ਅਪਰਾਧਸਿਆਸਤਖਬਰਾਂਦੁਨੀਆ

ਪਾਕਿ ਫੌਜ ਮੁਖੀ ਬਾਜਵਾ ਦੀ ਸੇਵਾ ਕਾਲ ’ਚ ਵਾਧੇ ਦੇ ਵਿਰੋਧ ’ਚ ਨੌਜਵਾਨ ਨੂੰ ਜੇਲ੍ਹ

ਇਸਲਾਮਾਬਾਦ-ਇਥੋਂ ਦੀ ਅਦਾਲਤ ਨੇ ਹਸਨ ਅਸਕਰੀ ਨਾਂ ਦੇ ਇਸ ਨੌਜਵਾਨ ਨੂੰ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਹਸਨ ਅਸਕਰੀ ਪਾਕਿਸਤਾਨੀ ਫੌਜ ਦੇ ਹੀ ਸਾਬਕਾ ਮੇਜਰ ਜਨਰਲ ਦਾ ਪੁੱਤ ਹੈ। ਉਸ ਦਾ ਕਸੂਰ ਸਿਰਫ਼ ਇਹੀ ਸੀ ਕਿ ਉਸ ਨੇ ਮੌਜੂਦਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਸੇਵਾ ’ਚ ਵਾਧਾ ਦੇਣ ਦਾ ਵਿਰੋਧ ਕਰ ਰਹੇ ਕੁਝ ਲੋਕਾਂ ਨੂੰ ਚਿੱਠੀ ਲਿਖ ਕੇ ਇਸ ਦਾ ਵਿਰੋਧ ਜਤਾਇਆ ਸੀ। ਬਾਜਵਾ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 2019 ’ਚ ਤਿੰਨ ਸਾਲ ਦਾ ਵਾਧਾ ਦਿੱਤਾ ਸੀ। ਕੁਝ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਹਸਨ ਨੇ ਵੀ ਇਕ ਚਿੱਠੀ ’ਚ ਜਨਰਲ ਬਾਜਵਾ ਨੂੰ ਐਕਸਟੈਂਸ਼ਨ ਦੇਣ ਦੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਗ਼ਲਤ ਕਰਾਰ ਦਿੰਦਿਆਂ ਉਨ੍ਹਾਂ ਤੋਂ ਤੁਰੰਤ ਅਹੁਦਾ ਛੱਡਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਫੌਜ ਨੂੰ ਗਲਤ ਸੰਦੇਸ਼ ਜਾਵੇਗਾ ਅਤੇ ਗ਼ਲਤ ਰਵਾਇਤ ਕਾਇਮ ਹੋਵੇਗੀ। ਹਸਨ ਦੇ ਪਿਤਾ ਜ਼ਫਰ ਮਹਿਦੀ ਅਸਕਰੀ ਖ਼ੁਦ ਪਾਕਿਸਤਾਨੀ ਫੌਜ ’ਚ ਦੋ ਸਟਾਰ ਜਨਰਲ ਰਹਿ ਚੁੱਕੇ ਹਨ। ਦੋਸ਼ ਹੈ ਕਿ ਉਨ੍ਹਾਂ ਦੀ ਮਦਦ ਨਾਲ ਹੀ ਹਸਨ ਨੇ ਫੌਜ ਦੇ ਕੁਝ ਸਰਵਿੰਗ ਅਫ਼ਸਰਾਂ ਨੂੰ ਇਸ ਚਿੱਠੀ ਦੀ ਕਾਪੀ ਭੇਜੀ ਸੀ। ਉਨ੍ਹਾਂ ’ਤੇ ਵੀ ਹਾਈਕਮਾਂਡ ਦੇ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਦੋਸ਼ ਲਾਏ ਗਏ ਸਨ।
ਹਸਨ ਪੇਸ਼ੇ ਤੋਂ ਕੰਪਿਊਟਰ ਇੰਜੀਨੀਅਰ ਹੈ ਅਤੇ ਉਸ ਨੂੰ ਦੇਸ਼ ਦੇ ਉੱਘੇ ਇੰਜੀਨੀਅਰਾਂ ’ਚੋਂ ਇਕ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਸ ਨੇ ਪਿਛਲੇ ਸਾਲ ਸਤੰਬਰ ’ਚ ਕੁਝ ਫੌਜੀ ਅਧਿਕਾਰੀਆਂ ਅਤੇ ਹੋਰ ਲੋਕਾਂ ਨੂੰ ਚਿੱਠੀਆਂ ਲਿਖੀਆਂ ਸਨ। ਇਸ ’ਚ ਕਿਹਾ ਗਿਆ ਸੀ ਕਿ ਜਨਰਲ ਬਾਜਵਾ ਨੂੰ ਇਕੱਠੇ ਤਿੰਨ ਸਾਲ ਦਾ ਸੇਵਾ ਵਾਧਾ ਹਰ ਪੱਖੋਂ ਗ਼ਲਤ ਹੈ ਅਤੇ ਇਸ ਨਾਲ ਦੂਜੇ ਅਫ਼ਸਰਾਂ ਦਾ ਮਨੋਬਲ ਟੁੱਟਦਾ ਹੈ। ਹਸਨ ਦੀ ਇਹ ਚਿੱਠੀ ਕੁਝ ਲੋਕਾਂ ਨੇ ਆਰਮੀ ਇੰਟੈਲੀਜੈਂਸ ਨੂੰ ਦਿੱਤੀ ਸੀ। ਬਾਅਦ ’ਚ ਜਾਂਚ ਸ਼ੁਰੂ ਹੋਈ। ਲੰਬੀ ਜਾਂਚ ਤੋਂ ਬਾਅਦ ਹਸਨ ਨੂੰ ਆਰਮੀ ਚੀਫ ਦੇ ਖ਼ਿਲਾਫ ਪ੍ਰਾਪੇਗੰਡਾ ਦਾ ਦੋਸ਼ੀ ਪਾਇਆ ਗਿਆ ਅਤੇ ਹੁਣ ਉਸ ਨੂੰ ਇਸੇ ਮਾਮਲੇ ’ਚ ਸਜ਼ਾ ਸੁਣਾਈ ਗਈ ਹੈ।

Comment here