ਸਿਆਸਤਖਬਰਾਂ

ਖੇਤੀ ਕਨੂੰਨ-ਸੰਸਦ ਦੇ ਅੰਦਰ ਬਾਹਰ ਹੰਗਾਮੇ ਜਾਰੀ, ਕਿਸਾਨ ਧਰਨਿਆਂ ਚ ਤੀਆਂ ਲੱਗਣਗੀਆਂ

ਨਵੀਂ ਦਿੱਲੀ-ਖੇਤੀ ਕਨੂਨਾਂ ਖਿਲਾਫ ਚਲ ਰਹੇ ਅੰਦੋਲਨ ਦੇ ਵੱਖ ਵੱਖ ਰੰਗ ਦਿਸ ਰਹੇ ਹਨ। ਅੰਦੋਲਨ ਚ ਦਿੱਲੀ ਵਾਲੇ ਧਰਨਿਆਂ ਚ ਸ਼ਾਮਲ ਹੋਣ ਲਈ ਜਾਣ ਤੋਂ ਪਹਿਲਾਂ ਕੈਥਲ ਵਿਚ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰ ਸਰਕਾਰ ਲਗਭਗ ਇਕ ਸਾਲ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨਾਲ ਅੱਤਿਆਚਾਰ ਕਰ ਰਹੀ ਹੈ। ਇਸ ਅੰਦੋਲਨ ਵਿਚ ਹੁਣ ਤਕ 600 ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਪਰ ਸਰਕਾਰ ਆਪਣੇ ਰਵੱਈਏ ਤੋਂ ਪਿੱਛੇ ਨਹੀਂ ਹਟ ਰਹੀ । ਕਿਸਾਨ ਹੁਣ ਲੜਾਈ ਦੇ ਮੂਡ ਵਿਚ ਹੈ ਅਤੇ ਇਹ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਤਿੰਨੇ ਕਾਨੂੰਨ ਰੱਦ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਅੰਦੋਲਨ ਦੀ ਅਗਲੀ ਰਣਨੀਤੀ ਸੰਯੁਕਤ ਮੋਰਚੇ ਦੀ ਕਮੇਟੀ ਤੈਅ ਕਰੇਗੀ। ਓਧਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਦਿਤਾ ਗਿਆ ਹੈ ਕਿ ਕਿਸਾਨ ਦੇਸ਼ ਭਰ ‘ਚ 15 ਅਗਸਤ ਦਾ ਦਿਨ ‘ਕਿਸਾਨ-ਮਜ਼ਦੂਰ ਆਜ਼ਾਦੀ ਦਿਵਸ’ ਵਜੋਂ ਮਨਾਉਣਗੇ। ਉਸ ਦਿਨ ਦੇਸ਼ ਭਰ ‘ਚ ਅੰਦੋਲਨਕਾਰੀ ਆਪਣੇ ਵਾਹਨਾਂ ‘ਤੇ ਤਿਰੰਗਾ ਝੰਡਾ ਲਾ ਕੇ ਜ਼ਿਲ੍ਹਾ ਜਾਂ ਤਹਿਸੀਲ ਹੈੱਡਕੁਆਰਟਰਾਂ ਤੱਕ ਮਾਰਚ ਕਰਨਗੇ। ਤਿਰੰਗਾ ਲਹਿਰਾਏ ਜਾਣ ਵਾਲੇ ਕਿਸੇ ਅਧਿਕਾਰਤ ਸਰਕਾਰੀ ਸਮਾਗਮ ਦਾ ਜਾਂ ਤਿਰੰਗਾ ਵਾਲੇ ਕਿਸੇ ਮਾਰਚ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਪਰ ਬੀਜੇਪੀ ਨੇਤਾਵਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਦੂਸਰੀਆਂ ਸਾਰੀਆਂ ਰਾਜਨੀਤਕ ਤੇ ਸਰਕਾਰੀ ਸਰਗਰਮੀਆਂ ਦਾ ਵਿਰੋਧ ਤੇ ਇਨ੍ਹਾਂ ਨੇਤਾਵਾਂ ਦੇ ਘਿਰਾਉ ਦਾ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਉਸ ਦਿਨ ਵੀ ਜਾਰੀ ਰਹੇਗਾ।
10 ਅਗਸਤ ਨੂੰ ਕਿਸਾਨ ਧਰਨਿਆਂ ਚ ਤੀਆਂ ਵੀ ਮਨਾਈਆਂ ਜਾਣਗੀਆਂ। ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨੇ ਅਜ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਬਾਦਲ ਦਲ ਤੇ ਬਸਪਾ ਦਾ ਵੀ ਵਿਰੋਧ ਪਰਦਰਸ਼ਨ ਅੱਜ ਵੀ ਜਾਰੀ ਰਿਹਾ। ਸੰਸਦ ਦੇ ਅੰਦਰ ਖੇਤੀ ਕਨੂੰਨਾਂ ਤੇ ਪੇਗਾਸਸ ਮਾਮਲੇ ਤੇ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਹੈ, ਪਰ ਹੰਗਾਮਿਆਂ ਦਰਮਿਆ ਕੇੰਦਰ ਸਰਕਾਰ 10 ਬਿਲ ਪਾਸ ਕਰਵਾ ਚੁਕੀ ਹੈ।

Comment here