ਸਿਆਸਤਖਬਰਾਂਦੁਨੀਆ

ਪਾਕਿ ਵਲੋਂ ਵਧਾਏ ਹਵਾਈ ਕਿਰਾਏ ’ਤੇ ਭੜਕਿਆ ਤਾਲਿਬਾਨ, ਦਿੱਤੀ ਧਮਕੀ

ਕਾਬੁਲ-ਤਾਲਿਬਾਨ ਜਲਦੀ ਹੀ ਕਾਮ ਏਅਰਵੇਜ਼ ’ਤੇ ਪਾਕਿਸਤਾਨ ਵੱਲੋਂ ਲਗਾਈ ਪਾਬੰਦੀ ਦੇ ਜਵਾਬ ਵਿਚ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨ ਪੀ.ਆਈ.ਏ. ’ਤੇ ਪਾਬੰਦੀ ਦੀ ਘੋਸ਼ਣਾ ਕਰ ਸਕਦਾ ਹੈ। ਪਾਕਿਸਤਾਨ ਨੇ ਅਫਗਾਨਿਸਤਾਨ ਦੀ ਕਾਮ ਏਅਰਵੇਜ਼ ਦੀਆਂ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅਗਲੀ ਸੂਚਨਾ ਤੱਕ ਲਾਗੂ ਰਹੇਗੀ।
ਭਾਵੇਂਕਿ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਦੀ ਨਾਰਾਜ਼ਗੀ ਇਸ ਪਾਬੰਦੀ ਨਾਲੋਂ ਜ਼ਿਆਦਾ ਪੀ.ਆਈ.ਏ. ਵੱਲੋਂ ਵਧਾਏ ਕਿਰਾਏ ਕਾਰਨ ਹੈ ਜੋ 15 ਅਗਸਤ ਤੋਂ ਪਹਿਲਾਂ ਤੱਕ ਸਿਰਫ 200 ਤੋਂ 300 ਡਾਲਰ ਸੀ ਅਤੇ ਹੁਣ 2500 ਡਾਲਰ ਤੱਕ ਪਹੁੰਚ ਚੁੱਕਾ ਹੈ। ਸਾਫ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਆਉਂਦੇ ਹੀ ਪਾਕਿਸਤਾਨ ਨੇ ਆਪਣੇ ਹਵਾਈ ਕਿਰਾਏ ਵਿਚ ਹੈਰਾਨੀਜਨਕ ਵਾਧਾ ਕੀਤਾ ਹੈ। ਤਾਲਿਬਾਨ ਦੇ ਆਵਾਜਾਈ ਅਤੇ ਹਵਾਬਾਜ਼ੀ ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਬੁਲ-ਇਸਲਾਮਾਬਾਦ ਉਡਾਣਾਂ ਦਾ ਕਿਰਾਇਆ 15 ਅਗਸਤ ਤੋਂ ਪਹਿਲਾਂ ਜਿੰਨਾਂ ਨਾ ਕੀਤਾ ਗਿਆ ਤਾਂ ਉਹ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਅਤੇ ਅਫਗਾਨ ਨਿੱਜੀ ਏਅਰਲਾਈਨਜ਼ ਕਾਮ ਏਅਰ ਦੇ ਸੰਚਾਲਨ ਨੂੰ ਰੋਕ ਦੇਵੇਗਾ।
ਅਫਗਾਨਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ (ਏ.ਸੀ.ਏ.ਏ.) ਨੇ ਵੀ ਹਵਾਈ ਕਿਰਾਏ ਨੂੰ ਘੱਟ ਕਰਨ ਦੀ ਅਪੀਲ ਕੀਤੀ ਹੈ। ਕੀਮਤਾਂ ਘੱਟ ਨਾ ਕਰਨ ’ਤੇ ਉਡਾਣਾਂ ਰੋਕ ਦੇਣ ਦੀ ਧਮਕੀ ਦਿੱਤੀ ਗਈ ਹੈ। ਏ.ਸੀ.ਏ.ਏ. ਦਾ ਕਹਿਣਾ ਹੈ ਕਿ ਹਾਲੇ ਸਿਰਫ ਇਕ ਪਾਕਿਸਤਾਨੀ ਏਅਰਲਾਈਨ ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਉਡਾਣ ਦੀ ਇਜਾਜ਼ਤ ਮਿਲੀ ਹੋਈ ਹੈ।

Comment here