ਅਜਬ ਗਜਬਖਬਰਾਂ

ਛੋਟੇ ਬੱਚੇ ਦੀ ਚੌਕਸੀ ਨੇ ਰੋਕਿਆ ਵੱਡਾ ਰੇਲ ਹਾਦਸਾ

ਸਿਆਲਦਾ- ਪੱਛਮੀ ਬੰਗਾਲ ਵਿੱਚ ਇਕ ਸੱਤ ਸਾਲ ਦੇ ਬੱਚੇ ਦੀ ਚੌਕਸੀ ਦੇ ਚਲਦਿਆਂ ਵੱਡਾ ਰੇਲ ਹਾਦਸਾ ਟਲ ਗਿਆ। ਮੁਕੰਦਪੁਰ ਦਾ ਵਾਸੀ ਦੀਪ ਨਸਕਰ ਸੋਮਵਾਰ ਦੁਪਹਿਰ ਨੂੰ ਆਪਣੇ ਘਰ ਦੇ ਸਾਹਮਣੇ ਰੇਲਵੇ ਲਾਈਨ ਦੇ ਕਿਨਾਰੇ ਖੇਡ ਰਿਹਾ ਸੀ। ਅਚਾਨਕ ਉਸ ਦੀ ਨਿਗਾਹ ਰੇਲਵੇ ਲਾਈਨ ਦੀ ਦਰਾਰ ‘ਤੇ ਪਈ। ਖਤਰੇ ਨੂੰ ਸਮਝਦੇ ਹੋਏ ਦੀਪ ਤੁਰੰਤ ਘਰ ਵੱਲ ਦੌੜਿਆ ਅਤੇ ਆਪਣੀ ਮਾਂ ਸੋਨਾਲੀ ਨਸਕਰ ਨੂੰ ਇਹ ਗੱਲ ਦੱਸੀ। ਸੋਨਾਲੀ ਨੇ ਬਿਨਾਂ ਦੇਰੀ ਕੀਤੇ ਆਸਪਾਸ ਦੇ ਲੋਕਾਂ ਨੂੰ ਵੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਹ ਸਾਰੇ ਲਾਲ ਕੱਪੜਿਆਂ ਨਾਲ ਰੇਲਵੇ ਲਾਈਨ ‘ਤੇ ਆਏ। ਕੁਝ ਸਮੇਂ ਬਾਅਦ ਸਿਆਲਦਹਿਗਾਮੀ ਕੈਨਿੰਗ ਸਟਾਫ ਸਪੈਸ਼ਲ ਉਥੋਂ ਲੰਘਣ ਵਾਲੀ ਸੀ। ਟ੍ਰੇਨ ਨੂੰ ਆਉਂਦੇ ਵੇਖ ਕੇ, ਉੱਥੇ ਖੜ੍ਹੇ ਸਾਰੇ ਲੋਕ ਆਪਣੀ ਸਮਝ ਦਿਖਾਉਂਦੇ ਹੋਏ ਟਰੇਨ ਨੂੰ ਰੋਕਣ ਲਈ ਆਪਣੇ ਹੱਥਾਂ ਵਿਚ ਲਾਲ ਕੱਪੜੇ ਲੈ ਕੇ ਹਿਲਾਉਣ ਲੱਗੇ। ਟਰੇਨ ਦੇ ਡਰਾਈਵਰ ਨੇ ਲੋਕਾਂ ਨੂੰ ਦੂਰੋਂ ਲਾਲ ਕੱਪੜੇ ਹਿਲਾਉਂਦੇ ਦੇਖਿਆ ਅਤੇ ਟ੍ਰੇਨ ਨੂੰ ਰੋਕ ਦਿੱਤਾ। ਟ੍ਰੇਨ ਦੇ ਰੁਕਣ ਤੋਂ ਬਾਅਦ ਵਿਦਿਆਧਰਪੁਰ ਬੁਕਿੰਗ ਸੁਪਰਵਾਈਜ਼ਰ ਨਾਲ ਸੰਪਰਕ ਕੀਤਾ ਗਿਆ। ਉਥੋਂ ਇੰਜੀਨੀਅਰਿੰਗ ਵਿਭਾਗ ਦੇ ਕਰਮਚਾਰੀ ਪਹੁੰਚੇ ਅਤੇ ਲਾਈਨ ਦੀ ਮੁਰੰਮਤ ਸ਼ੁਰੂ ਕਰ ਦਿੱਤੀ। ਇਸ ਨੂੰ ਠੀਕ ਕਰਨ ਲਈ ਮੁਰੰਮਤ ਦਾ ਕੰਮ 40 ਮਿੰਟ ਤਕ ਚੱਲਿਆ, ਇਸ ਤੋਂ ਬਾਅਦ ਟ੍ਰੇਨ ਨੂੰ ਰਵਾਨਾ ਕੀਤਾ ਗਿਆ।ਸਿਆਲਦਹਿ ਦੇ ਡੀਆਰਐਮ ਐਸਪੀ ਸਿੰਘ ਨੇ ਕਿਹਾ ਕਿ ਬੱਚੇ ਦੇ ਕਾਰਨ ਰੇਲ ਹਾਦਸੇ ਤੋਂ ਬਚ ਗਈ। ਮੈਂ ਰੇਲਵੇ ਸਟਾਫ ਨੂੰ ਬੱਚੇ ਦੇ ਪਰਿਵਾਰ ਨਾਲ ਸੰਪਰਕ ਕਰਨ ਲਈ ਕਿਹਾ ਹੈ। ਉਸ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਸ ਨੂੰ 5,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਬੱਚੇ ਦੇ ਉਤਸ਼ਾਹ ਨੂੰ ਵਧਾਉਣ ਲਈ ਰੇਲਵੇ ਦੁਆਰਾ ਹੋਰ ਵੀ ਕਦਮ ਚੁੱਕੇ ਜਾਣਗੇ। ਦੂਜੀ ਜਮਾਤ ਵਿਚ ਪੜ੍ਹਦੇ ਦੀਪ ਦੀ ਹਰ ਕੋਈ  ਪ੍ਰਸ਼ੰਸਾ ਕਰ ਰਿਹਾ ਹੈ।

Comment here