ਸਿਆਸਤਖਬਰਾਂਦੁਨੀਆ

ਦੁਨੀਆ ਤਾਲਿਬਾਨ ਵਰਗੇ ਖਤਰਿਆਂ ਨਾਲ ਸਿੱਝਣ ਦਾ ਹੱਲ ਲੱਭੇ-ਭਾਗਵਤ

ਨਵੀਂ ਦਿੱਲੀ- ਅਫਗਾਨ ਦੀ ਨਵੀਂ ਤਾਲਿਬਾਨ ਸਰਕਾਰ ਦੀਆਂ ਨੀਤੀਆਂ ਤੇ ਤੌਰ ਤਰੀਕਿਆਂ ਨੂੰ ਲੈ ਕੇ ਹਰ ਸਿਆਸੀ ਖੇਮੇ ਚ ਚਰਚਾ ਹੈ। ਭਾਰਤ ਦੀ ਸਿਆਸਤ ਚ ਵੀ ਇਸ ਦੇ ਹੋਣ ਵਾਲੇ ਪ੍ਰਭਾਵ ਤੇ ਚਰਚਾ ਹੁੰਦੀ ਰਹਿੰਦੀ ਹੈ। ਆਰ. ਐੱਸ. ਐੱਸ. ਦੇ ਸਰਸੰਘਚਾਲਕ ਮੋਹਨ ਭਾਗਵਤ ਨੇ ਕਿਹਾ ਹੈ ਕਿ ਦੁਨੀਆ ਨੂੰ ਤਾਲਿਬਾਨ ਵਰਗੇ ਖਤਰਿਆਂ ਨਾਲ ਨਜਿੱਠਣ ਦਾ ਕੋਈ ਹੱਲ ਲੱਭਣਾ ਹੋਵੇਗਾ। ਭਾਗਵਤ ਨੇ ਆਰ. ਐੱਸ. ਐੱਸ.ਦੇ  ਝਾਰਖੰਡ ਸੂਬੇ ਦੇ ਤਿੰਨ ਦਿਨਾ ਵਰਕਰਜ਼ ਸੰਮੇਲਨ ’ਚ ਬੋਲਦਿਆਂ ਕਿਹਾ ਕਿ ਦੁਨੀਆ ’ਚੋਂ ਅੱਤਵਾਦੀਆਂ ਦੇ ਖ਼ਤਰੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਉਸ ਨਾਲ ਜੂਝਣ ਦਾ ਜਜ਼ਬਾ ਸਾਨੂੰ ਖੁਦ ਅੰਦਰ ਵਿਕਸਿਤ ਕਰਨਾ ਹੋਵੇਗਾ। ਉਨ੍ਹਾਂ ਇਕ ਕਹਾਣੀ ਰਾਹੀਂ ਸਮਾਜ ਨੂੰ ਤਾਲਿਬਾਨ ਵਰਗੇ ਕੰਡਿਆਂ ਨਾਲ ਜੂਝਣ ਦੀ ਸਮਰੱਥਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਲਈ ਆਰ. ਐੱਸ. ਐੱਸ. ’ਚ ਦਾਖ਼ਲੇ ਦੀ ਮਨਾਹੀ ਨਹੀਂ ਹੈ। ਔਰਤਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਸੰਘ ਦੇ ਕੰਮਾਂ ਨਾਲ ਜੁੜਨਾ ਚਾਹੀਦਾ ਹੈ। ਇਸ ਮੰਤਵ ਲਈ ਰਾਸ਼ਟਰ ਸੇਵਿਕਾ ਕਮੇਟੀ ਦਾ ਗਠਨ ਕੀਤਾ ਗਿਆ ਹੈ। ਆਬਾਦੀ ’ਤੇ ਕੰਟਰੋਲ ਬਾਰੇ ਭਾਗਵਤ ਨੇ ਕਿਹਾ ਕਿ ਉਹ ਆਬਾਦੀ ਦੀ ਨਵੀਂ ਨੀਤੀ ਦੇ ਵਿਰੋਧੀ ਨਹੀਂ ਹਨ। ਨੀਤੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਨੂੰ ਸਭ ’ਤੇ ਬਰਾਬਰ ਢੰਗ ਨਾਲ ਲਾਗੂ ਕੀਤਾ ਜਾਏ। ਜਦੋਂ ਇਹ ਪਾਸ ਹੋ ਜਾਏ ਤਾਂ ਅਨੁਸ਼ਾਸਨ ਭਰੇ ਢੰਗ ਨਾਲ ਹਰ ਵਿਅਕਤੀ ’ਤੇ ਇਸ ਨੂੰ ਲਾਗੂ ਕੀਤਾ ਜਾਏ। ਜੇ ਇੰਝ ਨਹੀਂ ਤਾਂ ਸਿਰਫ਼ ਨੀਤੀਆਂ ਬਣਾਉਣ ਦਾ ਕੋਈ ਲਾਭ ਨਹੀਂ। ਸਾਨੂੰ ਆਬਾਦੀ ’ਤੇ ਕੰਟਰੋਲ ਕਰਨ ਲਈ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਕਿਸੇ ਨੀਤੀ ਦੀ ਲੋੜ ਹੀ ਨਾ ਪਏ। ਸੰਘ ਮੁਖੀ ਨੇ ਆਰਥਿਕ ਨਾਬਰਾਬਰੀ ਦੀ ਚਰਚਾ ਕਰਦਿਆਂ ਕਿਹਾ ਕਿ ਜੋ ਵੀ ਸਹੂਲਤਾਂ ਸਾਨੂੰ ਮਿਲ ਰਹੀਆਂ ਹਨ, ਸਾਡਾ ਯਤਨ ਇਹ ਹੋਣਾ ਚਾਹੀਦਾ ਹੈ ਕਿ ਉਹ ਹਰ ਨਾਗਰਿਕ ਨੂੰ ਮਿਲਣ। ਰਾਸ਼ਟਰੀ ਸਵੈਮਸੇਵਕ ਸੰਘ ਨੇ ਪ੍ਰਭਾਤ ਗ੍ਰਾਮ ਨਾਂ ਦੀ ਇਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਅਧੀਨ ਵੱਖ-ਵੱਖ ਪਿੰਡਾਂ ’ਚ ਤਲਾਬ ਪੁੱਟਣੇ ਅਤੇ ਹੋਰ ਸੋਮੇ ਇਕੱਠੇ ਕਰ ਕੇ ਪਿੰਡਾਂ ਦੇ ਲੋਕਾਂ ਨੂੰ ਸਹੂਲਤਾਂ ਨਾਲ ਭਰਪੂਰ ਬਣਾਉਣਾ ਸਾਡਾ ਨਿਸ਼ਾਨਾ ਹੈ।

Comment here