ਅਪਰਾਧਸਿਆਸਤਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਗੁਰਪਤਵੰਤ ਪੰਨੂੰ ਨੇ ਗਾਇਕਾਂ ਨੂੰ ਧਮਕਾਇਆ, ਭਾਜਪਾ ਆਗੂ ਨੇ ਜਥੇਦਾਰ ਨੂੰ ਨੋਟਿਸ ਲੈਣ ਲਈ ਕਿਹਾ

ਅੰਮ੍ਰਿਤਸਰ-ਗਾਇਕ ਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਖਾਲਿਸਤਾਨੀ ਨੇਤਾ ਅਤੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬੀ ਗਾਇਕਾਂ ਲਈ ਇਕ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਸ ਸੰਦੇਸ਼ ਵਿਚ ਉਹਨਾਂ ਨੇ ਪੰਜਾਬ ਦੀ ਆਜ਼ਾਦੀ ਦਾ ਰਾਗ ਅਲਾਪਿਆ ਹੈ।ਮਤਲਬ ਗਾਇਕਾਂ ਨੂੰ ‘ਖਾਲਿਸਤਾਨੀ ਅੰਦੋਲਨ’ ਦਾ ਸਮਰਥਨ ਕਰਨ ਲਈ ਕਿਹਾ ਹੈ। ਆਪਣੇ ਸੰਦੇਸ਼ ਵਿਚ ਪੰਨੂੰ ਨੇ ਕਿਹਾ ਕਿ ਪੰਜਾਬੀ ਗਾਇਕਾਂ ਨੇ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਸਾਰੇ ਗੀਤ ਗਾਏ ਹਨ ਪਰ ਪੰਜਾਬ ਦੀ ਆਜ਼ਾਦੀ ਬਾਰੇ ਕੋਈ ਗੀਤ ਨਹੀਂ ਗਾਇਆ। ਉਹਨਾਂ ਨੇ ਕੁਝ ਗਾਇਕਾਂ ਜਿਵੇਂ ਕੰਵਰ ਗਰੇਵਾਲ, ਬੱਬੂ ਮਾਨ, ਦਿਲਜੀਤ ਦੋਸਾਂਝ, ਪਰਵੀਸ਼ ਵਰਮਾ ਆਦਿ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਹਨਾਂ ਨੂੰ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਜ਼ਾਦੀ ਦੀ ਅਰਦਾਸ ਕਰਨ ਦੀ ਅਪੀਲ ਕੀਤੀ। ਪੰਨੂੰ ਨੇ ਕਿਹਾ ਕਿ ਅੱਜ ਸਿੱਧੂ ਮੂਸੇਵਾਲਾ ਦਾ ਪੰਜਾਬ ਵਿਚ ਸਿਆਸੀ ਕਤਲ ਹੋਇਆ ਹੈ। ਸਿੱਖਸ ਫੌਰ ਜਸਟਿਸ ਦਾ ਪੰਜਾਬ ਦੇ ਗਾਉਣ ਵਾਲਿਆਂ ਅਤੇ ਗੀਤਕਾਰਾਂ ਨੂੰ ਸੁਨੇਹਾ ਹੈ ਕਿ ਉਹ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ।  ਪੰਨੂੰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਅਦ ਅਗਲੀ ਗੋਲੀ ‘ਤੇ ਕਿਸ ਦਾ ਨਾਮ ਲਿਖਿਆ ਹੈ ਕੋਈ ਨਹੀਂ ਜਾਣਦਾ। ਸਾਡੀ ਅਤੇ ਗੀਤਕਾਰਾਂ ਦੀ ਜ਼ਿੰਦਗੀ ਦਾ ਮੁੱਲ 10 ਰੁਪਏ ਹੈ। ਪੰਨੂੰ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜਾ ਗਾਇਕ ਆਜ਼ਾਦੀ ਲਈ ਖੜ੍ਹੇਗਾ, ਕੌਮ ਉਸ ਨੂੰ ਆਪਣਾ ਹੀਰੋ ਮੰਨੇਗੀ। ਇਸ 6 ਜੂਨ ਨੂੰ ਦਰਬਾਰ ਸਾਹਿਬ ਤੋਂ ਐਲਾਨ ਹੋਵੇਗਾ ਪੰਜਾਬ ਦੀ ਆਜ਼ਾਦੀ ਦੀਆਂ, ਖਾਲਿਸਤਾਨ ਰੈਫੋਰੰਡਮ ਦੀਆਂ ਵੋਟਾਂ ਦਾ। ਆਜ਼ਾਦੀ ਦੇ ਇਸ ਘੋਲ ਵਿਚ ਤੁਹਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।

ਪੰਨੂੰ ਦੀਆਂ ਹਰਕਤਾਂ ਨੂੰ ਨੱਥ ਪਾਓ ਜਥੇਦਾਰ ਜੀ-ਪ੍ਰੋ ਸਰਚਾਂਦ

ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਨਾਮਵਰ ਪੰਜਾਬੀ ਗਾਇਕਾਂ ਨੂੰ ਗੰਨ ਪੁਆਇੰਟ ’ਤੇ ਮੌਤ ਦਾ ਡਰਾਵਾ ਦੇਣ ਅਤੇ ਖਾਲਿਸਤਾਨ ਦੇ ਸਮਰਥਨ ਲਈ ਆਖਣ ਤੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਨੂੰ ਦੇ ਇਸ ਹਰਕਤ ਨੂੰ ਸਿੱਖੀ ਅਸੂਲਾਂ ਨਾਲ ਖਿਲਵਾੜ ਗਰਦਾਨਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਨੂੰ ਵੱਲੋਂ ਸਿੱਖੀ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਠੱਲ੍ਹ ਪਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਜਥੇਦਾਰ ਸਾਹਿਬ ਨੂੰ ਲਿਖੇ ਗਏ ਇਕ ਪੱਤਰ ਵਿਚ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਰੋਜ਼ਾਨਾ ਕੇਸਾਂ ਦੀ ਬੇਅਦਬੀ ਕਰਨ ਵਾਲੇ ਪਤਿਤ ਸਿੱਖ ਤੇ ਐਸਐਫਜੇ ਦੇ ਆਗੂ ਪੰਨੂੰ ਵੱਲੋਂ ਮਰਯਾਦਾ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਕਲ ਨੂੰ ਪਿਰਤ ਬਣ ਜਾਣ ਇਸ ਤੋਂ ਪਹਿਲਾਂ ਸਮਾਂ ਰਹਿੰਦਿਆਂ ਉਸ ਦੀਆਂ ਇਨ੍ਹਾਂ ਹਰਕਤਾਂ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਉਸ ਨੇ ਕਿਹਾ ਕਿ ਅੱਜ ਦੀ ਅਜਿਹੀ ਗ਼ਮਗੀਨ ਸਥਿਤੀ ਵਿਚ ਵੀ ਪੰਨੂ ਦਾ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਘਿਣਾਉਣੀ ਸਿਆਸਤ ਕਰਦਿਆਂ ਲੋਕ ਮਨਾਂ ’ਚ ਖੌਫ ਪੈਦਾ ਕਰਨ ਵਾਲਾ ਇਕ ਬਿਆਨ ਸਾਹਮਣੇ ਆਇਆ ਹੈ। ਉਸ ਵੱਲੋਂ ਇਕ ਵੀਡੀਓ ਸੰਦੇਸ਼ ਰਾਹੀਂ ਪੰਜਾਬੀ ਗਾਇਕਾਂ ਨੂੰ ਧਮਕੀ ਦਿੰਦਿਆਂ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸਿਆਸੀ ਏਜੰਡੇ ਲਈ ਅਰਦਾਸ ਕਰਨ ਦਾ ਹੁਕਮ ਚਾੜ੍ਹਿਆ ਗਿਆ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੀ ਤਰਾਂ ਅੰਜਾਮ ਭੁਗਤਣ ਲਈ ਤਿਆਰ ਰਹਿਣ ਲਈ ਕਹਿਣ ਵਾਲੇ ਪੰਨੂੰ ਨੂੰ ਆੜੇ ਹੱਥੀ ਲੈਂਦਿਆਂ ਪ੍ਰੋ: ਖਿਆਲਾ ਨੇ ਕਿਹਾ ਕਿ ਆਪਣੇ ਆਪ ਨੂੰ ਗੁਰਮਤਿ ਦਾ ਪਾਂਧੀ ਦੱਸਣ ਵਾਲਾ ਪੰਨੂੰ, ਅਸਲ ਵਿਚ ਗੁਰਮਤਿ ਸਿਧਾਂਤ, ਵਿਚਾਰਧਾਰਾ ਅਤੇ ਵਿਰਾਸਤ ਪ੍ਰਤੀ ਪੂਰੀ ਤਰਾਂ ਕੋਰਾ ਹੈ ।  ਪ੍ਰੋ: ਖਿਆਲਾ ਨੇ ਕਿਹਾ ਕਿ ਜੂਨ ਦਾ ਪਹਿਲਾ ਸ਼ਹੀਦੀ ਹਫ਼ਤਾ ਸਿੱਖ ਕੌਮ ਲਈ ਵੈਰਾਗਮਈ ਦਿਹਾੜੇ ਹੋਣ ਕਾਰਨ ਹਰ ਗੁਰਸਿੱਖ ਦੀ ਅੱਖ ਨਮ ਹੁੰਦੀ ਹੈ। ਸ੍ਰੀਮਤੀ ਇੰਦਰਾ ਗਾਂਧੀ ਦੀ ਗ਼ਲਤ ਨੀਤੀਆਂ ਸਦਕਾ ਸ੍ਰੀ ਦਰਬਾਰ ਸਾਹਿਬ ’ਤੇ ਚਾੜ੍ਹੀਆਂ ਗਈਆਂ ਤੋਪਾਂ ਟੈਂਕਾਂ ਦੇ ਹਮਲੇ ਨਾਲ ਪੈਦਾ ਹੋਈ ਸਥਿਤੀ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਨੂੰ ਕਾਇਮ ਰੱਖਣ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ’ਚ ਸ਼ਹੀਦੀਆਂ ਪਾਉਣ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਹਰ ਸਾਲ ਸਮੁੱਚੀ ਸਿੱਖ ਕੌਮ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਿਸ ਸ਼ਾਂਤਮਈ ਤਰੀਕੇ ਨਾਲ ਦਿਹਾੜਾ ਮਨਾਏ ਜਾਣ ਵਰਗਾ ਦੁਨੀਆ ‘ਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਭਾਜਪਾ ਦੇ ਸਿੱਖ ਆਗੂ ਨੇ ਕਿਹਾ ਕਿ ਪੰਨੂੰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਨੂੰ ਧਮਕੀਆਂ ਦੇਣੀਆਂ ਕੋਈ ਨਵੀਂ ਗਲ ਨਹੀਂ ਹੈ। ਪਰ ਕਿਸੇ ਨੂੰ ਵੀ ਸਵੈ ਇੱਛਾ ਵਿਰੁੱਧ ਜਾਂ ਗੰਨ ਪੁਆਇੰਟ ’ਤੇ ਮੌਤ ਦਾ ਡਰਾਵਾ ਦੇ ਕੇ ਧੱਕੇ ਨਾਲ ਆਪਣੇ ਸਵਾਰਥ ਦੀ ਪੂਰਤੀ ਲਈ ਅਰਦਾਸ ਕਰਨ ਲਈ ਮਜਬੂਰ ਕਰਨਾ ਸਿੱਖੀ ਸਿਧਾਂਤਾਂ ਅਤੇ ਮਰਯਾਦਾ ਦੀ ਉਲੰਘਣਾ ਹੈ। ਇਸ ਔਰੰਗੇਜੇਬੀ ਫ਼ਰਮਾਨ ਲਈ ਉਸ ਸਿੱਖੀ ’ਚ ਕੋਈ ਥਾਂ ਨਹੀਂ, ਜਿਸ ਦੀ ਸਿਰਜਣਾ ਹੀ ਧਰਮ ਅਤੇ ਮਜਲੂਮਾਂ ਦੀ ਰੱਖਿਆ ਲਈ ਕੀਤੀ ਗਈ ਹੋਵੇ। ਪੰਨੂੰ ਜਾਂ ਤਾਂ ਸਿੱਖ ਧਰਮ ਵਿਚ ਅਰਦਾਸ ਦੀ ਵੱਡੀ ਮਹਾਨਤਾ ਤੋਂ ਅਣਜਾਣ ਹੈ ਜਾਂ ਫਿਰ ਜਾਣ ਬੁਝ ਕੇ ਸਿੱਖੀ ਅਸੂਲਾਂ ਨਾਲ ਖਿਲਵਾੜ ਕਰ ਰਿਹਾ ਹੈ। ਸਿੱਖ ਆਪਣੀ ਅਰਦਾਸ ਵਿਚ ਇਕ ਮਨ ਇਕ ਚਿੱਤ ਹੋ ਕੇ ਬੜੀ ਫ਼ਰਾਖ਼-ਦਿਲੀ ਨਾਲ ਸਰਬੱਤ ਦਾ ਭਲਾ ਮੰਗਦਾ ਹੈ। ਕਿਸੇ ਵੀ ਗੁਰਸਿੱਖ ਲਈ ਅਰਦਾਸ ਆਮ ਰਸਮ ਜਾਂ ਉਪਚਾਰਕਤਾ ਨਹੀਂ, ਇਹ ਇਕਾਗਰ ਚਿੱਤ ਦੀ ਹੂਕ ਹੈ, ਅਰਜੋਈ ਹੈ, ਇਕ ਸਹਿਜ ਦੀ ਅਵਸਥਾ ਇਕ ਸੂਖਮ ਪਵਿੱਤਰ ਕਰਮ ਹੈ। ਇਕ ਅਕਾਲ ਪੁਰਖ ਅਤੇ ਦਸ ਗੁਰੂ ਸਾਹਿਬਾਨ ਅੱਗੇ ਜੋਦੜੀ ਕਰਨ ਤੋਂ ਇਲਾਵਾ ਉਨ੍ਹਾਂ ਧਰਮੀ ਪੁਰਖਾਂ ਸ਼ਹੀਦਾਂ ਮੁਰੀਦਾਂ ਨੂੰ ਸਿੱਜਦਾ ਕਰਦੇ ਹਾਂ ਜਿਨ੍ਹਾਂ ਨੇ ਅਤੀਤ ਅਤੇ ਵਰਤਮਾਨ ਸਮੇਂ ਧਰਮ ਖ਼ਾਤਰ ਕੁਰਬਾਨੀਆਂ ਕੀਤੀਆਂ ਹਨ। ਜਿੱਥੇ ਦੁਨਿਆਵੀ ਮਨੋਰਥਾਂ ਦੀ ਪ੍ਰਾਪਤੀ ਲਈ ਅਰਦਾਸ ਕਰਨ ਨੂੰ ਵੀ ਮਹਾਨ ਤੇ ਉੱਤਮ ਆਦਰਸ਼ਾਂ ਦੀ ਅਣਦੇਖੀ ਸਮਝੀ ਜਾਂਦੀ ਹੋਵੇ, ਉੱਥੇ ਸਿੱਖੀ ’ਚ ਜਬਰੀ ਅਰਦਾਸ ਕਿਵੇਂ ਪ੍ਰਸੰਗਿਕ ਹੋ ਸਕਦਾ ਹੈ? ਹੋਰਨਾਂ ਗਾਇਕਾਂ ਨੂੰ ਮੌਤ ਦਾ ਡਰਾਵਾ ਦੇ ਕੇ ਖੌਫਜਾਦਾ ਕੀਤਾ ਜਾਣਾ ਵੀ ਸਿੱਖੀ ਅਸੂਲ ਦੇ ਵਿਪਰੀਤ ਹੈ। ਜਾਰੀ ਬਿਆਨ ’ਚ ਉਨ੍ਹਾਂ ਕਿਹਾ ਕਿ ਪੰਨੂੰ ਦੀ ਸਿੱਖ ਫਾਰ ਜਸਟਿਸ ਵੱਲੋਂ ਜਿੰਨੇ ਵੀ ਰੈਫਰੈਡਮ ਕੀਤੇ ਗਏ ਹਨ, ਉਹ ਫਲਾਪ ਰਹੇ ਹਨ। ਇਸ ਵੱਲੋਂ ਹਿਮਾਚਲ ਤੋਂ ਇਲਾਵਾ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਭਾਰਤੀ ਸੰਸਦ ਭਵਨ ਅਤੇ ਗਣਤੰਤਰ ’ਤੇ ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਉਣ ਲਈ ਉਕਸਾਉਂਦਿਆਂ ਅਜਿਹਾ ਕਰਨ ਵਾਲੇ ਨੂੰ ਲੱਖਾਂ ਦੇ ਅਮਰੀਕੀ ਡਾਲਰ ਇਨਾਮ ਦੇਣ ਦੀ ਘੋਸ਼ਣਾ ਵੀ ਕਿਸੇ ਕੰਮ ਨਹੀਂ ਆਇਆ। ਉਸ ਨੇ ਕਿਹਾ ਕਿ ਪੰਨੂੰ ਵੱਲੋਂ ਪਾਕਿਸਤਾਨ ਦੀ ਇੱਛਾ ਮੁਤਾਬਿਕ ਸਿੱਖ ਨੌਜਵਾਨੀ ਨੂੰ ਗੁਮਰਾਹ ਕਰਦਿਆਂ ਪੰਜਾਬ ਵਿਚ ਅਸ਼ਾਂਤੀ ਪੈਦਾ ਕਰਨ ਦੀ ਸਿਆਸੀ ਇੱਛਾ ਕਦੀ ਪੂਰੀ ਨਹੀਂ ਹੋਵੇਗੀ।

 

Comment here