ਸਿਆਸਤਖਬਰਾਂ

ਜ਼ੀਰਾ ਤੋਂ ਸੁਖਬੀਰ ਬਾਦਲ ਨੇ ਸੌ ਦਿਨਾ ਪੰਜਾਬ ਯਾਤਰਾ ਦਾ ਕੀਤਾ ਆਗਾਜ਼

ਕਿਸਾਨਾਂ ਨੇ ਕੀਤਾ ਪਹਿਲੇ ਦਿਨ ਹੀ ਤਿੱਖਾ ਵਿਰੋਧ

ਜ਼ੀਰਾ-ਸ਼਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਦੀ ਸੌ ਦਿਨਾ ਯਾਤਰਾ ਦਾ ਆਗਾਜ਼ ਕੀਤਾ।  ਹਲਕਾ ਜ਼ੀਰਾ ਦੇ ਆਗੂ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਨਮੇਜਾ ਸਿੰਘ ਸੇਖੋਂ ਦੇ ਹੱਕ ‘ਚ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ‘ਚ ਵਰਕਰ ਮੀਟਿੰਗ ਕਰਨ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਜ਼ੀਰਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੀ ਸਰਕਾਰ ਆਉਣ ‘ਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲੈ ਕੇ ਜਾਵਾਂਗੇ। ਬਾਦਲ ਨੇ ਹਲਕੇ ਜ਼ੀਰਾ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਜਿਤਾ ਕੇ ਭੇਜਦੇ ਹਨ ਤਾਂ ਉਨ੍ਹਾਂ ਦਾ ਵਾਅਦਾ ਹੈ ਕਿ ਉਹ ਜਨਮੇਜਾ ਸਿੰਘ ਸੇਖੋਂ ਨੂੰ ਰਾਜ ਮੰਤਰੀ ਅਹੁਦਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸਮੇਤ ਕਈ ਹੋਰ ਮੰਤਰੀ ਘੋਟਾਲਿਆਂ ‘ਚ ਆਉਣ ਵਾਲੇ ਤੇ ਅਕਾਲੀ ਵਰਕਰਾਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਪ੍ਰਸ਼ਾਸ਼ਨ ਤੇ ਕਾਂਗਰਸੀ ਵਿਧਾਇਕਾਂ ਨੂੰ ਜੇਲਾਂ ‘ਚ ਬੰਦ ਕੀਤਾ ਜਾਵੇਗਾ। ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਲਿਆਉਣ ‘ਚ ਸਫ਼ਲ ਹੋਣਗੇ ਤਾਂ ਪਹਿਲ ਦੇ ਆਧਾਰ ‘ਤੇ ਖੇਤਾਂ ਕਾਨੂੰਨਾਂ, ਬਿਜਲੀ ਸੰਕਟ ਨੂੰ ਹਟਾਉਣ ਦਾ ਕੰਮ ਕਰਨਗੇ। ਬੁੇਰੁਜ਼ਗਾਰੀ ਦੂਰ ਕਰ ਦਿੱਤੀ ਜਾਵੇਗੀ ਤੇ ਹਰ ਪਾਸੇ ਖੁਸ਼ਹਾਲੀ ਹੀ ਖੁਸ਼ਹਾਲੀ ਨਜ਼ਰ ਆਵੇਗੀ। ਇਸ ਦੌਰਾਨ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਮੌਕਾ ਦੇਵੋਂਗੇ ਤਾਂ ਬਿਨਾ ਭੇਦਭਾਵ ਹਲਕੇ ਦਾ ਵਿਕਾਸ ਕਰਾਵਾਂਗਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਅਦ ਤੇ ਬਸਪਾ ਵੱਲੋਂ ਸਾਂਝੇ ਤੌਰ ‘ਤੇ ਕ੍ਰਿਪਾਨ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।

ਇੱਥੇ ਕਿਸਾਨਾਂ ਨੇ ਵੀ ਵਿਰੋਧ ਪਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਜੀਰਾ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਕਾਫਲਾ ਫਿਰੋਜ਼ਪੁਰ ਰੋਡ ‘ਤੇ ਨਾਕਾ ਲਾ ਕੇ ਕਾਫਲਾ ਨਹੀਂ ਲੰਘਣ ਦਿੱਤਾ। ਕਾਫਲੇ ਦੇ ਅੱਗੇ ਹੋ ਕੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਿਸ ਕਰਕੇ ਸੁਖਬੀਰ ਬਾਦਲ ਨੂੰ ਰੂਟ ਬਦਲ ਕੇ ਜੀਰਾ ਵਿਚ ਦਾਖਲ ਹੋਣਾ ਪਿਆ। ਬਾਦਲ ਦੇ ਕਾਫਲੇ ਨੇ ਨਾਲ ਚੱਲ ਰਹੇ ਲੋਕਾਂ ਨੂੰ ਕਿਸਾਨਾਂ ਨੇ ਰੱਜ ਕੇ ਲਾਹਨਤਾਂ ਪਾਈਆਂ। ਆਗੂਆਂ ਨੇ ਆਖਿਆ ਜਿਨਾਂ ਚਿਰ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਤੇ ਦਿੱਲੀ ਮੋਰਚੇ ਦੀ ਜਿੱਤ ਨਹੀਂ ਹੁੰਦੀ, ਓਨਾ ਚਿਰ ਵੋਟ ਪਾਰਟੀਆਂ ਦਾ ਵਿਰੋਧ ਹੁੰਦਾ ਰਹੇਗਾ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਤਿੱਖਾ ਹੋਵੇਗਾ।

ਇਸ ਵਿਰੋਧ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਮੇਰਾ ਵਿਰੋਧ ਕਿਸਾਨਾਂ ਨੇ ਨਹੀਂ ਕੀਤਾ, ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਵਰਕਰਾਂ ਨੇ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਬਾਦਲ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਕਾਂਗਰਸੀ ਵਰਕਰਾਂ ਦੇ ਵਿਰੋਧ ਦੀ ਕੋਈ ਪ੍ਰਵਾਹ ਨਹੀਂ ਹੈ ਤੇ ਉਹ ਇਸ ਦਾ ਜਵਾਬ ਦੇਣਾ ਜਾਣਦੇ ਹਨ। ਕਾਂਗਰਸ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਜਿੱਤ ਤੋਂ ਡਰ ਲੱਗਦਾ ਹੈ ਤਾਂ ਹੀ ਉਹ ਇਹ ਵਤੀਰਾ ਕਰ ਰਹੇ ਹਨ ਪਰ ਉਹ ਇਨ੍ਹਾਂ ਦੀਆਂ ਗਿੱਦੜ ਧਮਕੀਆਂ ਤੋਂ ਨਹੀਂ ਡਰਨਗੇ।

Comment here