ਸਿਆਸਤਖਬਰਾਂ

ਨਵੇਂ ਮੰਤਰੀ ਮੰਡਲ ਨੇ ਚੁੱਕੀ ਸਹੁੰ, ਪੁਰਾਣਿਆਂ ਚ ਕੁਝ ਨਰਾਜ਼ਗੀ

ਚੰਨੀ ਦੀ ਸਾਦਗੀ ਤੇ ਕੈਪਟਨ ਦੇ ਗੀਤ ਦੇ ਚਰਚੇ

ਵਿਸ਼ੇਸ਼ ਰਿਪੋਰਟ-ਜਸਪਾਲ

ਅੱਜ ਰਾਜ ਭਵਨ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਨੂੰ ਸਹੁੰ ਚੁਕਾਈ। 15 ਵਿਧਾਇਕਾਂ ਨੇ ਸਹੁੰ ਚੁੱਕੀ। ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,  ਅਰੁਣਾ ਚੌਧਰੀ, ਸੁਖਬਿੰਦਰ ਸਿੰਘ ਸਰਕਾਰੀਆ, ਰਾਣਾ ਗੁਰਜੀਤ ਸਿੰਘ, ਰਜ਼ੀਆ ਸੁਲਤਾਨਾ, ਵਿਜੈਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ, ਕਾਕਾ ਰਣਦੀਪ ਸਿੰਘ ਨਾਭਾ,ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜ਼ੀਆਂ, ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਕੀਰਤ ਸਿੰਘ ਕੋਟਲੀ ਨੇ ਸਹੁੰ ਚੁੱਕੀ।

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਚੰਨੀ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਿਹਾ ਕਿ ਜਿਨ੍ਹਾਂ ਨੂੰ ਵਜੀਰੀਆਂ ਨਹੀਂ ਮਿਲਿਆਂ, ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਪਾਰਟੀ ‘ਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਅਮਲ ਜਵਾਨ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਾ ਹੈ, ਜਿਸ ਨਾਲ ਸਮਾਜਿਕ ਤੇ ਖੇਤਰੀ ਸੰਤੁਲਨ ਬਣੇ। ਕੈਬਨਿਟ ਵਿਚ ਨਾਮ ਆਉਣ ਤੋਂ ਬਾਅਦ ਕੁਲਜੀਤ ਨਾਗਰਾ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਸੀ,  ਨਾਗਰਾ ਨੇ ਕਹਿ ਦਿਤਾ ਕਿ ਉਹ ਇਹ ਅਹੁਦਾ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਮੈ ਕੈਬਨਿਟ ਦਾ ਹਿੱਸਾ ਨਹੀਂ ਬਣ ਸਕਦਾ। ਕਿਉਂਕਿ ਮੈਂ ਖੇਤੀ ਕਾਨੂੰਨਾਂ ਖਿਲਾਫ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਸੀ। ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦੀ ਚਰਚਾ ਪਿੱਛੋਂ ਪਾਰਟੀ ਚ ਕਲੇਸ਼ ਹੋਇਆ, ਦੁਆਬੇ ਦੇ ਸੱਤ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਨੂੰ ਚਿੱਠੀ ਲਿਖ ਕੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਦਾ ਵਿਰੋਧ ਕੀਤਾ, ਇਹਨਾਂ ਚ ਨਵਤੇਜ ਚੀਮਾ, ਬਲਵਿੰਦਰ ਸਿੰਘ ਧਾਲੀਵਾਲ, ਬਾਵਾ ਹੈਨਰੀ, ਡਾ. ਰਾਜ ਕੁਮਾਰ ਵੇਰਕਾ, ਪਵਨ ਆਦੀਆ ਤੇ ਸੁਖਪਾਲ ਖਹਿਰਾ ਸ਼ਾਮਲ ਹਨ, ਪਰ ਵਿਰੋਧ ਨੂੰ ਦਰਕਿਨਾਰ ਕਰਦਿਆਂ ਰਾਣਾ ਗੁਰਜੀਤ ਮੰਤਰੀ ਬਣਾ ਦਿਤੇ ਗਏ।

