ਸਿਆਸਤਖਬਰਾਂਦੁਨੀਆ

ਪਾਕਿ ’ਚ ਮਹਿਲਾ ਪ੍ਰਿੰਸੀਪਲ ਹਜ਼ਰਤ ਮੁਹੰਮਦ ਨੂੰ ਪੈਗੰਬਰ ਮੰਨਣ ਤੋਂ ਇਨਕਾਰੀ, ਮਿਲੀ ਫਾਂਸੀ

ਲਾਹੌਰ-ਪਾਕਿਸਤਾਨ ਦੀ ਇਕ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਈਸ਼ ਨਿੰਦਾ ਲਈ ਨਿਸ਼ਤਾਰ ਕਾਲੋਨੀ ’ਚ ਇਕ ਨਿੱਜੀ ਸਕੂਲ ਦੀ ਮਹਿਲਾ ਪ੍ਰਿੰਸੀਪਲ ਸਲਮਾ ਤਨਵੀਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਅਦਾਲਤ ਨੇ ਪ੍ਰਿੰਸੀਪਲ ਨੂੰ 5000 ਪਾਕਿਸਤਾਨੀ ਰੁਪਏ ਜੁਰਮਾਨਾ ਵੀ ਕੀਤਾ ਹੈ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੰਸੂਰ ਅਹਿਮਦ ਨੇ ਆਪਣੇ ਫ਼ੈਸਲੇ ’ਚ ਕਿਹਾ ਹੈ ਕਿ ਤਨਵੀਰ ਨੇ ਹਜ਼ਰਤ ਮੁਹੰਮਦ ਨੂੰ ਇਸਲਾਮ ਦਾ ਅੰਤਿਮ ਪੈਗੰਬਰ ਮੰਨਣ ਤੋਂ ਇਨਕਾਰ ਕਰ ਕੇ ਈਸ਼ ਨਿੰਦਾ ਕੀਤੀ ਹੈ। ਲਾਹੌਰ ਪੁਲਿਸ ਨੇ 2013 ’ਚ ਇਕ ਸਥਾਨਕ ਮੌਲਵੀ ਦੀ ਸ਼ਿਕਾਇਤ ’ਤੇ ਤਨਵੀਰ ਖ਼ਿਲਾਫ਼ ਈਸ਼ ਨਿੰਦਾ ਦਾ ਮਾਮਲਾ ਦਰਜ ਕੀਤਾ ਸੀ। ਮਹਿਲਾ ਪ੍ਰਿੰਸੀਪਲ ’ਤੇ ਹਜ਼ਰਤ ਮੁਹੰਮਦ ਨੂੰ ਅੰਤਿਮ ਮੰਨਣ ਤੋਂ ਇਨਕਾਰ ਕਰਨ ਤੇ ਖ਼ੁਦ ਨੂੰ ਇਸਲਾਮ ਦਾ ਪੈਗੰਬਰ ਹੋਣ ਦਾ ਦਾਅਵਾ ਕਰਨ ਦਾ ਦੋਸ਼ ਸੀ।
ਤਨਵੀਰ ਦੇ ਵਕੀਲ ਮੁਹੰਮਦ ਰਮਜਾਨ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀ ਮੁਵੱਕਿਲ ਦਿਮਾਗ਼ੀ ਤੌਰ ’ਤੇ ਠੀਕ ਨਹੀਂ ਹੈ ਤੇ ਅਦਾਲਤ ਨੂੰ ਇਸ ਤੱਥ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। ਹਾਲਾਂਕਿ ਅਦਾਲਤ ਨੂੰ ਸੌਂਪੀ ਗਈ ਪੰਜਾਬ ਮਾਨਸਿਕ ਸਿਹਤ ਸੰਸਥਾਨ ਦੇ ਮੈਡੀਕਲ ਬੋਰਡ ਦੀ ਇਕ ਰਿਪੋਰਟ ’ਚ ਕਿਹਾ ਗਿਆ ਕਿ ਸ਼ੱਕੀ ਖ਼ਿਲਾਫ਼ ਸੁਣਵਾਈ ਚੱਲ ਸਕਦੀ ਹੈ ਕਿਉਂਕਿ ਉਹ ਮਾਨਸਿਕ ਤੌਰ ’ਤੇ ਠੀਕ ਹੈ।
ਪਾਕਿਸਤਾਨ ਦਾ ਵਿਵਾਦਤ ਈਸ਼ ਨਿੰਦਾ ਕਾਨੂੰਨ ਤੇ ਇਸ ’ਚ ਨਿਰਧਾਰਤ ਸਜ਼ਾ ਕਾਫ਼ੀ ਸਖ਼ਤ ਮੰਨੀ ਜਾਂਦੀ ਹੈ। 1987 ਤੋਂ ਪਾਕਿਸਤਾਨ ’ਚ ਈਸ਼ ਨਿੰਦਾ ਕਾਨੂੰਨ ਤਹਿਤ 1472 ਲੋਕ ਦੋਸ਼ੀ ਠਹਿਰਾਏ ਜਾ ਚੁੱਕੇ ਹਨ। ਈਸ਼ ਨਿੰਦਾ ਦੇ ਦੋਸ਼ੀ ਵਿਅਕਤੀ ਆਮ ਤੌਰ ’ਤੇ ਆਪਣੀ ਪਸੰਦ ਦੇ ਵਕੀਲ ਰੱਖਣ ਦੇ ਅਧਿਕਾਰ ਤੋਂ ਵਾਂਝੇ ਰਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਤੋਂ ਵਕੀਲ ਦੂਰ ਰਹਿਣਾ ਪਸੰਦ ਕਰਦੇ ਹਨ।

Comment here