ਸਾਹਿਤਕ ਸੱਥ

ਗ਼ਜ਼ਲ

ਬੜਾ ਖੂੰਖਾਰ ਮੌਸਮ, ਪਰ ਤਬੀਅਤ ਹੋਰ ਹੈ ਸਾਡੀ

ਤਦੇ ਜ਼ਖ਼ਮਾਂ ਦੇ ਸਨਮੁਖ ਵੀ, ਨਿਰਾਲੀ ਤੋਰ ਹੈ ਸਾਡੀ

ਜਦੋਂ ਰੋਂਦਾ ਵੀ ਨੱਚਦਾ ਹੈ ਤਾਂ ਏਦਾਂ ਜਾਪਦਾ ਅਕਸਰ

ਕਿ ਫਿਤਰਤ ਕਰ ਰਿਹਾ ਮੰਚਨ, ਕਲਹਿਰੀ ਮੋਰ ਹੈ ਸਾਡੀ

ਅਸੀਂ ਤਾਂ ਆਦਤਨ ਹੀ ਵੇਖ ਕੇ ਅਣਡਿੱਠ ਕਰਦੇ ਸਾਂ

ਭੁਲੇਖਾ ਖਾ ਲਿਆ ਉਹਨਾਂ, ਨਜ਼ਰ ਕਮਜ਼ੋਰ ਹੈ ਸਾਡੀ

ਹਵਾਵਾਂ ਚੀਰ ਸੁੱਟੇ ਉਹ, ਅਕਾਸ਼ੀਂ ਉੱਡ ਨਾ ਪਾਏ

ਇਸੇ ਵਿਸ਼ਵਾਸ ਵਿੱਚ ਮਰ ਗਏ, ਖ਼ੁਦਾ ਹੱਥ ਡੋਰ ਹੈ ਸਾਡੀ

ਜਦੋਂ ਵੀ ਜਿ਼ੰਦਗੀ ਨੂੰ ਜੀਣ ਜੋਗੀ ਕਰਨ ਲੱਗਦੇ ਹਾਂ

ਉਦੋਂ ਮਕਤਲ ਦੇ ਰਾਹ ਸਾਨੂੰ ਲੈ ਤੁਰਦੀ ਲੋਰ ਹੈ ਸਾਡੀ

ਕਦੀ ਨਾ ਸੋਚਿਆ ਇਸ ਹੇਠ ਬੂਟੇ ਮੌਲਦੇ ਨਾਹੀਂ

ਹੈ ਬਿਰਖਾਂ ਮਾਣ ਹੀ ਕੀਤਾ ਕਿ ਛਾਂ ਘਣਘੋਰ ਹੈ ਸਾਡੀ

-ਕੁਲਵਿੰਦਰ ਖਹਿਰਾ

Comment here