ਕੈਬਨਿਟ ਵਿਚੋਂ ਬਾਹਰ ਕੀਤੇ ਗਏ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਾਈਕਮਾਨ ਦੇ ਫ਼ੈਸਲੇ ’ਤੇ ਸਵਾਲ ਚੁੱਕੇ , ਕਿਹਾ ਕਿ ਪਾਰਟੀ ਨੇ ਸਾਨੂੰ ਜਲੀਲ ਕਰਕੇ ਕੱਢਿਆ । ਸਿੱਧੂ ਨੇ ਕਿਹਾ ਕਿ ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ ਹੈ ਪਰ ਉਨ੍ਹਾਂ ਦਾ ਕਸੂਰ ਜ਼ਰੂਰ ਦੱਸਿਆ ਜਾਵੇ। ਪਰੈਸ ਕਾਨਫਰੰਸ ਦੌਰਾਨ ਬਲਬੀਰ ਸਿਧੂ ਆਪਣੇ ਹੰਝੂ ਨੂੰ ਲੁਕਾ ਸਕੇ, ਉਹਨਾਂ ਆਪਣੀਆਂ ਬਤੌਰ ਸਿਹਤ ਮੰਤਰੀ ਉਲਬਧੀਆਂ ਵੀ ਗਿਣਾਈਆਂ। ਸਿੱਧੂ ਨੇ ਕਿਹਾ ਕਿ ਕੋਰਨਾ ਕਾਲ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੇਰੀ ਪ੍ਰਸ਼ੰਸਾ ਕੀਤੀ ਸੀ। ਰਾਹੁਲ ਗਾਂਧੀ ਰੈਲੀ ਲਈ ਮੈਨੂੰ ਇੰਚਾਰਜ ਲਗਾਇਆ ਗਿਆ, ਜਿਥੇ ਮੈਂ ਡੱਟ ਕੇ ਕੰਮ ਕੀਤਾ ,ਉਥੇ ਹੀ ਮੈਨੂੰ ਕੋਰੋਨਾ ਹੋਇਆ, ਅਤੇ ਮੇਰੀ ਮਾਂ ਅਤੇ ਪੂਰਾ ਪਰਿਵਾਰ ਪਾਜ਼ੇਟਿਵ ਆ ਗਿਆ ਪਰ ਸਾਡੇ ਪਰਿਵਾਰ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਪੂਰਾ ਕੰਮ ਕੀਤਾ।ਸਿੱਧੂ ਨੇ ਕਿਹਾ ਕਿ ਨਵੇਂ ਮੰਤਰੀਆਂ ਨੂੰ ਉਹ ਵਧਾਈ ਦਿੰਦੇ ਹਨ, ਪਰ ਅਸੀਂ ਤੀਹ ਸਾਲ ਪਾਰਟੀ ਲਈ ਲਾਏ, ਹੁਣ ਸਾਨੂੰ ਇਸ ਤਰ੍ਹਾਂ ਜਲੀਲ ਕੀਤਾ ਗਿਆ, ਉਸ ਬਾਰੇ ਸਾਨੂੰ ਦਸਿਆ ਜਾਵੇ। ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਹਾਈਕਮਾਂਡ ਨਾਲ ਰੋਸ ਜਤਾਇਆ ਹੈ

ਓਧਰ ਨਵੇਂ ਮੁਖ ਮੰਤਰੀ ਪੂਰੇ ਐਕਸ਼ਨ ਮੋਡ ਚ ਹਨ। ਅਜ ਸਵੇਰੇ ਮੁਖ ਮੰਤਰੀ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ  ਬਠਿੰਡਾ ਜ਼ਿਲ੍ਹੇ ਚ ਗੁਲਾਬੀ ਸੁੰਡੀ ਕਾਰਨ ਪ੍ਰਭਾਵਿਤ ਹੋਏ ਨਰਮੇ ਦਾ ਜਾਇਜ਼ਾ ਲੈਣ ਪੁਜੇ। ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ, ਨੁਕਸਾਨ ਦੀ ਭਰਪਾਈ ਦਾ ਭਰੋਸਾ ਦਿਵਾਇਆ।ਮੁਫਤ ਸਪਰੇਆਂ ਦੇਣ ਦਾ ਐਲਾਨ ਕੀਤਾ। ਚੰਨੀ ਦੀ ਸਾਦਗੀ ਦੇ ਅਜ ਵੀ ਚਰਚੇ ਹੋ ਰਹੇ ਨੇ। ਉਹਨਾਂ ਰਸਤੇ ਚ ਇਕ ਵਿਆਹੇ ਜੋੜੇ ਨੂੰ ਸ਼ਗਨ ਦੇ ਕੇ ਅਸ਼ੀਰਵਾਦ ਦਿਤਾ। ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਪਿੰਡ ਮੰਡੀ ਕਲਾਂ ਦੇ ਕਿਰਤੀ ਸੁਖਪਾਲ ਸਿੰਘ ਦੇ ਪਰਿਵਾਰ ਨੂੰ ਮਿਲੇ, ਭਰਾ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਸੌਂਪਿਆ। ਪਰਿਵਾਰ ਨਾਲ ਰੋਟੀ ਖਾਧੀ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਉਹਨਾਂ ਦੇ ਨਾਲ ਸਨ।

ਜਿਥੇ ਚੰਨੀ ਦੀ ਸਾਦਗੀ ਦੇ ਮੀਡੀਆ, ਸੋਸ਼ਲ ਮੀਡੀਆ ਤੇ ਆਮ ਲੋਕਾਂ ਚ ਚਰਚੇ ਹੋ ਰਹੇ ਨੇ। ਓਥੇ ਮਾਹਾਰਾਜੇ ਦੇ ਅਵਲੇ ਸ਼ੌਕ ਵੀ ਚਰਚਾ ਚ ਨੇ। ਮੋਹਿੰਦਰ ਬਾਗ ਫ਼ਾਰਮ ਹਾਊਸ ਵਿਚ  ਸਾਬਕਾ ਫੌਜੀ ਅਫ਼ਸਰਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਰਾਤ ਖਾਣੇ ਦਾ ਆਨੰਦ ਲਿਆ, ਤੇ ‘ਗੋਰੇ-ਗੋਰੇ ਬਾਂਕੇ ਛੋਰੇ’ ਗੀਤ ਗਾਇਆ। ਕੈਪਟਨ ਨੇ ਆਸਾ ਸਿੰਘ ਮਸਤਾਨਾ ਦੇ ਗੀਤ ਵੀ ਗਾਏ।

 

Comment here