ਸਿਆਸਤਖਬਰਾਂਦੁਨੀਆ

ਤਾਲਿਬਾਨਾਂ ਨੇ ਤਿੰਨ ਸੂਬਿਆਂ ’ਚ ਮੁੜ ਖੋਲ੍ਹੇ ਕੁੜੀਆਂ ਦੇ ਸਕੂਲ

ਕਾਬੁਲ –ਕੁੜੀਆਂ ਦੀ ਪੜਾਈ ਦੇ ਖਿਲਾਫ ਹੋਣ ਦੇ ਦੋਸ਼ ਝੱਲ ਰਹੇ ਤਾਲਿਬਾਨ ਸ਼ਾਸਕਾਂ ਨੇ ਅਫ਼ਗਾਨਿਸਤਾਨ ਦੇ ਤਿੰਨ ਸੂਬਿਆਂ ’ਚ ਕੁੜੀਆਂ ਦੇ ਸਕੂਲ ਮੁੜ ਖੋਲ ਦਿੱਤੇ ਹਨ। ਜਿਥੇ ਵਿਦਿਆਰਥਣਾਂ ਨੇ ਮੁੜ ਤੋਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਟੋਲੋ ਨਿਊਜ਼ ਮੁਤਾਬਕ ਕੁੰਦੁਜ, ਬਲਖ ਤੇ ਸਰ-ਏ-ਪੁਲ਼ ਸੂਬਿਆਂ ਵਿਚ ਵਿਦਿਆਰਥਣਾਂ ਨੇ ਮੁੜ ਤੋਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਸੂਬਾਈ ਸਿੱਖਿਆ ਵਿਭਾਗ ਦੇ ਮੁਖੀ ਜਲੀਲ ਸਈਅਦ ਖਿਲੀ ਨੇ ਦੱਸਿਆ ਕਿ ਗਰਲਜ਼ ਸਕੂਲ ਖੋਲ੍ਹ ਦਿੱਤੇ ਗਏ ਹਨ ਅਤੇ ਵਿਦਿਆਰਥਣਾਂ ਨੇ ਸਕੂਲ ਆਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਤੇ ਵਿਦਿਆਰਥਣਾਂ ਦੇ ਸਕੂਲ ਅਲੱਗ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਿਦਿਆਰਥਣਾਂ ਦੇ ਸਕੂਲ ਜਾਣ ’ਤੇ ਪਾਬੰਦੀ ਲੱਗ ਗਈ ਸੀ। ਜਲੀਲ ਸਈਅਦ ਖਿਲੀ ਨੇ ਦੱਸਿਆ ਕਿ ਸਕੂਲ ਆਉਣ ਦੀ ਇਜਾਜ਼ਤ ਮਿਲਣ ਨਾਲ ਵਿਦਿਆਰਥਣਾਂ ਕਾਫ਼ੀ ਖ਼ੁਸ਼ ਹਨ। ਬਲਖ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ ਵਿਚ 4,600 ਤੋਂ ਜ਼ਿਆਦਾ ਵਿਦਿਆਰਥੀ ਤੇ 162 ਅਧਿਆਪਕ ਹਨ। ਇੱਥੇ ਇਕ ਵਿਦਿਆਰਥਣ ਸੁਲਤਾਨ ਰਜ਼ੀਆ ਨੇ ਕਿਹਾ, ‘ਸ਼ੁਰੂਆਤ ਵਿਚ ਸਕੂਲ ਵਿਚ ਵਿਦਿਆਰਥਣਾਂ ਦੀ ਗਿਣਤੀ ਘੱਟ ਸੀ ਪਰ ਹੁਣ ਗਿਣਤੀ ਵਧ ਰਹੀ ਹੈ।’ ਸਕੂਲ ਦੀ ਇਕ ਹੋਰ ਵਿਦਿਆਰਥਣ ਤਬਸੁਮ ਨੇ ਕਿਹਾ ਕਿ ਸਿੱਖਿਆ ਸਾਡਾ ਅਧਿਕਾਰ ਹੈ, ਅਸੀਂ ਆਪਣੇ ਦੇਸ਼ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ ਅਤੇ ਕੋਈ ਵੀ ਸਾਡੇ ਕੋਲੋਂ ਸਿੱਖਿਆ ਦਾ ਅਧਿਕਾਰ ਨਹੀਂ ਲੈ ਸਕਦਾ ਹੈ।

Comment here