ਸਿਆਸਤਖਬਰਾਂ

ਨਿਤੀਸ਼ ਕੁਮਾਰ ਵੀ ਬੀਜੇਪੀ ਖੇਮਾ ਛੱਡਣਗੇ?

ਸਿਆਸੀ ਫਿਜ਼ਾ ਕੁਝ ਬਦਲੀ ਬਦਲੀ ਦਿਸਣ ਲੱਗੀ ਹੈ

ਦੇਵੀ ਲਾਲ ਦੇ ਜਨਮ ਦਿਨ ਮੌਕੇ ਰੈਲੀ ਚ ਦਿਸੇਗਾ ਅਗਲਾ ਸਿਆਸੀ ਜੋੜਮੇਲ

ਨਵੀਂ ਦਿੱਲੀ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਆਪਣੀ ਸਹਿਯੋਗੀ ਭਾਜਪਾ ਨਾਲ ਪੇਗਾਸਸ ਜਾਸੂਸੀ, ਆਬਾਦੀ ਕੰਟਰੋਲ ਕਾਨੂੰਨ ਤੇ ਜਾਤੀ ਜਨਗਣਨਾ ਵਰਗੇ ਮੁੱਦਿਆਂ ‘ਤੇ ਵੱਖਰੀ ਰਾਇ ਨਸ਼ਰ ਹੋਈ ਹੈ, ਵੈਸੇ ਵੀ ਭਾਜਪਾ ਨਾਲ ਅੱਜ ਕਲ ਉਹਨਾਂ ਦੀ ਸੁਰ ਤਾਲ ਵਿਗੜੀ ਹੋਈ ਹੈ। ਇਸ ਦੌਰਾਨ ਚਰਚਾ ਹੋ ਰਹੀ ਹੈ ਕਿ ਨਿਤੀਸ਼ ਕੁਮਾਰ ਨਵੇਂ ਸਿਆਸੀ ਜੋਟੀਦਾਰਾਂ ਵੱਲ ਦੋਸਤੀ ਦਾ ਹੱਥ ਵਧਾ ਰਹੇ ਹਨ। ਦੋ ਦਿਨ ਪਹਿਲਾਂ ਜੇਡੀਯੂ ਦੀ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਲਈ ਢੁਕਵਾਂ ਕਰਾਰ ਦਿੱਤਾ ਗਿਆ ਸੀ। ਇਸ ਨਾਲ ਚਰਚਾ ਹੋਣ ਲੱਗੀ ਕਿ ਕੀ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਇੱਕ ਹੋਰ ਰਾਜਨੀਤਕ ਫਰੰਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ? ਇਹ ਸਵਾਲ ਸਤੰਬਰ ਵਿੱਚ ਹੋਣ ਵਾਲੀ ਸੰਭਾਵੀ ਰਾਜਨੀਤਕ ਰੈਲੀ ਤੋਂ ਪੈਦਾ ਹੋ ਰਿਹਾ ਹੈ। ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੰਸਥਾਪਕ ਚੌਧਰੀ ਦੇਵੀ ਲਾਲ ਦੀ 107ਵੀਂ ਜਯੰਤੀ ਮੌਕੇ ਇੱਕ ਰੈਲੀ ਦੀ ਯੋਜਨਾ ਬਣਾਈ ਜਾ ਰਹੀ ਹੈ। ਚੌਧਰੀ ਦੇਵੀ ਲਾਲ ਦਾ ਜਨਮ ਦਿਹਾੜਾ 25 ਸਤੰਬਰ ਨੂੰ ਮਨਾਇਆ ਜਾਂਦਾ ਹੈ। ਸੂਤਰਾਂ ਅਨੁਸਾਰ ਉਸ ਦਿਨ ਹਰਿਆਣਾ ਦੇ ਜੀਂਦ ਸ਼ਹਿਰ ਵਿੱਚ ਇੱਕ ਰੈਲੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਸਭ ਤੋਂ ਵੱਡੀ ਉਤਸੁਕਤਾ ਇਹ ਹੈ ਕਿ ਇਸ ਰੈਲੀ ਵਿੱਚ ਕਿਹੜੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਜਿਨ੍ਹਾਂ ਆਗੂਆਂ ਨੇ ਹੁਣ ਤੱਕ ਇਸ ਰੈਲੀ ਵਿੱਚ ਆਉਣ ਦੀ ਸਹਿਮਤੀ ਦਿੱਤੀ ਹੈ ਉਨ੍ਹਾਂ ਵਿੱਚ ਚੌਧਰੀ ਦੇਵੀ ਲਾਲ ਦੇ ਪੁੱਤਰ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੋਂ ਇਲਾਵਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਟੀਡੀਪੀ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਸ਼ਾਮਲ ਹਨ। ਪਿਛਲੇ ਮਹੀਨੇ ਦਿੱਲੀ ਵਿੱਚ ਹੋਈ ਜੇਡੀਯੂ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਨਿਤੀਸ਼ ਕੁਮਾਰ ਨੇ ਪਾਰਟੀ ਦੇ ਪ੍ਰਮੁੱਖ ਜਨਰਲ ਸਕੱਤਰ ਕੇਸੀ ਤਿਆਗੀ ਦੇ ਨਾਲ ਓਮ ਪ੍ਰਕਾਸ਼ ਚੌਟਾਲਾ ਨਾਲ ਮੁਲਾਕਾਤ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਜਿਨ੍ਹਾਂ ਲੀਡਰਾਂ ਵਿੱਚ ਹੁਣ ਤੱਕ ਰੈਲੀ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਵਿੱਚ ਸੁਖਬੀਰ ਬਾਦਲ ਨੂੰ ਛੱਡ ਕੇ, ਬਾਕੀ ਸਾਰੀਆਂ ਪਾਰਟੀਆਂ ਦੇ ਨੇਤਾ ਹਨ ਜੋ ਜਨਤਾ ਦਲ ਤੋਂ ਬਾਹਰ ਆਏ ਹਨ। ਰੈਲੀ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤੇ ਜੇਕਰ ਰੈਲੀ ਆਯੋਜਿਤ ਕੀਤੀ ਜਾਂਦੀ ਹੈ ਤਾਂ ਇਹ ਰਾਜਨੀਤਿਕ ਕਿਆਸਅਰਾਈਆਂ ਦਾ ਬਾਜ਼ਾਰ ਗਰਮ ਹੋਣਾ ਨਿਸ਼ਚਤ ਹੈ। ਬਿਹਾਰ ਵਿੱਚ, ਬੀਜੇਪੀ ਅਤੇ ਜੇਡੀਯੂ  ਵਿੱਚ, ਜੋ ਬਿਹਾਰ ਵਿੱਚ ਐਨਡੀਏ ਦੇ ਅੰਦਰ ਕਸ਼ਮਕਸ਼ ਚੱਲ ਰਹੀ ਹੈ, ਇਸ ਰੈਲੀ ਮਗਰੋੰ ਉਸ ਬਾਰੇ ਹੋਰ ਵੀ ਕਾਫੀ ਕੁਝ ਸਪੱਸ਼ਟ ਹੋਵੇਗਾ।

Comment here