ਖਬਰਾਂਚਲੰਤ ਮਾਮਲੇ

ਗਰਮੀ ਨੇ ਤੋੜੇ 122 ਸਾਲਾਂ ਦੇ ਰਿਕਾਰਡ

ਨਵੀਂ ਦਿੱਲੀ – ਹਾਲ ਦੀ ਘੜੀ ਉੱਤਰ ਪੱਛਮ ਤੇ ਮੱਧ ਭਾਰਤ ’ਚ ਰਹਿਣ ਵਾਲੇ ਲੋਕਾਂ ਨੂੰ ਮਈ ’ਚ ਵੀ ਗਰਮੀ ਤੋਂ ਛੁਟਕਾਰਾ ਨਹੀਂ ਮਿਲਣ ਵਾਲਾ। ਮੌਸਮ ਵਿਭਾਗ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਮਈ ’ਚ ਵੀ ਗਰਮੀ ਦਾ ਸਿਤਮ ਜਾਰੀ ਰਹੇਗਾ। ਮੌਸਮ ਦੇ ਅੰਕੜੇ ਦਰਜ ਕਰਨ ਦੇ 122 ਸਾਲ ਦੇ ਇਤਿਹਾਸ ’ਚ ਅਪ੍ਰੈਲ ਸਭ ਤੋਂ ਗਰਮ ਮਹੀਨਾ ਰਿਹਾ ਹੈ। ਮਈ ਲਈ ਤਾਪਮਾਨ ਤੇ ਬਾਰਿਸ਼ ਨਾਲ ਜੁੜੇ ਅਨੁਮਾਨ ਜਾਰੀ ਕਰਦੇ ਹੋਏ ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੇ ਡਾਇਰੈਕਟਰ ਜਨਰਲ ਮਿ੍ਰਤਿਊਂਜੈ ਮਹਾਪਾਤਰਾ ਨੇ ਕਿਹਾ ਹੈ ਕਿ ਦੱਖਣੀ ਪ੍ਰਾਇਦਵੀਪ ਭਾਰਤ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆ ’ਚ ਮਈ ਦੇ ਮਹੀਨੇ ’ਚ ਰਾਤ ’ਚ ਵੀ ਗਰਮੀ ਮਹਿਸੂਸ ਹੋਵੇਗੀ। ਉਨ੍ਹਾਂ ਕਿਹਾ ਕਿ ਉੱਤਰ ਪੱਛਮ ਤੇ ਮੱਧ ਭਾਰਤ ’ਚ ਇਸ ਸਾਲ ਅਪ੍ਰੈਲ ਪਿਛਲੇ 122 ਸਾਲਾਂ ’ਚ ਸਭ ਤੋਂ ਜ਼ਿਆਦਾ ਗਰਮ ਰਿਹਾ, ਜਿੱਥੇ ਔਸਤ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 35.9 ਡਿਗਰੀ ਸੈਲਸੀਅਸ ਤੇ 37.78 ਡਿਗਰੀ ਸੈਲਸੀਅਸ ਤਕ ਜਾ ਪੁੱਜਾ। ਇਸ ਤੋਂ ਪਹਿਲਾਂ ਉੱਤਰ ਪੱਛਮੀ ਭਾਰਤ ’ਚ ਅਪ੍ਰੈਲ 2010 ’ਚ ਔਸਤ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ, ਜਦਕਿ ਮੱਧ ਭਾਰਤ ’ਚ ਅਪ੍ਰੈਲ 1973 ’ਚ ਔਸਤ ਵੱਧ ਤੋੋਂ ਵੱਧ ਤਾਪਮਾਨ 37.75 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਪ੍ਰੈਲ ਦੌਰਾਨ ਦੇਸ਼ ਭਰ ’ਚ ਔਸਤ ਤਾਪਮਾਨ 35.05 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਸਾਲ 1900 ਦੇ ਬਾਅਦ ਤੋਂ ਚੌਥੀ ਵਾਰੀ ਸਭ ਤੋਂ ਜ਼ਿਆਦਾ ਰਿਹਾ ਹੈ। ਦੱਸਣਯੋਗ ਹੈ ਕਿ 1900 ਤੋਂ ਹੀ ਮੌਸਮ ਦਫ਼ਤਰ ਨੇ ਮੌਸਮ ਦਾ ਡਾਟਾ ਰੱਖਣਾ ਸ਼ੁਰੂ ਕੀਤਾ ਸੀ। ਮਹਾਪਾਤਰਾ ਨੇ ਕਿਹਾ ਕਿ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ, ਪੰਜਾਬ ਤੇ ਹਰਿਆਣਾ ਵਰਗੇ ਉੱਤਰ ਭਾਰਤ ਦੇ ਸੂੁਬਿਆਂ ਨੂੰ ਮਈ ’ਚ ਵੀ ਸਾਧਾਰਨ ਤੋਂ ਜ਼ਿਆਦਾ ਤਾਪਮਾਨ ਦਾ ਸਾਹਮਣਾ ਕਰਨਾ ਪਵੇਗਾ।

ਇਸ ਸਵਾਲ ’ਤੇ ਕਿ ਕੀ ਪਾਰਾ 50 ਡਿਗਰੀ ਸੈਲਸੀਅਸ ਨੂੰ ਵੀ ਪਾਰ ਕਰ ਸਕਦਾ ਹੈ, ਮਹਾਪਾਤਰਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਅਨੁਮਾਨ ਨਹੀਂ ਲਾ ਸਕਦੇ। ਹੋ ਸਕਦਾ ਹੈ ਕਿ ਇਸ ਤਰ੍ਹਾਂ ਸੰਭਵ ਹੋਵੇ, ਕਿਉਂਕਿ ਮਈ ਸਭ ਤੋਂ ਗਰਮ ਮਹੀਨਾ ਹੈ। ਬਾਂਦਾ ’ਚ ਸ਼ਨਿਚਰਵਾਰ ਨੂੰ ਤਾਪਮਾਨ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਹੜਾ ਦੇਸ਼ ’ਚ ਸਭ ਤੋਂ ਜ਼ਿਆਦਾ ਰਿਹਾ। ਮਹਾਪਾਤਰਾ ਨੇ ਕਿਹਾ ਕਿ ਦੇਸ਼ ’ਚ ਇਸ ਸਾਲ ਮਈ ’ਚ ਔਸਤ ਬਾਰਿਸ਼ ਸਾਧਾਰਨ ਤੋਂ ਜ਼ਿਆਦਾ ਰਹਿਮ ਦੀ ਸੰਭਾਵਨਾ ਹੈ। ਨਾਲ ਹੀ ਕਿਹਾ ਕਿ ਮਈ ’ਚ ਉੱਤਰ ਪੱਛਮ ਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਦੇ ਨਾਲ ਨਾਲ ਦੱਖਣ-ਪੂਰਬੀ ਪ੍ਰਾਇਦਵੀਪ ’ਚ ਸਾਧਾਰਨ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Comment here