ਅਪਰਾਧਸਿਆਸਤਖਬਰਾਂਦੁਨੀਆ

ਤਾਲਿਬਾਨਾਂ ਨਾਲ ਜੰਗ ਚ ਵਿੱਦਿਅਕ ਤੇ ਸਿਹਤ ਕੇਂਦਰ ਹੋ ਰਹੇ ਨੇ ਤਬਾਹ

ਕਾਬੁਲ- ਦੇਸ਼ ਦੇ ਵਧ ਤੋਂ ਵਧ ਹਿੱਸੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਤਾਲਿਬਾਨਾਂ ਨੇ ਅਫਗਾਨਿਸਤਾਨ ਵਿੱਚ ਹਮਲੇ ਤੇਜ਼ ਕਰ ਦਿੱਤੇ ਹਨ, ਉਸ ਦਾ ਨਿਸ਼ਾਨਾ ਸਰਕਾਰੀ ਦਫਤਰਾਂ ਦੇ ਨਾਲ ਨਾਲ ਅਵਾਮ ਵਿੱਚ ਦਹਿਸ਼ਤ ਪੈਦਾ ਕਰਨ ਲਈ ਵਧ ਤੋਂ ਵਧ ਖੇਤਰ ਤੇ ਫੈਲਾਅ ਕਰਨਾ ਹੈ। ਇਸ ਦੌਰਾਨ ਹੇਲਮੰਦ ਸੂਬੇ ਦੀ ਸੂਬਾਈ ਪਰੀਸ਼ਦ ਦੇ ਇਕ ਮੈਂਬਰ ਨੇ ਦੱਸਿਆ ਕਿ ਸੂਬੇ ਵਿਚ ਹਵਾਈ ਹਮਲਿਆਂ ਵਿਚ ਇਕ ਹੈਲਥ ਕਲੀਨਿਕ ਅਤੇ ਇਕ ਹਾਈ ਸਕੂਲ ਨੁਕਸਾਨੇ ਗਏ ਹਨ। ਉੱਥੇ ਹੀ ਉੱਤਰੀ ਕੁੰਦੁਜ ਸੂਬੇ ਵਿਚ ਤਾਲਿਬਾਨ ਦੇ ਲੜਾਕੇ ਅੱਗੇ ਵੱਧ ਰਹੇ ਹਨ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਲਸ਼ਕਰਗਾਹ ਸ਼ਹਿਰ ’ਤੇ ਹਵਾਈ ਹਮਲੇ ਕੀਤੇ ਗਏ ਹਨ। ਉਸ ਨੇ ਕਿਹਾ ਕਿ ਸੁਰੱਖਿਆ ਫੋਰਸ ਨੇ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ’ਚ 54 ਲੜਾਕੇ ਮਾਰੇ ਗਏ ਹਨ ਅਤੇ 23 ਹੋਰ ਜ਼ਖਮੀ ਹੋਏ ਹਨ। ਇਸ ਵਿਚ ਕਲੀਨਿਕ ਅਤੇ ਸਕੂਲ ’ਤੇ ਬੰਬਾਰੀ ਕਰਨ ਦਾ ਕੋਈ ਜ਼ਿਕਰ ਨਹੀਂ ਹੈ। ਹੇਲਮੰਦ ਸੂਬਾਈ ਪਰੀਸ਼ਦ ਦੇ ਉੱਪ ਪ੍ਰਧਾਨ ਮਾਜਿਦ ਅਖੂੰਦ ਨੇ ਕਿਹਾ ਕਿ ਸ਼ਨੀਵਾਰ ਦੇਰ ਸ਼ਾਮ 7ਵੇਂ ਪੁਲਸ ਜ਼ਿਲ੍ਹੇ ਵਿਚ ਕੀਤੇ ਗਏ ਹਵਾਈ ਹਮਲੇ ਵਿਚ ਇਕ ਕਲੀਨਿਕ ਅਤੇ ਸਕੂਲ ਬੰਬਾਰੀ ਦੀ ਲਪੇਟ ’ਚ ਆਇਆ ਹੈ। ਹੇਲਮੰਦ ਦੇ ਜਨਤਕ ਸਿਹਤ ਮਹਿਕਮੇ ਦੇ ਅਧਿਕਾਰੀ ਡਾ. ਅਹਿਮਦ ਖਾਨ ਵੇਆਰ ਨੇ ਦੱਸਿਆ ਕਿ ਹੈਲਥ ਕਲੀਨਿਕ ’ਤੇ ਹਵਾਈ ਹਮਲੇ ਵਿਚ ਇਕ ਨਰਸ ਦੀ ਮੌਤ ਹੋ ਗਈ ਅਤੇ ਇਕ ਗਾਰਡ ਜ਼ਖਮੀ ਹੋ ਗਿਆ। ਇਸ ਬਾਰੇ ਤਾਲਿਬਾਨ ਨੇ ਇਕ ਬਿਆਨ ਵਿਚ ਕਿਹਾ ਕਿ ਅਮਰੀਕੀ ਹਮਲਾਵਰਾਂ ਨੇ ਹੇਲਮੰਦ ’ਚ ਇਕ ਹੋਰ ਹਸਪਤਾਲ ਅਤੇ ਸਕੂਲ ’ਤੇ ਬੰਬਾਰੀ ਕਰ ਕੇ ਉਸ ਨੂੰ ਤਬਾਹ ਕਰ ਦਿੱਤਾ।

Comment here