸੀ। ਉਹ ਰੋਜ਼ ਸਵੇਰੇ ਜੰਗਲ ਵਿੱਚ ਚਲਿਆ ਜਾਂਦਾ। ਉੱਥੋਂ ਦਰੱਖ਼ਤਾਂ ਦੀਆਂ ਸੁੱਕੀਆਂ ਟਾਹਣੀਆਂ ਕੱਟਦਾ। ਜਦੋਂ ਉਸ ਦੇ ਗੁਜ਼ਾਰੇ ਜੋਗਾ ਗੱਠਾ ਬਣ ਜਾਂਦਾ ਤਾਂ ਉਹ ਗੱਠੇ ਨੂੰ ਸਿਰ ’ਤੇ ਚੁੱਕ ਕੇ ਘਰ ਲੈ ਆਉਂਦਾ। ਉਸ ਵਿੱਚੋਂ ਕੁਝ ਲੱਕੜਾਂ ਉਹ ਬਾਲਣ ਵਾਸਤੇ ਰੱਖ ਲੈਂਦਾ ਅਤੇ ਬਾਕੀ ਦੀਆਂ ਵੇਚ ਦਿੰਦਾ। ਇਸ ਤਰ੍ਹਾਂ ਉਸ ਦਾ ਗੁਜ਼ਾਰਾ ਹੁੰਦਾ।
ਜੰਗਲੀ ਜਾਨਵਰਾਂ ਅਤੇ ਪੰਛੀਆਂ ਨੂੰ ਲੱਕੜਹਾਰਾ ਬੜਾ ਪਿਆਰ ਕਰਦਾ। ਰੋਜ਼ ਉਹ ਰਾਤ ਦਾ ਬਚਿਆ ਇੱਕ-ਅੱਧ ਫੁਲਕਾ ਵੀ ਆਪਣੇ ਨਾਲ ਲੈ ਜਾਂਦਾ। ਉਹ ਫੁਲਕਾ ਕਦੀ ਕਿਸੇ ਜਾਨਵਰ ਅਤੇ ਕਦੀ ਛੋਟੇ-ਛੋਟੇ ਟੁਕੜੇ ਕਰਕੇ ਪੰਛੀਆਂ ਨੂੰ ਪਾ ਦਿੰਦਾ। ਇਸ ਕਰਕੇ ਜਾਨਵਰ ਅਤੇ ਪੰਛੀ ਵੀ ਉਸ ਨੂੰ ਬੜਾ ਪਿਆਰ ਕਰਦੇ ਸਨ।
ਇਸ ਦਿਨ ਲੱਕੜਹਾਰਾ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ। ਉਸ ਨੇ ਵੇਖਿਆ ਕਿ ਇੱਕ ਸ਼ਿਕਾਰੀ ਹੱਥ ਵਿੱਚ ਬੰਦੂਕ ਫੜ ਕੇ ਉਸ ਵੱਲ ਹੀ ਆ ਰਿਹਾ ਸੀ। ਸ਼ਿਕਾਰੀ ਨੇ ਆਉਂਦਿਆਂ ਹੀ ਬੜੀ ਟੌਹਰ ਨਾਲ ਆਪਣੀ ਮੁੱਛ ਨੂੰ ਵੱਟ ਦਿੰਦਿਆਂ ਲੱਕੜਹਾਰੇ ਨੂੰ ਕਿਹਾ,‘‘ਮੈਂ ਬੜੀ ਦੇਰ ਦਾ ਸ਼ਿਕਾਰ ਕਰਨ ਲਈ ਨਿਕਲਿਆ ਹੋਇਆਂ ਪਰ ਅਜੇ ਤਕ ਮੈਨੂੰ ਇੱਕ ਵੀ ਸ਼ੇਰ ਦਿਖਾਈ ਨਹੀਂ ਦਿੱਤਾ। ਜੇ ਤੂੰ ਕੋਈ ਸ਼ੇਰ ਏਧਰੋਂ ਲੰਘਦਾ ਵੇਖਿਆ ਹੋਵੇ ਜਾਂ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਵੇਖੇ ਹੋਣ ਤਾਂ ਮੈਨੂੰ ਦੱਸੀਂ।’’
‘‘ਇਹ ਕਿਹੜੀ ਵੱਡੀ ਗੱਲ ਹੈ, ਮੈਂ ਤੈਨੂੰ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਵੀ ਦਿਖਾਉਂਦਾ ਹਾਂ ਤੇ ਉਸ ਦੇ ਆਉਣ-ਜਾਣ ਦਾ ਰਸਤਾ ਵੀ ਦੱਸਦਾ ਹਾਂ। ਇਸ ਤੋਂ ਬਾਅਦ ਜੇ ਤੂੰ ਕਹੇਂ ਤਾਂ ਉਸ ਦੇ ਘੁਰਨੇ ਕੋਲ ਵੀ ਲੈ ਚੱਲਾਂਗਾ।’’ ਲੱਕੜਹਾਰੇ ਨੇ ਸ਼ਿਕਾਰੀ ਨੂੰ ਸਹਿਜ ਸੁਭਾਅ ਜਵਾਬ ਦਿੱਤਾ। ਲੱਕੜਹਾਰੇ ਦਾ ਜਵਾਬ ਸੁਣ ਕੇ ਸ਼ਿਕਾਰੀ ਦੇ ਪਸੀਨੇ ਛੁੱਟ ਗਏ। ਉਹ ਏਨਾ ਘਬਰਾ ਗਿਆ ਕਿ ਉਸ ਦੇ ਮੂੰਹੋਂ ਗੱਲ ਹੀ ਨਾ ਨਿਕਲੇ। ਉਸ ਨੇ ਤਾਂ ਲੱਕੜਹਾਰੇ ਉਪਰ ਝੂਠਾ ਰੋਅਬ ਜਮਾਉਣ ਲਈ ਗੱਪ ਮਾਰੀ ਸੀ ਪਰ ਗੱਲ ਉਸ ਨੂੰ ਉਲਟੀ ਪੈ ਗਈ। ਉਹ ਡਰਦਾ ਡਰਦਾ ਕਹਿਣ ਲੱਗਿਆ, ‘‘ਤੈਨੂੰ ਏਨੀ ਖੇਚਲ ਕਰਨ ਦੀ ਲੋੜ ਨਹੀਂ। ਮੈਂ ਤਾਂ ਸਿਰਫ਼ ਸ਼ੇਰ ਦੇ ਪੈਰਾਂ ਦੇ ਨਿਸ਼ਾਨਾਂ ਬਾਰੇ ਪੁੱਛਿਆ ਸੀ ਤਾਂ ਜੋ ਮੈਨੂੰ ਉਸ ਦੇ ਆਉਣ-ਜਾਣ ਦਾ ਰਸਤਾ ਪਤਾ ਲੱਗ ਜਾਏ।’’
‘‘ਜੰਗਲ ਦੇ ਸਾਰੇ ਪਸ਼ੂ-ਪੰਛੀ ਸਾਡੇ ਦੋਸਤ ਹਨ। ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਅਤੇ ਉਹ ਸਾਨੂੰ ਪਿਆਰ ਕਰਦੇ ਹਨ। ਉਹ ਪਿਆਰ ਦੀ ਭਾਸ਼ਾ ਸਮਝਦੇ ਹਨ। ਜੇ ਤੂੰ ਕਹੇਂ ਤਾਂ ਪਿਆਰ ਦੀ ਭਾਸ਼ਾ ਨਾਲ ਹੀ ਸ਼ੇਰ ਨੂੰ ਤੇਰੇ ਸਾਹਮਣੇ ਲਿਆ ਸਕਦਾ ਹਾਂ। ਤੁਸੀਂ ਲੋਕ ਲੁਕ ਕੇ ਸ਼ਿਕਾਰ ਕਰਦੇ ਹੋ, ਇਸ ਵਿੱਚ ਕੋਈ ਬਹਾਦਰੀ ਨਹੀਂ। ਬਹਾਦਰੀ ਇਸ ਵਿੱਚ ਹੈ ਕਿ ਤੁਸੀਂ ਜੰਗਲੀ ਜਾਨਵਰਾਂ ਦੇ ਸਾਹਮਣੇ ਆ ਕੇ ਮੁਕਾਬਲਾ ਕਰੋ।’’ ਲੱਕੜਹਾਰੇ ਨੇ ਆਪਣੇ ਦਿਲ ਦੀ ਗੱਲ ਸ਼ਿਕਾਰੀ ਨੂੰ ਆਖੀ।
‘‘ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਹਰ ਵਿਅਕਤੀ ਵਿੱਚ ਤੁਹਾਡੇ ਜਿੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਜਾਨਵਰਾਂ ਨਾਲ ਏਨਾ ਪਿਆਰ ਕਰ ਸਕੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜਦੋਂ ਮੈਂ ਤੁਹਾਡੇ ਜਿੰਨੀ ਹਿੰਮਤ ਇਕੱਠੀ ਕਰ ਲਈ ਤਾਂ ਜੰਗਲੀ ਜਾਨਵਰਾਂ ਨਾਲ ਪਿਆਰ ਦੀ ਭਾਸ਼ਾ ਹੀ ਵਰਤਾਂਗਾ ਅਤੇ ਸ਼ਿਕਾਰ ਕਰਨਾ ਛੱਡ ਦਿਆਂਗਾ।’’ ਇਹ ਕਹਿੰਦਾ ਹੋਇਆ ਸ਼ਿਕਾਰੀ ਜੰਗਲ ’ਚੋਂ ਬਾਹਰ ਵਾਲੇ ਰਸਤੇ ਵੱਲ ਤੁਰ ਪਿਆ।

-ਕੁਲਬੀਰ ਸਿੰਘ ਸੂਰੀ

Comment here